35.1 C
Delhi
Thursday, March 28, 2024
spot_img
spot_img

ਪਾਕਿਸਤਾਨ ਵਿਚ ਹਿੰਦੂ ਤੇ ਸਿੱਖ ਕੁੜੀਆਂ ਦੀ ਮਦਦ ਲਈ ਪਾਕਿਸਤਾਨ ਜਾਵੇਗਾ ਪੰਜਾਬ ਮਹਿਲਾ ਕਮਿਸ਼ਨ ਦਾ ਵਫ਼ਦ: ਮਨੀਸ਼ਾ ਗੁਲਾਟੀ

Punjab Mahila Commission visit Pakistan 2

ਪਟਿਆਲਾ, 25 ਜਨਵਰੀ, 2020 –
ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਅੱਜ ਪਟਿਆਲਾ ਦੀ ਪੁਲਿਸ ਲਾਈਨ ‘ਚ ਬਣੇ ਵੂਮੈਨ ਕਾਊਂਸਲਿੰਗ ਸੈਲ ਦਾ ਦੌਰਾ ਕੀਤਾ ਅਤੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਸਮੇਤ ਜ਼ਿਲ੍ਹਾ ਪੁਲਿਸ ਦੀਆਂ ਮਹਿਲਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਕਮਿਸ਼ਨ ਦੀ ਸੀਨੀਅਰ ਵਾਇਸ ਚੇਅਰਪਰਸਨ ਸ੍ਰੀਮਤੀ ਬਿਮਲਾ ਸ਼ਰਮਾ, ਮੈਂਬਰ ਸ੍ਰੀਮਤੀ ਇੰਦਰਜੀਤ ਕੌਰ ਅਤੇ ਡਿਪਟੀ ਡਾਇਰੈਕਟਰ ਸ੍ਰੀ ਵਿਜੇ ਕੁਮਾਰ ਵੀ ਮੌਜੂਦ ਸਨ।

ਇਸ ਦੌਰਾਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਜਿੱਥੇ ਮਹਿਲਾਵਾਂ ਨੂੰ ਨਿਆਂ ਦਿਵਾਉਣ ਦੇ ਸਬੰਧ ਵਿੱਚ ਪਟਿਆਲਾ ਪੁਲਿਸ ਦੀ ਕਾਰਗੁਜ਼ਾਰੀ ‘ਤੇ ਤਸੱਲੀ ਦਾ ਇਜ਼ਹਾਰ ਕੀਤਾ ਉਥੇ ਹੀ ਐਸ.ਐਸ.ਪੀ. ਸ. ਸਿੱਧੂ ਨੂੰ ਇਹ ਵੀ ਕਿਹਾ ਕਿ ਜਿਹੜੇ ਮਾਮਲੇ ਵੂਮੈਨ ਕਾਊਂਸਲਿੰਗ ਸੈਲ ਤੋਂ ਨਿਪਟਾਏ ਨਹੀਂ ਜਾ ਸਕਦੇ ਅਤੇ ਇਨ੍ਹਾਂ ਵਿੱਚ ਪੁਲਿਸ ਕੇਸ ਦਰਜ ਕਰਨ ਜਾਂ ਤਲਾਕ ਦੀ ਨੌਬਤ ਆ ਜਾਂਦੀ ਹੋਵੇ, ਅਜਿਹੇ ਮਾਮਲਿਆਂ ਨੂੰ ਪੰਜਾਬ ਰਾਜ ਮਹਿਲਾ ਕਮਿਸ਼ਨ ਕੋਲ ਕਾਊਂਸਲਿੰਗ ਲਈ ਭੇਜ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕਮਿਸ਼ਨ ਵੱਲੋਂ ਪੰਜਾਬ ਭਰ ਦੇ ਵੂਮੈਨ ਕਾਊਂਸਲਿੰਗ ਸੈਲਾਂ ਦਾ ਨਿਰੀਖਣ ਕੀਤਾ ਜਾਵੇਗਾ।

ਚੇਅਰਪਰਸਨ ਨੇ ਦੱਸਿਆ ਕਿ ਕਮਿਸ਼ਨ ਨੇ 1 ਸਾਲ ਵਿੱਚ ਅਜਿਹੇ 35 ਮਾਮਲਿਆਂ ਦਾ ਹੱਲ ਕਰਕੇ ਘਰ ਵਸਾਏ ਹਨ ਅਤੇ ਅਦਾਲਤ ਵਿੱਚ ਤਲਾਕ ਦੇ ਚੱਲਦੇ 10 ਮਾਮਲੇ ਵੱਖਰੇ ਹੱਲ ਕੀਤੇ ਹਨ। ਇਸ ਤੋਂ ਬਿਨ੍ਹਾਂ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ 5 ਬੱਚੇ ਵੀ ਮਾਵਾਂ ਨੂੰ ਦਿਵਾਏ ਹਨ ਅਤੇ ਅਜਿਹੇ ਮਾਮਲਿਆਂ ‘ਤੇ ਕਮਿਸ਼ਨ ਇੱਕ ਡਾਕੂਮੈਂਟਰੀ ਵੀ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਨਾਲ ਜਿਆਦਤੀ ਵੀ ਨਹੀਂ ਹੋਣੀ ਚਾਹੀਦੀ ਅਤੇ ਝੂਠੇ ਮਾਮਲਿਆਂ ਕਰਕੇ ਕਿਸੇ ਦਾ ਘਰ ਬਰਬਾਦ ਨਹੀਂ ਹੋਣਾ ਚਾਹੀਦਾ।

ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਮਿਸ਼ਨ ਵੱਲੋਂ ਪਾਕਿਸਤਾਨ ਸਥਿਤ ਪੰਜਾਬੀ, ਖਾਸ ਕਰਕੇ ਸਿੱਖ ਕੁੜੀਆਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਨੇੜਿਓਂ ਜਾਨਣ ਲਈ ਕਮਿਸ਼ਨ ਦਾ ਵਫ਼ਦ ਪਾਕਿਸਤਾਨ ਜਾਣ ਲਈ ਗ੍ਰਹਿ ਵਿਭਾਗ ਦੇ ਇੰਚਾਰਜ ਮੰਤਰੀ ਵਜੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੋਂ ਆਗਿਆ ਲਵੇਗਾ।

ਇਸ ਤੋਂ ਬਿਨ੍ਹਾਂ ਐਨ.ਆਰ.ਆਈ. ਲਾੜਿਆਂ ਦੀਆਂ ਸਤਾਈਆਂ ਪੰਜਾਬਣ ਮੁਟਿਆਰਾਂ ਨੂੰ ਨਿਆਂ ਦਿਵਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਕਾਨੂੰਨ ‘ਚ ਤਬਦੀਲੀ ਲਿਆਉਣ ਲਈ ਪ੍ਰਧਾਨ ਮੰਤਰੀ ਨੂੰ ਵੀ ਮਿਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਜ਼ਿਆਦਾ ਮਾਮਲੇ ਘਰੇਲੂ ਹਿੰਸਾ, ਬਲਾਤਕਾਰ ਤੇ ਕੰਮ ਦੇ ਸਥਾਨ ‘ਤੇ ਛੇੜਛਾੜ ਦੇ ਆਉਂਦੇ ਹਨ।

ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਐਨ.ਆਰ.ਆਈ. ਲਾੜਿਆਂ ਦੀ ਸਮੱਸਿਆ ਦੇ ਹੱਲ ਲਈ ਉਹ ਕੈਨੇਡਾ ਅਤੇ ਅਸਟ੍ਰੇਲੀਆ ਸਮੇਤ ਹੋਰ ਮੁਲਕਾਂ ਦੇ ਵਿਦੇਸ਼ ਵਿਭਾਗਾਂ ਨਾਲ ਸੰਪਰਕ ਸਾਧਣ ਸਮੇਤ ਹਾਈ ਕਮਿਸ਼ਨਜ ਨਾਲ ਤਾਲਮੇਲ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਐਨ.ਆਰ.ਆਈ. ਲਾੜਿਆਂ ਦੀਆਂ ਸਤਾਈਆਂ ਪੰਜਾਬਣਾਂ ਦੀ ਸਮੱਸਿਆ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਹੈ, ਜਿਸ ਲਈ ਕਮਿਸ਼ਨ ਵਲੋਂ ਵਿਆਹ ਕਰਵਾਉਣ ਵਾਲੀਆਂ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ ਤਾਂ ਕਿ ਵਿਆਹ ਦੀਆਂ ਧਾਰਮਿਕ ਰਸਮਾਂ ਤੋਂ ਪਹਿਲਾਂ ਹੀ ਲਾੜੇ ਦੇ ਦੇਸ਼ ਦਾ ਸੋਸ਼ਲ ਸਕਿਉਰਟੀ ਨੰਬਰ ਦੀ ਕਾਪੀ ਸਮੇਤ ਪੂਰੇ ਦਸਤਾਵੇਜ ਲੈ ਕੇ ਰੱਖੇ ਜਾਣ ਤਾਂ ਕਿ ਬਾਅਦ ‘ਚ ਭੱਜਣ ਦੀ ਸੂਰਤ ‘ਚ ਉਨ੍ਹਾਂ ਨੂੰ ਲੱਭਣਾ ਆਸਾਨ ਰਹੇ।

ਅਜਿਹੇ ਮਾਮਲਿਆਂ ‘ਚ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਸਥਾਨਕ ਪੁਲਿਸ ਦੀ ਭੂਮਿਕਾ ਅਹਿਮ ਦੱਸਦਿਆਂ ਕਿਹਾ ਕਿ ਪੁਲਿਸ ਨੂੰ ਬਿਨਾ ਕਿਸੇ ਦਬਾਅ ਦੇ ਲਾੜਿਆਂ ਦੇ ਭੱਜਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਕਾਬੂ ਕਰਨ ਲਈ ਆਪਣੀ ਸਰਗਰਮੀ ਦਿਖਾਉਣੀ ਚਾਹੀਦੀ ਹੈ। ਇਸ ਤੋਂ ਬਿਨ੍ਹਾਂ ਪਿੰਡਾਂ ਦੇ ਸਰਪੰਚਾਂ ਤੇ ਸ਼ਹਿਰੀ ਕੌਂਸਲਰਾਂ ਸਮੇਤ ਸਮਾਜ ਸੇਵੀ ਜਥੇਬੰਦੀਆਂ ਨੂੰ ਵੀ ਆਪਣੀ ਭੂਮਿਕਾ ਨਿਭਾਉਣ ਦੀ ਲੋੜ ਹੈ।

ਇਸ ਮੌਕੇ ਮਹਿਲਾ ਡੀ.ਐਸ.ਪੀ. ਹਰਬੰਤ ਕੌਰ ਨੇ ਪਟਿਆਲਾ ਵੂਮੈਨ ਕਾਊਂਸਲਿੰਗ ਸੈਲ ਦੀ ਕਾਰਗੁਜ਼ਾਰੀ ਬਾਰੇ ਦੱਸਿਆ ਕਿ ਉਨ੍ਹਾਂ ਨੇ 1000 ਵਿੱਚੋਂ 845 ਮਾਮਲੇ ਹੱਲ ਕਰ ਦਿੱਤੇ ਹਨ। ਇਸ ਮੌਕੇ ਇੱਕ ਜੋੜੀ ਸੁਖਵਿੰਦਰ ਸਿੰਘ ਤੇ ਬਲਜਿੰਦਰ ਕੌਰ, ਜਿਨ੍ਹਾਂ ਦਾ ਮਾਮਲਾ ਹੱਲ ਕਰਵਾ ਕੇ ਘਰ ਵਸਾਇਆ ਗਿਆ ਹੈ ਨੇ ਪਟਿਆਲਾ ਪੁਲਿਸ ਦੀ ਤਾਰੀਫ਼ ਕੀਤੀ।

ਚੇਅਰਪਰਸਨ ਨੇ ਇਹ ਵੀ ਕਿਹਾ ਕਿ ਘਰੇਲੂ ਹਿੰਸਾ ਤੋਂ ਪੀੜਤ ਮਹਿਲਾਵਾਂ ਜੋ ਮਹਿਲਾ ਕਮਿਸ਼ਨ ਦੀ ਪਹੁੰਚ ਤੋਂ ਦੂਰ ਹਨ, ਨੂੰ ਨਿਆਂ ਦਿਵਾਉਣ ਲਈ ਕਮਿਸ਼ਨ ਸਦਾ ਤਤਪਰ ਹੈ। ਇਸ ਮੌਕੇ ਵੂਮੈਨ ਕਾਊਂਸਲਿੰਗ ਸੈਲ ਦੇ ਮੈਬਰ ਸ੍ਰੀਮਤੀ ਗੁਰਮੀਤ ਕੌਰ, ਸ੍ਰੀ ਅਸ਼ੋਕ ਰੌਣੀ, ਸ੍ਰੀਮਤੀ ਚੰਨੀ ਵਾਲੀਆ, ਸ੍ਰੀਮਤੀ ਰੇਸ਼ਮ ਬਿੰਦਰਾ ਸਮੇਤ ਐਸ.ਪੀ. ਸਥਾਨਕ ਸ. ਨਵਨੀਤ ਸਿੰਘ ਬੈਂਸ, ਡੀ.ਐਸ.ਪੀ. ਹਰਬੰਤ ਕੌਰ, ਐਸ.ਆਈ. ਰਣਜੀਤਪਾਲ ਕੌਰ ਸਮੇਤ ਮਹਿਲਾ ਕਾਂਗਰਸ ਦੀ ਸ਼ਹਿਰੀ ਪ੍ਰਧਾਨ ਸ੍ਰੀਮਤੀ ਕਿਰਨ ਢਿੱਲੋਂ, ਪੁਲਿਸ ਦੀਆਂ ਮਹਿਲਾ ਅਧਿਕਾਰੀ ਮੌਜੂਦ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION