ਯੈੱਸ ਪੰਜਾਬ
ਜਲੰਧਰ 6 ਮਾਰਚ, 2021:
‘ਅਜੀਤ ਪ੍ਰਕਾਸ਼ਨ ਸਮੂਹ’ ਨਾਲ ਲੰਬੇ ਸਮੇਂ ਤੋਂ ਜੁੜੇ ਸੀਨੀਅਰ ਪੱਤਰਕਾਰ ਸ: ਮੇਜਰ ਸਿੰਘ ਦਾ ਸਨਿਚਰਵਾਰ ਸਵੇਰੇ ਦਿਹਾਂਤ ਹੋ ਗਿਆ।
68 ਸਾਲਾਂ ਦੇ ਸ: ਮੇਜਰ ਸਿੰਘ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਨਾਸਾਜ਼ ਚੱਲ ਰਹੀ ਸੀ ਅਤੇ ਉਹ ਇਲਾਜ ਲਈ ਇਕ ਸਥਾਨਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਸਨ। ਉਨ੍ਹਾਂ ਅੱਜ ਸਵੇਰੇ ਲਗਪਗ 6.30 ਵਜੇ ਆਖ਼ਰੀ ਸਾਹ ਲਏ।
ਪਰਿਵਾਰਕ ਸੂਤਰਾਂ ਅਨੁਸਾਰ ਉਨ੍ਹਾਂ ਨੂੰ ਲੰਘੇ ਦਿਨੀਂ ਦਿਲ ਦਾ ਦੌਰਾ ਪਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਅੱਜ ਸਵੇਰੇ ਉਨ੍ਹਾਂ ਨੂੰ ਇਕ ਹੋਰ ‘ਅਟੈਕ’ ਆਇਆ ਤੇ ਉਨ੍ਹਾਂ ਪ੍ਰਾਣ ਤਿਆਗ ਦਿੱਤੇ।
ਉਹ ਜਲੰਧਰ ਸਥਿਤ ਪੰਜਾਬ ਪ੍ਰੈਸ ਦੇ ਜਨਰਲ ਸਕੱਤਰ ਸਨ। ਇਸ ਤੋਂ ਪਹਿਲਾਂ ਉਹ ਪੰਜਾਬ ਪ੍ਰੈਸ ਕਲੱਬ ਦੇ ਪ੍ਰਧਾਨ ਵੀ ਰਹੇ। ਉਹ ਕੁਝ ਸਮਾਂ ‘ਆਮ ਆਦਮੀ ਪਾਰਟੀ’ ਨਾਲ ਜੁੜੇ ਰਹੇ।
ਸ: ਮੇਜਰ ਸਿੰਘ ਆਪਣੇ ਪਿੱਛੇ ਆਪਣੀ ਧਰਮਪਤਨੀ ਅਤੇ ਦੋ ਬੇਟੇ ਛੱਡ ਗਏ ਹਨ।
ਉਨ੍ਹਾਂ ਦੇ ਬੇਵਕਤ ਚਲਾਣੇ ’ਤੇ ਸਮੁੱਚੇ ਪੱਤਰਕਾਰ ਭਾਈਚਾਰੇ ਨੂੰ ਗਹਿਰਾ ਸਦਮਾ ਪੁੱਜਾ ਹੈ। ਸੋਗ ਵਜੋਂ ਅੱਜ ਪੰਜਾਬ ਪ੍ਰੈਸ ਕਲੱਬ ਬੰਦ ਰਹੇਗਾ।