ਨਵਾਂਸ਼ਹਿਰ, 24 ਜਨਵਰੀ, 2020 –
ਪੰਜਾਬੀ ਗਾਇਕ ਸਿੱਪੀ ਗਿੱਲ ਖ਼ਿਲਾਫ਼ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗਾਣੇ ਗਾਉਣ ਦੇ ਦੋਸ਼ ਲਗਾ ਕੇ ਪੁਲਸ ਨੂੰ ਸ਼ਿਕਾਇਤ ਕੀਤੀ ਗਈ ਹੈ।ਮਿਸ਼ਨ 6213 ਮੁਹਿੰਮ ਵਲੋਂ ਇਹ ਸ਼ਿਕਾਇਤ ਆਰ.ਟੀ.ਆਈ. ਕਾਰਕੁੰਨ ਪਰਵਿੰਦਰ ਸਿੰਘ ਕਿੱਤਣਾ ਨੇ ਨਵਾਂਸ਼ਹਿਰ ਪੁਲਸ ਨੂੰ ਦਿੱਤੀ ਹੈ ਜਿਸਨੇ ਪਹਿਲਾਂ ਵੀ ਬਾਲੀਵੁੱਡ ਗਾਇਕ ਹਨੀ ਸਿੰਘ ‘ਤੇ ਮੁਕੱਦਮਾ ਦਰਜ ਕਰਵਾਇਆ ਸੀ।ਸ਼ਿਕਾਇਤ ਦਾ ਅਧਾਰ ਸਿੱਪੀ ਗਿੱਲ ਦੇ ਨਵੇਂ ਆਏ ਗੀਤ ਨੂੰ ਬਣਾਇਆ ਗਿਆ ਹੈ ਜਿਸ ਵਿਚ ਬੋਲ ਹਨ, “ਸਾਡੇ ਮੂੰਹਾਂ ‘ਤੇ ਰੁਮਾਲ, ਮੋਢਿਆਂ ‘ਤੇ ਸੰਤਾਲੀਆਂ, ਵੈਰੀਆਂ ਦੀ ਹਿੱਕ ਚੜ੍ਹ ਖੇਡਦੇ ਦੀਵਾਲੀਆਂ…….ਗੁੰਡਾਗਰਦੀ ‘ਚ ਫੇਮ ਖੱਟ ਹੋ ਗਿਆ ਜੀ”।
ਸ਼ਿਕਾਇਤ ਅਨੁਸਾਰ ਇਹ ਸਤਰਾਂ ਗਾਉਣ ਸਮੇਂ ਗਾਇਕ ਵਲੋਂ ਹਥਿਆਰਾਂ ਦਾ ਗੈਰ ਜ਼ਰੂਰੀ ਪ੍ਰਦਰਸ਼ਨ ਵੀ ਕੀਤਾ ਗਿਆ ਹੈ ਤੇ ਹਿੰਸਾ ਕਰਨ ਨੂੰ ਆਪਣੀ ਖੂਬੀ ਦੱਸਿਆ ਗਿਆ ਹੈ ।ਅਜਿਹਾ ਕਰਨਾ ਹਥਿਆਰਾਂ ਦੀ ਨਜਾਇਜ਼ ਵਰਤੋਂ ਕਰਨ ਨੂੰ ਉਤਸ਼ਾਹ ਦੇਣ ਦੇ ਤੁਲ ਹੈ।ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ਇਸ ਗਾਇਕ ਨੇ ਕਈ ਗੀਤ ਅਜਿਹੇ ਗਾਏ ਹਨ ਜਿਹੜੇ ਕਿ ਇਤਰਾਜ਼ਯੋਗ, ਔਰਤਾਂ ਦੀ ਸ਼ਾਨ ਦੇ ਖਿਲਾਫ ਹਨ ਅਤੇ ਨਸ਼ਿਆਂ ਤੇ ਹਥਿਆਰਾਂ ਆਦਿ ਨੂੰ ਉਤਸ਼ਾਹਿਤ ਕਰਦੇ ਹਨ।
ਇਸ ਗਾਇਕ ਵਲੋਂ ਗਾਏ ਇੱਕ ਹੋਰ ਗੀਤ ਦੇ ਬੋਲ ਹਨ, “ਕੁੜੀ ਏੇਂ ਤੂੰ ਅਫੀਮ ਅਫਗਾਨੀ ਵਰਗੀ ਨੀਂ ਤੇਰਾ ਚਸਕਾ ਪੈ ਗਿਆ ਜੱਟ ਨੂੰ …..”।ਇਸ ਗੀਤ ਬਾਰੇ ਮਿਤੀ 29 ਮਾਰਚ 2018 ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸ.ਐਸ.ਪੀ. ਅਤੇ ਐਸ.ਐਚ.ਓ. ਥਾਣਾ ਸਿਟੀ ਨਵਾਂਸ਼ਹਿਰ ਨੂੰ ਦਰਖਾਸਤ ਦੇ ਕੇ ਇਸ ‘ਤੇ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਸੀ।ਲੇਕਿਨ ਪੁਲਸ ਵਲੋਂ ਮੁਕੱਦਮਾ ਦਰਜ ਨਹੀਂ ਕੀਤਾ ਗਿਆ ਸੀ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਸਿੱਪੀ ਗਿੱਲ ‘ਤੇ ਐਫ.ਆਈ.ਆਰ. ਦਰਜ ਕਰਕੇ ਉਸਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਣਾ ਬਣਦਾ ਹੈ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਮਾਨਯੋਗ ਹਾਈਕੋਰਟ ਵਲੋਂ ਜਾਰੀ ਹਿਦਾਇਤਾਂ ਦੀ ਉਲੰਘਣਾ ਕਰਨ ਕਰਕੇ ਅਦਾਲਤ ਦੀ ਮਾਣਹਾਨੀ ਦੀ ਜ਼ਿੰਮੇਵਾਰੀ ਸਮਰੱਥ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹੋਵੇਗੀ।
ਇੱਥੇ ਦੱਸਣਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਹਰਿਆਣਾ ਦੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਡਾਇਰੈਕਟਰ ਜਨਰਲ ਆਫ ਪੁਲਸ ਨੂੰ ਹਿਦਾਇਤ ਕੀਤੀ ਹੋਈ ਹੈ ਕਿ ਉਹ ਯਕੀਨੀ ਬਣਾਉਣ ਕਿ ਸ਼ਰਾਬ, ਨਸ਼ੇ ਤੇ ਹਿੰਸਾ ਆਦਿ ਨੂੰ ਉਭਾਰਨ ਵਾਲੇ ਗੀਤ ਨਾ ਚੱਲਣ ਤੇ ਨਾ ਹੀ ਲਾਈਵ ਪ੍ਰੋਗਰਾਮਾਂ ਵਿਚ ਗਾਏ ਜਾਣ।
ਹਰ ਜ਼ਿਲ੍ਹੇ ਦੇ ਜ਼ਿਲ੍ਹਾ ਮੈਜਿਸਟ੍ਰੇਟ/ਐਸ.ਐਸ.ਪੀ. ਇਹਨਾਂ ਹਿਦਾਇਤਾਂ ਤੇ ਅਮਲ ਕਰਵਾਉਣ ਲਈ ਨਿੱਜੀ ਤੌਰ ‘ਤੇ ਜ਼ਿੰਮੇਵਾਰ ਹੋਣਗੇ।ਪਰਵਿੰਦਰ ਸਿੰਘ ਕਿੱਤਣਾ ਨੇ ਨਵਾਂਸ਼ਹਿਰ ਪੁਲਸ ਨੂੰ ਸੁਪਰੀਮ ਕੋਰਟ ਵਲੋਂ ਜਾਰੀ ਉਹਨਾਂ ਹਿਦਾਇਤਾਂ ਦਾ ਹਵਾਲਾ ਵੀ ਦਿੱਤਾ ਗਿਆ ਹੈ ਜਿਹਨਾਂ ਤਹਿਤ ਪੁਲਸ ਦੁਆਰਾ ਹੱਥ ਪਾਉਣਯੋਗ ਜੁਰਮ ਵਿਚ ਪਰਚਾ ਦਰਜ ਕਰਨਾ ਜ਼ਰੂਰੀ ਕਰਾਰ ਦਿੱਤਾ ਗਿਆ। ਡਿਪਟੀ ਕਮਿਸ਼ਨਰ ਵਲੋਂ ਦਫਾ 144 ਦੇ ਹੁਕਮਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਇੱਥੇ ਦੱਸਣਯੋਗ ਹੈ ਕਿ ਪਰਵਿੰਦਰ ਸਿੰਘ ਕਿੱਤਣਾ ਨੇ ‘ਹੈਲਪ’ ਸੰਸਥਾ ਵਲੋਂ 2013 ਵਿਚ ਪੰੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਇਕ ਜਨਹਿਤ ਪਟੀਸ਼ਨ ਦਾਇਰ ਕਰਕੇ ਅਸ਼ਲੀਲ ਗਾਣੇ ਰੋਕਣ ਲਈ ਉਚਿਤ ਪ੍ਰਬੰਧ ਕੀਤੇ ਜਾਣ ਦੀ ਮੰਗ ਕੀਤੀ ਸੀ ਜਿਸਦੇ ਚੱਲਦਿਆਂ ਬਾਲੀਵੁੱਡ ਗਾਇਕ ਹਨੀ ਸਿੰਘ ‘ਤੇ ਮੁਕੱਦਮਾ ਦਰਜ ਹੋਇਆ ਸੀ।ਹਨੀ ਸਿੰਘ ਵਲੋਂ ਪਰਚਾ ਰੱਦ ਕਰਵਾਉਣ ਲਈ ਲਗਾਇਆ ਕੇਸ ਹਾਲੇ ਵੀ ਹਾਈਕੋਰਟ ਵਿਚ ਚੱਲ ਰਿਹਾ ਹੈ।