ਸਰਕਾਰ ਵੱਲੋਂ ਚੰਨੀ ਨੇ 550ਵੇਂ ਪ੍ਰਕਾਸ਼ ਪੁਰਬ ਸਮਾਗਮ ਸੰਬੰਧੀ ਤਾਲਮੇਲ ਕਮੇਟੀ ਦੀ ਮੀਟਿੰਗ ’ਚ ਸ਼ਮੂਲੀਅਤ ਕੀਤੀ

ਅੰਮ੍ਰਿਤਸਰ, 4 ਅਕਤੂਬਰ, 2019 –
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਏ ਆਦੇਸ਼ ਅਨੁਸਾਰ ਗਠਿਤ ਤਾਲਮੇਲ ਕਮੇਟੀ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਹੋਈ ਇਕੱਤਰਤਾ ਪ੍ਰਕਾਸ਼ ਪੁਰਬ ਸਮਾਗਮ ਸਾਂਝੇ ਤੌਰ ’ਤੇ ਮਨਾਉਣ ਦੀ ਆਸ ਨਾਲ ਸੰਪੰਨ ਹੋਈ।

ਇਸ ਬੈਠਕ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਜਥੇਦਾਰ ਤੋਤਾ ਸਿੰਘ, ਬੀਬੀ ਜਗੀਰ ਕੌਰ, ਪੰਜਾਬ ਦੇ ਕੈਬਨਿਟ ਮੰਤਰੀ ਸ. ਚਰਨਜੀਤ ਸਿੰਘ ਚੰਨੀ, ਬਾਬਾ ਨੌਰੰਗ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਸ਼ਾਮਲ ਸਨ।

ਮੀਟਿੰਗ ਦੌਰਾਨ ਹਾਜ਼ਰ ਨੁਮਾਇੰਦਿਆਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲੇ ਮੁੱਖ ਸਮਾਗਮ ਸਮੁੱਚੀ ਕੌਮ ਵੱਲੋਂ ਸਾਂਝੇ ਤੌਰ ਮਨਾਏ ਜਾਣੇ ਚਾਹੀਦੇ ਹਨ। ਇਸ ਸਬੰਧੀ ਇਕ ਸਾਂਝੀ ਰਾਏ ਬਣਾਉਣ ਦੀ ਜ਼ਰੂਰਤ ਹੈ, ਤਾਂ ਜੋ ਕੌਮ ਅੰਦਰ ਇਕ ਚੰਗਾ ਸੰਦੇਸ਼ ਜਾ ਸਕੇ। ਇਕੱਤਰਤਾ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਮੀਟਿੰਗ ਇਕ ਚੰਗੇ ਮਾਹੌਲ ਵਿਚ ਹੋਈ ਹੈ ਅਤੇ ਆਸ ਹੈ ਕਿ ਇਸ ਦੇ ਨਤੀਜੇ ਵੀ ਚੰਗੇ ਨਿਕਲਣਗੇ।

ਉਨ੍ਹਾਂ ਕਿਹਾ ਕਿ ਇਕੱਤਰਤਾ ਦੌਰਾਨ ਉਸਾਰੂ ਵਿਚਾਰ ਸਾਹਮਣੇ ਆਏ ਹਨ, ਜਿਨ੍ਹਾਂ ਅਨੁਸਾਰ ਅੱਗੇ ਚੱਲਿਆ ਜਾਵੇਗਾ। ਭਾਈ ਲੌਂਗੋਵਾਲ ਨੇ ਇਹ ਭਾਵਨਾ ਪ੍ਰਗਟਾਈ ਕਿ ਗੁਰੂ ਨਾਨਕ ਸਾਹਿਬ ਸਭ ਦੇ ਸਾਂਝੇ ਹਨ, ਉਨ੍ਹਾਂ ਦੇ ਉਪਦੇਸ਼ ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਹਨ ਅਤੇ ਉਨ੍ਹਾਂ ਦੇ ਇਤਿਹਾਸਕ ਦਿਹਾੜੇ ਮੌਕੇ ਹੋਣ ਵਾਲੇ ਸਮਾਗਮ ਵੀ ਗੁਰੂ ਸਾਹਿਬ ਦੀ ਵਿਚਾਰਧਾਰਾ ਅਨੁਸਾਰ ਸਾਂਝੇ ਤੌਰ ’ਤੇ ਮਨਾਏ ਜਾਣੇ ਚਾਹੀਦੇ ਹਨ।

ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ 550ਵਾਂ ਪ੍ਰਕਾਸ਼ ਪੁਰਬ ਇਕ ਇਤਿਹਾਸਕ ਮੌਕਾ ਹੈ, ਜਿਸ ਨੂੰ ਸਾਂਝੇ ਤੌਰ ’ਤੇ ਮਨਾਉਣ ਲਈ ਚੰਗੀ ਭਾਵਨਾ ਨਾਲ ਅੱਗੇ ਵਧਿਆ ਜਾਵੇਗਾ। ਇਸ ਸਬੰਧੀ ਅਗਲੇ ਦਿਨਾਂ ਵਿਚ ਸਾਰਾ ਕੁਝ ਸਪੱਸ਼ਟ ਹੋ ਜਾਵੇਗਾ। ਇਸੇ ਦੌਰਾਨ ਸ. ਚਰਨਜੀਤ ਸਿੰਘ ਚੰਨੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਰਪਾਓ ਅਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

Share News / Article

Yes Punjab - TOP STORIES