36.7 C
Delhi
Thursday, April 18, 2024
spot_img
spot_img

Buta Singh Chauhan ਦਾ ਚੌਥਾ ਗਜ਼ਲ ਸੰਗ੍ਰਹਿ ‘Khushboo Da Kunba’ ਲੋਕ ਅਰਪਨ

ਯੈੱਸ ਪੰਜਾਬ
ਲੁਧਿਆਣਾ, 18 ਫਰਵਰੀ, 2021 (ਰਾਜਕੁਮਾਰ ਸ਼ਰਮਾ)
ਪੰਜਾਬੀ ਲੇਖਕ ਸਭਾ ਦੀ ਇਕੱਤਰਤਾ ਵਿੱਚ ਅੱਜ ਬਰਨਾਲਾ ਵੱਸਦੇ ਪੰਜਾਬੀ ਕਵੀ ਬੂਟਾ ਸਿੰਘ ਚੌਹਾਨ ਦਾ ਗ਼ਜ਼ਲ ਸੰਗ੍ਰਹਿ ਖ਼ੁਸ਼ਬੂ ਦਾ ਕੁਨਬਾ ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ, ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਗਿੱਲ, ਸਕੱਤਰ ਡਾ: ਗੁਰਇਕਬਾਲ ਸਿੰਘ ਤੇ ਸਹਿਯੋਗੀਆਂ ਨੇ ਲੋਕ ਅਰਪਨ ਕੀਤਾ।

ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਮਨਜਿੰਦਰ ਧਨੋਆ ਨੇ ਬੂਟਾ ਸਿੰਘ ਚੌਹਾਨ ਦੀ ਜਾਣ ਪਛਾਣ ਕਰਾਉਂਦਿਆਂ ਕਿਹਾ ਕਿ ਸਾਹਿੱਤ ਸਿਰਜਣਾ ਦੇ ਖੇਤਰ ਵਿੱਚ ਉਹ ਪਿਛਲੇ 35 ਸਾਲ ਤੋਂ ਨਿਰੰਤਰ ਸਰਗਰਮ ਹੈ। ਉਸ ਦੇ ਗ਼ਜ਼ਲ ਸੰਗ੍ਰਹਿ ਸਿਰ ਜੋਗੀ ਛਾਂ, ਖ਼ਿਆਲ ਖ਼ੁਸ਼ਬੋ ਜਿਹਾ ਤੇ ਨੈਣਾਂ ਵਿੱਚ ਸਮੁੰਦਰ ਤੇ ਕਾਵਿ ਸੰਗ੍ਰਹਿ ਦੁੱਖ ਪਰਛਾਵੇਂ ਹੁੰਦੇ ਮੁੱਲਵਾਨ ਕਿਰਤਾਂ ਹਨ।

ਨਾਵਲ ਸੱਤ ਰੰਗੀਆਂ ਚਿੜੀਆਂ, ਸਾਥ ਪਰਿੰਦਿਆਂ ਦਾ ਅਤੇ ਕੀ ਪਤਾ ਸੀ ਤੋਂ ਇਲਾਵਾ ਕਹਾਣੀ ਸੰਗ੍ਰਹਿ ਪੁਰਾਣੀ ਇਮਾਰਤ ਵੀ ਵਿਸ਼ਾਲ ਪਾਠਕ ਦਾਇਰਾ ਉਸਾਰ ਚੁਕੇ ਹਨ। ਬਾਲ ਸਾਹਿੱਤ ਤੋਂ ਇਲਾਵਾ ਤਿੰਨ ਮਰਾਠੀ ਨਾਵਲਾਂ ਦਾ ਅਨੁਵਾਦ ਵੀ ਉਸ ਦੀ ਪ੍ਰਾਪਤੀ ਹੈ।

ਪੁਸਤਕ ਲੋਕ ਅਰਪਨ ਕਰਦਿਆਂ ਪ੍ਰੋ: ਗੁਰਭਜਨ ਗਿੱਲ ਨੇ ਕਿਹਾ ਕਿ ਬੂਟਾ ਸਿੰਘ ਚੌਹਾਨ ਕਿਰਤ ਨੂੰ ਪ੍ਰਣਾਇਆ ਸਿਰਜਕ ਹੈ। ਘੱਟ ਪਰ ਚੰਗਾ ਲਿਖਣ ਵਾਲਾ ਇਹ ਸ਼ਾਇਰ ਮਾਲਵੇ ਦੀ ਲੋਕ ਪੱਖੀ ਕਾਵਿ ਧਾਰਾ ਦਾ ਸਮਰੱਥ ਪਛਾਣ ਚਿੰਨ੍ਹ ਬਣ ਗਿਆ ਹੈ। ਉਸ ਦੇ ਗ਼ਜ਼ਲ ਸੰਗ੍ਰਹਿ ਖ਼ੁਸ਼ਬੋ ਦਾ ਕੁਨਬਾ ਵਿੱਚ ਵਿਅਕਤੀ ਤੋਂ ਸਮਾਜਿਕ ਸਰੋਕਾਰਾਂ ਦਾ ਵਿਸਥਾਰ ਹੈ।

ਪ੍ਰੋ: ਰਵਿੰਦਰ ਭੱਠਲ ਨੇ ਕਿਹਾ ਕਿ ਪਿੰਡ ਤਾਜੋ ਕੇ ਤੋਂ ਬਰਾਸਤਾ ਤਪਾ ਮੰਡੀ ਬਰਨਾਲੇ ਪੁੱਜੇ ਇਸ ਕਵੀ ਨੇ ਸਮਕਾਲੀ ਯਥਾਰਥ ਵਿੱਚ ਆਪਾ ਗੁੰਨ੍ਹ ਕੇ ਸਿਰਜਣਾ ਦਾ ਸਹੀ ਸਮਰੱਥ ਧਰਮ ਪਾਲ਼ਿਆ ਹੈ। ਮੈਨੂੰ ਮਾਣ ਹੈ ਕਿ ਉਹ ਮੇਰਾ ਗਿਰਾਈਂ ਵੀ ਹੈ ਤੇ ਪਾਠਕਾਂ ਸਰੋਤਿਆਂ ਦਾ ਚਹੇਤਾ ਕਵੀ ਵੀ।

ਡਾ: ਗੁਰਇਕਬਾਲ ਸਿੰਘ, ਸਹਿਜਪ੍ਰੀਤ ਸਿੰਘ ਮਾਂਗਟ ਤੇ ਤ੍ਰੈਲੋਚਨ ਲੋਚੀ ਨੇ ਵੀ ਬੂਟਾ ਸਿੰਘ ਚੌਹਾਨ ਦੀ ਸ਼ਾਇਰੀ ਵਿਚਲੇ ਵੱਖ ਵੱਖ ਰੰਗਾਂ ਨੂੰ ਸਲਾਹਿਆ। ਸਭਿਆਚਾਰਕ ਸੱਥ ਦੇ ਚੇਅਰਮੈਨ ਸ: ਜਸਮੇਰ ਸਿੰਘ ਢੱਟ ਤੇ ਕਰਮਜੀਤ ਸਿੰਘ ਆਰਕੀਟੈਕਟ ਨੇ ਵੀ ਬੂਟਾ ਸਿੰਘ ਚੌਹਾਨ ਦੇ ਕਲਾਮ ਨੂੰ ਲੋਕ ਦਰਦ ਦਾ ਤਰਜਮਾਨ ਕਿਹਾ।

ਬੂਟਾ ਸਿੰਘ ਚੌਹਾਨ ਨੇ ਇਸ ਗ਼ਜ਼ਲ ਸੰਗ੍ਰਹਿ ਵਿੱਚੋਂ ਚੋਣਵੀਆਂ ਗ਼ਜ਼ਲਾਂ ਦਾ ਗਾਇਨ ਕਰਕੇ ਸਰੋਤਿਆਂ ਨਾਲ ਸਾਂਝ ਪਾਈ। ਉਨ੍ਹਾਂ ਦੱਸਿਆ ਕਿ 2008 ਵਿੱਚ ਛਪੇ ਇਸ ਸੰਗ੍ਰਹਿ ਵਿੱਚ ਪਿਛਲੇ 12 ਸਾਲ ਦੌਰਾਨ ਲਿਖੀਆਂ 58 ਗ਼ਜ਼ਲਾਂ ਸ਼ਾਮਿਲ ਹਨ। ਆਟਮ ਆਰਟ ਪਟਿਆਲਾ ਵੱਲੋਂ ਛਾਪੀ ਇਸ ਕਿਤਾਬ ਵਿੱਚ ਨਾ ਤਾਂ ਸਿਫ਼ਾਰਸ਼ੀ ਮੁੱਖ ਬੰਦ ਹੈ ਤੇ ਨਾ ਹੀ ਆਤਮ ਕਥਨ। ਮੇਰੀਆਂ ਗ਼ਜ਼ਲਾਂ ਪਾਠਕ ਨਾਲ ਆਪਣਾ ਰਿਸ਼ਤਾ ਆਪ ਬਣਾਉਣਗੀਆਂ।

ਬਰਨਾਲਾ ਤੋਂ ਆਏ ਪੱਤਰਕਾਰ ਅਜੀਤਪਾਲ ਜੀਤੀ ਨੇ ਪੰਜਾਬੀ ਲੇਖਕ ਸਭਾ ਦਾ ਧੰਨਵਾਦ ਕੀਤਾ ਜਿਸ ਵੱਲੋਂ ਆਪਣੀ ਇਕੱਤਰਤਾ ਵਿੱਚ ਸੀਨੀਅਰ ਪੱਤਰਕਾਰ ਤੇ ਕਵੀ ਬੂਟਾ ਸਿੰਘ ਚੌਹਾਨ ਦੀ ਗ਼ਜ਼ਲ ਪੁਸਤਕ ਲੋਕ ਅਰਪਨ ਕੀਤੀ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION