30.1 C
Delhi
Tuesday, April 23, 2024
spot_img
spot_img

ਭਗਵੰਤ ਮਾਨ ਨੂੰ ਹਵਾਈ ਜਹਾਜ਼ ਵਿੱਚੋਂ ਲਾਹਿਆ ਗਿਆ: ਹੁਣ ਸੁਖ਼ਬੀਰ ਬਾਦਲ ਨੇ ਕੀਤੇ ਵੱਡੇ ਖ਼ੁਲਾਸੇ ਅਤੇ ਦਾਅਵੇ, ਦਿੱਤੀ ਚੁਣੌਤੀ

ਯੈੱਸ ਪੰਜਾਬ
ਅੰਮ੍ਰਿਤਸਰ, 20 ਸਤੰਬਰ, 2022:
ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਜਰਮਨੀ ਫ਼ੇਰੀ ਦੇ ਅੰਤ ਸਮੇਂ ਉਨ੍ਹਾਂ ਨੂੰ ਫਰੈਂਕਫ਼ਰਟ ਹਵਾਈ ਅੱਡੇ ਵਿਖ਼ੇ ਲੁਫ਼ਥਾਨਸਾ ਏਅਰਲਾਈਨਜ਼ ਦੇ ਜਹਾਜ਼ ਵਿੱਚੋਂ ‘ਸ਼ਰਾਬ ਪੀਤੇ ਹੋਣ’ ਦੇ ਦੋਸ਼ ਹੇਠ ਉਤਾਰੇ ਜਾਣ ਦੇ ਸੰਬੰਧ ਵਿੱਚ ‘ਆਪ’ ਵੱਲੋਂ ਕੀਤੇ ਦਾਅਵਿਆਂ ਅਤੇ ਲੁਫ਼ਥਾਨਸਾ ਏਅਰਲਾਈਨਜ਼ ਵੱਲੋਂ ਜਾਰੀ ਇਕ ਟਵੀਟ ਤੋਂ ਬਾਅਦ ਠੰਢੇ ਪੈਂਦੇ ਨਜ਼ਰ ਆਉਂਦੇ ਇਸ ਮਾਮਲੇ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖ਼ਬੀਰ ਸਿੰਘ ਬਾਦਲ ਨੇ ਇਕ ਵਾਰ ਫ਼ਿਰ ਭਖ਼ਾ ਦਿੱਤਾ ਹੈ।

ਅੱਜ ਚੰਡੀਗੜ੍ਹ ਵਿੱਚ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ: ਸਖ਼ਬੀਰ ਸਿੰਘ ਬਾਦਲ ਨੇ ਲੁਫ਼ਥਾਨਸਾ ਦੀ ਉਕਤ ਫ਼ਲਾਈਟ ਵਿੱਚ ਸਵਾਰ ਕੁਝ ਲੋਕਾਂ ਦੇ ਹਵਾਲੇ ਨਾਲ ਵੱਡੇ ਖ਼ੁਲਾਸੇ ਅਤੇ ਦਾਅਵੇ ਕਰਦਿਆਂ ਸ: ਭਗਵੰਤ ਸਿੰਘ ਮਾਨ, ‘ਆਪ’ ਦੇ ਕੌਮੀ ਕਨਵੀਨਰ ਅਤੇ ਪਾਰਟੀ ਦੇ ਰਾਜ ਸਭਾ ਐਮ.ਪੀ.ਸ੍ਰੀ ਰਾਘਵ ਚੱਢਾ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਉਨ੍ਹਾਂ ਦੇ ਦਾਅਵਿਆਂ ਨੂੰ ਗ਼ਲਤ ਸਾਬਿਤ ਕਰਕੇ ਵਿਖ਼ਾਉਣ।

ਸ: ਸੁਖ਼ਬੀਰ ਸਿੰਘ ਬਾਦਲ ਨੇ ਘਟਨਾ ਦੀ ਤਫ਼ਸੀਲ ਸਹਿਤ ਵਿਆਖ਼ਿਆ ਕਰਦਿਆਂ ਦਾਅਵਾ ਕੀਤਾ ਕਿ ਫ਼ਰੈਂਕਫ਼ਰਟ ਹਵਾਈ ਅੱਡੇ ’ਤੇ ਜਹਾਜ਼ ਪਿੱਛੋਂ ਹੀ ਲੇਟ ਹੋਣ ਕਾਰਨ ਸਾਰੀਆਂ ਸੁਆਰੀਆਂ ਨੂੰ ਏਅਰਪੋਰਟ ਦੇ ਵੀ.ਆਈ.ਪੀ. ਲਾਂਜ ਵਿੱਚ ਬਿਠਾਇਆ ਗਿਆ ਜਿੱਥੇ ਸ਼ਰਾਬ ਉਪਲਬਧ ਹੁੰਦੀ ਹੈ ਅਤੇ ਉੱਥੇ ਹੀ ਸ: ਮਾਨ ਨੇ ਸ਼ਰਾਬ ਪੀਤੀ।

ਇਸ ਮਗਰੋਂ ਹਵਾਈ ਜਹਾਜ਼ ਆ ਜਾਣ ’ਤੇ ਜਦ ਸ: ਮਾਨ ਜਹਾਜ਼ ਵਿੱਚ ਚੜ੍ਹੇ ਤਾਂ ਉਹ ਨਸ਼ੇ ਵਿੱਚ ਸਨ ਅਤੇ ਉਸੇ ਹਾਲਤ ਵਿੱਚ ਪਹਿਲੀ ਸੀਟ ’ਤੇ ਹੀ ਬੈਠ ਗਏ। ਏਅਰ ਹੋਸਟੈਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਪਿੱਛੇ ਆਪਣੀ ਸੀਟ ’ਤੇ ਜਾਣ। ਜਦ ਉਹ ਆਪਣੀ ਸੀਟ ’ਤੇ ਵੀ ਗਏ ਤਾਂ ਉਨ੍ਹਾਂ ਦੀ ਹਾਲਤ ਵੇਖ਼ ਕੇ ਏਅਰਹੋਸਟੈਸ ਨੇ ਜਹਾਜ਼ ਦੇ ਕੈਪਟਨ ਨੂੰ ਦੱਸਿਆ ਕਿ ਇਕ ਸਵਾਰੀ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਜਿਸਤੇ ਕੈਪਟਨ ਖ਼ੁਦ ਆਇਆ ਅਤੇ ਉਸਨੇ ਇਹ ਐਲਾਨ ਕੀਤਾ ਕਿ ਇਨ੍ਹਾਂ ਨੂੰ ਨਹੀਂ ਲਿਜਾਇਆ ਜਾਵੇਗਾ। ਇਸ ’ਤੇ ਕੈਪਟਨ ਨੂੰ ਦੱਸਿਆ ਗਿਆ ਕਿ ਇਹ ਇਕ ਮੁੱਖ ਮੰਤਰੀ ਹਨ, ਜਿਸ ’ਤੇ ਕੈਪਟਨ ਨੇ ਕਿਹਾ ਕਿ ਅਸੀਂ ਕੇਵਲ ਏਅਰਲਾਈਨਜ਼ ਦੇ ਰੂਲ ਦੇ ਹਿਸਾਬ ਨਾਲ ਚੱਲਦੇ ਹਾਂ, ਇਸ ਲਈ ਇਨ੍ਹਾਂ ਨੂੰ ਉੱਤਰਣਾ ਹੋਵੇਗਾ।

ਸ: ਸੁਖ਼ਬੀਰ ਸਿੰਘ ਬਾਦਲ ਨੇ ਇਹ ਦਾਅਵੇ ਕਰਦਿਆਂ ਇਹ ਵੀ ਖੁਲਾਸਾ ਕੀਤਾ ਕਿ ਇਹ ਗੱਲਾਂ ਉਨ੍ਹਾਂ ਨੇ ਕਿਸੇ ਤੋਂ ਸੁਣੀਆਂ ਸੁਣਾਈਆਂ ਨਹੀਂ ਸਗੋਂ ਉਨ੍ਹਾਂ ਦੇ ਇਕ ਵਾਕਿਫ਼ਕਾਰ ਨੇ ਉਨ੍ਹਾਂ ਦੀ ਗੱਲ ਉਸੇ ਜਹਾਜ਼ ਵਿੱਚ ਸਵਾਰ ਦੋ ਵਿਅਕਤੀਆਂ ਨਾਲ ਕਰਵਾਈ ਜਿਨ੍ਹਾਂ ਨੇ ਇਹ ਸਭ ਕੁਝ ਉਨ੍ਹਾਂ ਨੂੰ ਦੱਸਿਆ ਹੈ। ਇਨ੍ਹਾਂ ਵਿੱਚ ਇਕ ਰਾਜਸਥਾਨ ਵਿੱਚ ਹੋਟਲਾਂ ਦੀ ਚੇਨ ਦਾ ਮਾਲਕ ਹੈ ਜਦਕਿ ਦੂਜਾ ਇਕ ਵੱਡਾ ਬਿਜ਼ਨਸਮੈਨ ਹੈ।

ਇੱਥੇ ਹੀ ਬੱਸ ਨਹੀਂ, ਸ: ਸੁਖ਼ਬੀਰ ਸਿੰਘ ਬਾਦਲ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਜਹਾਜ਼ ਵਿੱਚ ਇਕ ਪੰਜਾਬੀ ਮੂਲ ਦੀ ਏਅਰਹੋਸਟੈਸ ਸੀ ਅਤੇ ਉਸਨੇ ਵੀ ਬਾਅਦ ਵਿੱਚ ਇਹ ਕਿਹਾ ਕਿ ਮੈਂ ਇਸ ਗੱਲ ’ਤੇ ਸ਼ਰਮਿੰਦਾ ਹਾਂ ਕਿ ਸਾਡੇ ਸੂਬੇ ਦੇ ਮੁੱਖ ਮੰਤਰੀ ਨੇ ਇਸ ਤਰ੍ਹਾਂ ਕੀਤਾ ਹੈੇੇ।

ਸ: ਸੁਖ਼ਬੀਰ ਸਿੰਘ ਬਾਦਲ ਦਾ ਧਿਆਨ ਜਦ ਇਸ ਗੱਲ ਵੱਲ ਦਿਵਾਇਆ ਗਿਆ ਕਿ ਲੁਫ਼ਥਾਨਸਾ ਏਅਰਲਾਈਨਜ਼ ਨੇ ਇਕ ਟਵੀਟ ਕਰਕੇ ਸਥਿਤੀ ਕਲ੍ਹ ਹੀ ਸਪਸ਼ਟ ਕਰ ਦਿੱਤੀ ਸੀ ਤਾਂ ਸ: ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਉਸ ਟਵੀਟ ਵਿੱਚ ਕੇਵਲ ਫ਼ਲਾਈਟ ਲੇਟ ਹੋਣ ਦੀ ਗੱਲ ਕੀਤੀ ਸੀ। ਉਨ੍ਹਾਂ ਕਿਹਾ ਕਿ ਏਅਰਲਾਈਨਜ਼ ਦਾ ਇਕ ਹੋਰ ਵੀ ਟਵੀਟ ਸੀ ਜਿਸ ਵਿੱਚ ਉਨ੍ਹਾਂ ਨੇ ਇਹ ਸਪਸ਼ਟ ਆਖ਼ਿਆ ਹੈ ਕਿ ‘ਪ੍ਰਾਈਵੇਸੀ’ ਦੇ ਮੱਦੇਨਜ਼ਰ ਉਹ ਕਿਸੇ ਸਵਾਰੀ ਦੀ ਨਿੱਜੀ ਪਛਾਣ ਜਨਤਕ ਨਹੀਂ ਕਰਦੇ।

ਸ: ਸੁਖ਼ਬੀਰ ਸਿੰਘ ਬਾਦਲ ਨੇ ਇਹ ਵੀ ਆਖ਼ਿਆ ਕਿ ਉਹ ਇਕ ਜ਼ਿੰਮੇਵਾਰ ਵਿਅਕਤੀ ਹਨ, ਅਤੇ ਇਹ ਸਾਰੀਆਂ ਗੱਲਾਂ ਉਹ ਬੜੀ ਜ਼ਿੰਮੇਵਾਰੀ ਨਾਲ ਆਖ਼ ਰਹੇ ਹਨ ਅਤੇ ਜੇ ਸ੍ਰੀ ਕੇਜਰੀਵਾਲ, ਸ: ਮਾਨ ਜਾਂ ਫ਼ਿਰ ਸ੍ਰੀ ਰਾਘਵ ਚੱਢਾ ਚਾਹੁਣ ਤਾਂ ਉਨ੍ਹਾਂ ਦੀਆਂ ਇਨ੍ਹਾਂ ਗੱਲਾਂ ਨੂੰ ਚੁਣੌਤੀ ਦੇ ਸਕਦੇ ਹਨ।

‘ਯੈੱਸ ਪੰਜਾਬ’ ਨੇ ਸ: ਸੁਖ਼ਬੀਰ ਸਿੰਘ ਬਾਦਲ ਵੱਲੋਂ ਕੀਤੇ ਖੁਲਾਸੇ ਇੰਨ ਬਿੰਨ ਪ੍ਰਕਾਸ਼ਿਤ ਕੀਤੇ ਹਨ ਅਤੇ ਜੇ ਸਰਕਾਰ, ‘ਆਮ ਆਦਮੀ ਪਾਰਟੀ’, ਮੁੱਖ ਮੰਤਰੀ ਸ੍ਰੀ ਭਗਵੰਤ ਮਾਨ, ਸ੍ਰੀ ਅਰਵਿੰਦ ਕੇਜਰੀਵਾਲ ਜਾਂ ਫ਼ਿਰ ਸ੍ਰੀ ਰਾਘਵ ਚੱਢਾ ਦਾ ਕੋਈ ਪੱਖ ਪ੍ਰਕਾਸ਼ਨ ਲਈ ਆਵੇਗਾ ਤਾਂ ਉਸਨੂੰ ਵੀ ਇਸੇ ਪ੍ਰਮੁੱਖ਼ਤਾ ਨਾਲ ਪ੍ਰਕਾਸ਼ਿਤ ਜਾ ਕੀਤਾ ਜਾਵੇਗਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION