ਯੈੱਸ ਪੰਜਾਬ
ਚੰਡੀਗੜ੍ਹ, 1 ਮਾਰਚ 2020:
‘ਆਮ ਆਦਮੀ ਪਾਰਟੀ’ ਪੰਜਾਬ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸ੍ਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿਖ਼ੇ ਕੀਤੇ ਪੱਤਰਕਾਰ ਸੰਮੇਲਨ ਦੌਰਾਨ ਪਹਿਲਾਂ ਤਾਂ ਸੀਨੀਅਰ ਕਾਂਗਰਸ ਆਗੂ ਸ: ਨਵਜੋਤ ਸਿੰਘ ਸਿੱਧੂ ਦੇ ਸੋਹਲੇ ਗਾਏ ਪਰ ਜਦ ਸ: ਸਿੱਧੂ ਦਾ ਮੁੱਦਾ ਪੱਤਰਕਾਰ ਸੰਮੇਲਨ ’ਚ ਲੰਬਾ ਖਿੱਚਦਾ ਅਤੇ ਭਾਰੂ ਹੁੰਦਾ ਵੇਖ਼ਿਆ ਤਾਂ ਸਿੱਧੇ ਤੌਰ ’ਤੇ ਪੱਤਰਕਾਰਾਂ ਨੂੰ ਸਲਾਹ ਦੇ ਮਾਰੀ ਕਿ ਉਹ ਸਵਾਲ ਉਹ ਕਰਨ ਜਿਹੜੇ ਪੰਜਾਬ ਨਾਲ ਸੰਬੰਧਤ ਹੋਣ। ਉਹਨਾਂ ਸਪਸ਼ਟ ਕਹਿ ਦਿੱਤਾ ਕਿ ਨਵਜੋਤ ਸਿੰਘ ਸਿੱਧੂ ਅਤੇ ‘ਫ਼ਲਾਣਾ ਖ਼ਹਿਰਾ’ ਨਾ ਤਾਂ ਪੰਜਾਬ ਦੇ ਸਵਾਲ ਹਨ ਅਤੇ ਨਾ ਹੀ ਮੁੱਦੇ। ਉਨ੍ਹਾਂ ਨੂੰ ਕੋਈ ਸਵਾਲ ਕਰਨਾ ਹੋਵੇ ਤਾਂ ਪੰਜਾਬ ਦੇ ਮੁੱਦਿਆਂ ’ਤੇ ਕੀਤਾ ਜਾਵੇ।
ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਨਵੇਂ ਬਣਾਏ ਪੰਜਾਬ ਦੇ ਇੰਚਾਰਜ ਅਤੇ ਤਿਲਕ ਨਗਰ ਦੇ ਵਿਧਾਇਕ ਸ: ਜਰਨੈਲ ਸਿੰਘ ਵੱਲੋਂ ਪਾਰਟੀ ਦੇ ਨਾਰਾਜ਼ ਆਗੂਆਂ ਨੂੰ ਨਾਲ ਲੈ ਕੇ ਚੱਲਣ ਸੰਬੰਧੀ ਇਕ ਬਿਆਨ ਦੇ ਹਵਾਲੇ ਨਾਲ ਗੱਲ ਕਰਦਿਆਂ ਸ੍ਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਤਾਂ ਸਾਰੇ ਪੰਜਾਬ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਹਨ।
ਇਸ ਤੋਂ ਬਾਅਦ ਸ੍ਰੀ ਮਾਨ ਆਪੇ ਹੀ ਸਿੱਧੇ ਸ:ਨਵਜੋਤ ਸਿੰਘ ਸਿੱਧੂ ’ਤੇ ਆ ਗਏ ਅਤੇ ਉਨ੍ਹਾਂ ਦੀਆਂ ਰੱਜ ਕੇ ਤਾਰੀਫ਼ਾਂ ਕੀਤੀਆਂ। ਉਹਨਾਂ ਕਿਹਾ ਕਿ ਉਹ ਬਹੁਤ ਹੀ ਇਮਾਨਦਾਰ ਆਗੂ ਹਨ ਅਤੇ ਉਨ੍ਹਾਂ’ਤੇ ਕੋਈ ਦਾਗ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਤਾਂ ਉਨ੍ਹਾਂ ਦੇ ਕ੍ਰਿਕੇਟ ਸਮੇਂ ਦੇ ‘ਫ਼ੈਨ’ ਹਨ ਅਤੇ ਸ: ਸਿੱਧੂ ਤਾਂ ‘ਲਾਫ਼ਟਰ ਸ਼ੋਅ’ ਵਿਚ ਉਨ੍ਹਾਂ ਦੇ ਜੱਜ ਵੀ ਰਹੇ ਹਨ, ਇਸ ਲਈ ਉਹ ਉਹਨਾਂ ਦੀ ਬੜੀ ਇੱਜ਼ਤ ਕਰਦੇ ਹਨ।
ਸ੍ਰੀ ਮਾਨ ਨੇ ਇਹ ਵੀ ਕਿਹਾ ਕਿ ਜੇ ਸ:ਸਿੱਧੂ ‘ਆਪ’ ਵਿਚ ਆਉਂਦੇ ਹਨ ਤਾਂ ਉਹ ਸਭ ਤੋਂ ਪਹਿਲਾਂ ਉਨ੍ਹਾਂ ਦਾ ਆਪ ਸਵਾਗਤ ਕਰਨਗੇ।
ਇਸ ਦੇ ਨਾਲ ਹੀ ਪੱਤਰਕਾਰਾਂ ਨੇ ਜਦ ਇਹ ਪੁੱਛਿਆ ਕਿ ਕੀ ਉਹਨਾਂ ਦੀ ਸ: ਸਿੱਧੂ ਨਾਲ ਕੋਈ ਗੱਲਬਾਤ ਚੱਲ ਰਹੀ ਹੈ ਤਾਂ ਉਨ੍ਹਾਂ ਆਖ਼ਿਆ ਕਿ ਉਨ੍ਹਾਂ ਦਾ ਸ: ਸਿੱਧੂ ਨਾਲ ਕੋਈ ਸੰਪਰਕ ਨਹੀਂ ਹੈ। ਇਹ ਪੁੱਛੇ ਜਾਣ ’ਤੇ ਕਿ ਕੀ ਉਹ ਸ: ਸਿੱਧੂ ਨਾਲ ਗੱਲਬਾਤ ਦਾ ਕੋਈ ਚੈਨਲ ਖੋਲ੍ਹ ਰਹੇ ਹਨ ਸ੍ਰੀ ਮਾਨ ਦਾ ਮਿਜ਼ਾਜ਼ ਇਕ ਦਮ ਬਦਲ ਗਿਆ ਅਤੇ ਸ:ਸਿੱਧੂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਪੰਜਾਬ ਦੀ ਬੇਰੁਜ਼ਗਾਰੀ, ਪੰਜਾਬ ਵਿਚ ਕਿਸਾਨ ਖੁਦਕੁਸ਼ੀਆਂ, ਮਹਿੰਗਾਈ ਅਤੇ ਧਰਤੀ ਹੇਠਲਾ ਪਾਣੀ ਹੋਰ ਥੱਲੇ ਜਾਣ ਜਿਹੇ ਮਸਲੇ ਉਠਾਉਣੇ ਸ਼ੁਰੂ ਕਰ ਦਿੱਤੇ।
ਉਨ੍ਹਾਂ ਪੱਤਰਕਾਰਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸ:ਨਵਜੋਤ ਸਿੰਘ ਸਿੱਧੂ ਅਤੇ ਸ:ਖ਼ਹਿਰਾ ਪੰਜਾਬ ਦੇ ਸਵਾਲ ਨਹੀਂ ਹਨ, ਪੰਜਾਬ ਦੇ ਸਵਾਲ ਉਹ ਹਨ ਜਿਹੜੇ ਉਨ੍ਹਾਂ ਗਿਣਾਏ ਹਨ। ਉਨ੍ਹਾਂ ਨੂੰ ਕੋਈ ਸਵਾਲ ਕਰਨਾ ਹੈ ਤਾਂ ਪੰਜਾਬ ਬਾਰੇ ਕੀਤਾ ਜਾਵੇ।
ਸ੍ਰੀ ਮਾਨ ਨੇ ਪੱਤਰਕਾਰਾਂ ਨਾਲ ਗਿਲਾ ਕਰਦਿਆਂ ਕਿਹਾ ਕਿ ਪੱਤਰਕਾਰ ਜਦ ਵੀ ਪੁੱਛਦੇ ਨੇ ਸ: ਸਿੱਧੂ ਅਤੇ ਸ:ਖ਼ਹਿਰਾ ਬਾਰੇ ਹੀ ਪੁੱਛਦੇ ਨੇ। ਗੱਲ ਸੰਭਾਲਦਿਆਂ ਉਹਨਾਂ ਕਿਹਾ ਕਿ ਸ:ਸਿੱਧੂ, ਭਗਵੰਤ ਮਾਨ ਅਤੇ ਸ: ਖ਼ਹਿਰਾ ਕੋਈ ਪੰਜਾਬ ਦੇ ਮੁੱਦੇ ਨਹੀਂ ਹਨ।
ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ’ਤੇ ਕਟਾਕਸ਼ ਕਰਦਿਆਂ ਸ੍ਰੀ ਭਗਵੰਤ ਮਾਨ ਨੇ ਕਿਹਾ, ‘‘ਵੱਡੇ ਬਾਦਲ ਕਹਿ ਰਹੇ ਹਨ ਪੰਜਾਬ ਦੀ ਸੇਵਾ ਲਈ ਮੈਨੂੰ ਇਕ ਮੌਕੇ ਹੋਰ ਦੇ ਦਿਓ ਮੈਂ ਕਹਿਣਾ ਚਾਹੁੰਦਾ ਹਾਂ ਵੱਡੇ ਬਾਦਲ ਸਾਹਿਬ ਤੁਹਾਡੀ ਉਮਰ ਹੁਣ ਸੇਵਾ ਕਰਵਾਉਣ ਦੀ ਹੈ, ਪੰਜਾਬ ਦੀ ਯੂਥ ਨੂੰ ਮੌਕਾ ਦਿਓ ਪੰਜਾਬ ਦੀ ਸੇਵਾ ਲਈ।’’
ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਬਜਟ ’ਤੇ ਚੁਟਕੀ ਲੈਂਦਿਆਂ ਸਮੀ ਮਾਨ ਨੇ ਕਿਹਾ ਕਿ ਉਨ੍ਹਾਂ ਦਾ ਬਜਟ ਭਾਸ਼ਣ ਬਜਟ ਘੱਟ ਸੀ, ਉਰਦੂ ਸ਼ਾਇਰੀ ਜ਼ਿਆਦਾ ਸੀ। ਉਨ੍ਹਾਂ ਬਜਟ ਨੂੰ ਲੋਕ ਵਿਰੋਧੀ ਅਤੇ ਪੰਜਾਬ ਵਿਰੋਧੀ ਕਰਾਰ ਦਿੰਦੇ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਖ਼ਾਲੀ ਖ਼ਜ਼ਾਨੇ ‘ਚੋਂ ਇੱਕ ਵਾਰ ਫਿਰ ਖੋਖਲਾ ਬਜਟ ਪੇਸ਼ ਕੀਤਾ ਹੈ।
ਮਨਪ੍ਰੀਤ ਸਿੰਘ ਬਾਦਲ ਨੇ ਕੈਪਟਨ ਸਰਕਾਰ ‘ਚ ਚੌਥੀ ਵਾਰ ਖੋਖਲਾ ਬਜਟ ਪੇਸ਼ ਕਰਕੇ ਸੂਬੇ ਦੇ ਹਰੇਕ ਵਰਗ ਨੂੰ ਘੋਰ ਨਿਰਾਸ਼ਾ ‘ਚ ਸੁੱਟ ਦਿੱਤਾ ਹੈ। ਮਾਨ ਨੇ ਕਿਹਾ ਕਿ ਪੰਜਾਬ ਦੇ ਵਿੱਤੀ ਹਾਲਾਤ ਸੁਧਰਨ ਦੀ ਥਾਂ ਨਿੱਘਰਦੇ ਹੀ ਜਾ ਰਹੀ ਹੈ ਅਤੇ ਪੰਜਾਬ 22,8906 ਕਰੋੜ ਰੁਪਏ ਦਾ ਕਰਜ਼ਾਈ ਹੋ ਚੁੱਕਾ ਹੈ, ਜੋ ਨਵੇਂ ਵਿੱਤੀ ਵਰ੍ਹੇ 2020-21 ਦੇ ਅੰਤ ਤੱਕ 248236 ਕਰੋੜ ਨੂੰ ਪਾਰ ਕਾਰ ਜਾਵੇਗਾ।
ਇਯ ਮੌਕੇ ਭਾਜਪਾ ਦੇ ਯੂਥ ਆਗੂ ਗੁਰਤੇਜ ਪਨੂੰ ਨੂੰ ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਰਸਮੀ ਤੌਰ ‘ਤੇ ਸ਼ਾਮਲ ਕੀਤਾ ਗਿਆ। ਸ਼ਾਮਲ ਹੋਣ ਵਾਲਿਆਂ ਵਿਚ ਹਨੀ ਬਾਜਵਾ, ਤੀਰਥ ਚਾਹਲ, ਰਵੀ ਪਠਾਨਕੋਟ, ਅਨੁਮੀਤ ਚੱਠਾ, ਬਨੀ ਸਿੱਧੂ, ਧੀਰਜ ਗੁੁਪਤਾ ਆਦਿ ਦੇ ਨਾਮ ਹਨ।
ਇਸ ਮੌਕੇ ‘ਆਪ’ ਦੇ ਕੋਰ ਕਮੇਟੀ ਦੇ ਮੈਂਬਰ ਅਤੇ ਸੂਬਾ ਖਜਾਨਚੀ ਸੁਖਵਿੰਦਰ ਸੁੱਖੀ ਅਤੇ ਬੁਲਾਰਾ ਸਤਵੀਰ ਵਾਲੀਆ ਸਮੇਤ ਹੋਰ ਆਗੂ ਵਿਚ ਮੌਜੂਦ ਸਨ।