ਪੰਜਾਬੀ ਨੌਜਵਾਨ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਲਈ ਯਤਨਾਂ ਵਾਸਤੇ ਬੈਲਜੀਅਮ ਦੇ ਪੰਜਾਬੀ ਭਾਈਚਾਰੇ ਵੱਲੋਂ ਪ੍ਰਨੀਤ ਕੌਰ ਦਾ ਧੰਨਵਾਦ

ਪਟਿਆਲਾ, 3 ਅਕਤੂਬਰ, 2019 –
ਬੈਲਜੀਅਮ ਦੇ ਬਰੂਸਲ ਸ਼ਹਿਰ ਵਿਖੇ ਰਹਿੰਦੇ ਪਿੰਡ ਸੁਰ ਸਿੰਘ ਵਾਲਾ ਦੇ ਨੌਜਵਾਨ ਗੁਰਸ਼ਰਨ ਸਿੰਘ ਦਾ 6 ਸਤੰਬਰ ਨੂੰ ਇੱਕ ਹਾਦਸੇ ‘ਚ ਦੇਹਾਂਤ ਹੋ ਗਿਆ ਸੀ ਪਰੰਤੂ ਇਸ ਨੌਜਵਾਨ ਦਾ ਭਾਰਤੀ ਪਾਸਪੋਰਟ ਗੁੰਮ ਹੋਣ ਕਰਕੇ ਉਸ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ‘ਚ ਮੁਸ਼ਕਿਲਾਂ ਆ ਰਹੀਆਂ ਸਨ।

ਪਰੰਤੂ ਇਸਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਅਤੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਵੱਲੋਂ ਨਿਭਾਈ ਗਈ ਭੂਮਿਕਾ ਲਈ ਬੈਲਜੀਅਮ ਰਹਿੰਦੇ ਪੰਜਾਬੀ ਭਾਈਚਾਰੇ ਨੇ ਸ੍ਰੀਮਤੀ ਪਰਨੀਤ ਕੌਰ ਦਾ ਧੰਨਵਾਦ ਕੀਤਾ ਹੈ।

ਇਸ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਸਰਕਾਰੀ ਖ਼ਰਚੇ ‘ਤੇ ਭਾਰਤ ਲਿਆਉਣ ਲਈ ਗੁਰਸ਼ਰਨ ਸਿੰਘ ਦੇ ਪਿਤਾ ਸ੍ਰੀ ਕੁਲਵੰਤ ਸਿੰਘ ਵੱਲੋਂ ਸ੍ਰੀਮਤੀ ਪਰਨੀਤ ਕੌਰ ਕੋਲ ਪਹੁੰਚ ਕਰਨ ‘ਤੇ ਲੋਕ ਸਭਾ ਮੈਂਬਰ ਨੇ ਮਿਤੀ 18 ਸਤੰਬਰ ਨੂੰ ਇੱਕ ਪੱਤਰ ਭਾਰਤ ਦੇ ਵਿਦੇਸ਼ ਮੰਤਰੀ ਸ੍ਰੀ ਸੁਬਰਾਮਨੀਅਮ ਜੈਸ਼ੰਕਰ ਨੂੰ ਲਿਖਿਆ, ਜਿਸ ‘ਚ ਉਨ੍ਹਾਂ ਨੇ ਮ੍ਰਿਤਕ ਤੇ ਉਸਦੇ ਪਰਿਵਾਰ ਸਬੰਧੀਂ ਲੋੜੀਂਦੀ ਜਾਣਕਾਰੀ ਵੀ ਦਿੱਤੀ ਅਤੇ ਇਸੇ ਦੀ ਬਦੌਲਤ ਗੁਰਸ਼ਰਨ ਸਿੰਘ ਦੀ ਦੇਹ ਪੰਜਾਬ ਲਿਆਉਣ ‘ਚ ਸਹਾਇਤਾ ਹੋਈ। ਇਸ ਮਗਰੋਂ ਹੀ ਨੌਜਵਾਨ ਦੀ ਦੇਹ 21 ਸਤੰਬਰ ਨੂੰ ਪਿੰਡ ਸੁਰ ਸਿੰਘ ਵਾਲਾ ਪੁੱਜੀ ਤੇ 22 ਸਤੰਬਰ ਨੂੰ ਉਸਦਾ ਅੰਤਮ ਸਸਕਾਰ ਕਰ ਦਿੱਤਾ ਗਿਆ।

ਬੈਲਜੀਅਮ ਦੇ ਬਰੂਸਲ ਸ਼ਹਿਰ ਰਹਿੰਦੇ ਪੰਜਾਬੀ ਭਾਈਚਾਰੇ ਦੇ ਵੱਡੀ ਗਿਣਤੀ ਨੁਮਾਇੰਦਿਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਰਮ ਪਤਨੀ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਦਾ ਧੰਨਵਾਦ ਕੀਤਾ ਹੈ, ਜਿਨ੍ਹਾਂ ਦੀ ਬਦੌਲਤ ਭਾਰਤ ਤੋਂ ਮ੍ਰਿਤਕ ਨੌਜਵਾਨ ਨਾਲ ਸਬੰਧਤ ਦਸਤਾਵੇਜ ਤਿਆਰ ਕੀਤੇ ਗਏ।

ਉਨ੍ਹਾਂ ਦਾ ਕਹਿਣਾਂ ਸੀ ਕਿ ਗੁਰਸ਼ਰਨ ਸਿੰਘ ਦੇ ਪਾਸਪੋਰਟ ਦੀ ਮਿਆਦ 22 ਜੂਨ 2018 ਨੂੰ ਖਤਮ ਹੋ ਗਈ ਸੀ ਅਤੇ ਇਹ ਗੁੰਮ ਗਿਆ ਸੀ, ਜਿਸ ਨੂੰ ਨਵਿਆਉਣ ਲਈ ਉਸਨੇ ਕਿਸੇ ਦਲਾਲ ਨੂੰ ਦੋ ਹਜ਼ਾਰ ਯੂਰੋ ਦਿੱਤੇ ਪਰੰਤੂ ਉਸਦਾ ਪਾਸਪੋਰਟ ਨਵਿਆਇਆ ਨਾ ਜਾ ਸਕਿਆ ਤੇ ਇਸੇ ਦੌਰਾਨ ਉਸ ਨਾਲ ਇਹ ਹਾਦਸਾ ਵਾਪਰ ਗਿਆ।

ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਵੱਲੋਂ ਕੇਂਦਰੀ ਵਿਦੇਸ਼ ਮੰਤਰੀ ਨੂੰ ਲਿਖੇ ਪੱਤਰ ਸਦਕਾ ਬੈਲਜੀਅਮ ਸਥਿਤ ਭਾਰਤੀ ਅੰਬੈਸੀ ਵੱਲੋਂ ਗੁਰਸ਼ਰਨ ਸਿੰਘ ਦੇ ਪਾਸਪੋਰਟ ਨੂੰ ਨਵਿਆਉਣ ‘ਚ ਸਹਾਇਤਾ ਕੀਤੀ ਗਈ, ਜਿਸ ਕਰਕੇ ਉਸ ਦੀ ਮ੍ਰਿਤਕ ਦੇਹ ਭਾਰਤ ਪੁੱਜ ਸਕੀ।

ਇਸੇ ਦੌਰਾਨ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਹੈ ਕਿ ਉਹ ਆਪਣੇ ਹਲਕੇ ਦੇ ਵਸਨੀਕਾਂ ਦੀ ਸੇਵਾ ਦੇ ਨਾਲ-ਨਾਲ ਵਿਦੇਸ਼ਾਂ ‘ਚ ਰਹਿੰਦੇ ਭਾਰਤੀਆਂ ਤੇ ਖਾਸ ਕਰਕੇ ਪੰਜਾਬੀਆਂ ਦੀ ਵੀ ਕਿਸੇ ਮੁਸ਼ਕਿਲ ਦੀ ਘੜੀ ‘ਚ ਹਰ ਤਰ੍ਹਾਂ ਦੀ ਸੰਭਵ ਸਹਾਇਤਾ ਕਰਨ ਲਈ ਯਤਨਸ਼ੀਲ ਹਨ।

ਲੋਕ ਸਭਾ ਮੈਂਬਰ ਨੇ ਕਿਹਾ ਕਿ ਜੇਕਰ ਕਿਸੇ ਦੂਸਰੇ ਮੁਲਕ ‘ਚ ਰਹਿੰਦੇ ਪੰਜਾਬੀ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਸ ਲਈ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਅਤੇ ਉਹ ਖ਼ੁਦ ਅਜਿਹੀ ਸਮੱਸਿਆ ਦੇ ਹੱਲ ਲਈ ਹਰ ਸਮੇਂ ਤਿਆਰ ਰਹਿੰਦੇ ਹਨ।

Share News / Article

YP Headlines