Arms License of Amritpal Singh’s aide cancelled
ਯੈੱਸ ਪੰਜਾਬ
ਚੰਡੀਗੜ੍ਹ, 11 ਮਾਰਚ, 2023:
‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਦੇ ਸੁਰੱਖ਼ਿਆ ਘੇਰੇ ਵਿੱਚ ਸ਼ਾਮਲ ਉਸ ਦੇ ਇਕ ਸਾਥੀ ਵਰਿੰਦਰ ਸਿੰਘ ਦਾ ਅਸਲਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ।
ਵਰਿੰਦਰ ਸਿੰਘ ਕੋਲ ਜੰਮੂ ਕਸ਼ਮੀਰ ਦੇ ਕਿਸ਼ਤਵਾੜ ਤੋਂ 2013 ਵਿੱਚ ਜਾਰੀ ਹੋਇਆ ਅਸਲਾ ਲਾਇਸੰਸ ਸੀ ਜਿਸ ਦੀ ਮਿਆਦ 2017 ਤਕ ਹੀ ਸੀ ਅਤੇ ਇਸ ਤੋਂ ਬਾਅਦ ਇਹ ਲਾਇਸੰਸ ਰਿਨਿਊ ਨਹੀਂ ਕਰਵਾਇਆ ਗਿਆ ਸੀ।
ਇਹ ਵੀ ਪਤਾ ਲੱਗਾ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਕੋਲ ਇਕ ਹੋਰ ਲਾਇਸੰਸ ਵੀ ਹੈ ਜੋ ਜੰਮੂ ਕਸ਼ਮੀਰ ਦੇ ਸਾਂਬਾ ਤੋਂ ਜਾਰੀ ਹੋਇਆ ਹੈ ਅਤੇ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਯਾਦ ਰਹੇ ਕਿ ਪੰਜਾਬ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਦੇ 10 ਸਾਥੀਆਂ ਦੇ ਅਸਲਾ ਲਾਇਸੰਸ ‘ਰੀਵੀਊ’ ਕਰਨ ਦੀ ਗੱਲ ਕਹੀ ਗਈ ਸੀ।
ਇਹ ਵੀ ਜ਼ਿਕਰਯੋਗ ਹੈ ਕਿ ਅਜੇ ਬੀਤੇ ਦਿਨੀਂ ਹੀ ਅੰਮ੍ਰਿਤਪਾਲ ਸਿੰਘ ਦੇ ਇਕ ਸਾਥੀ ਗੁਰਿੰਦਰਪਾਲ ਸਿੰਘ ਗੁਰ ਔਜਲਾ ਨੂੰ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਸ ਵੇਲੇ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਜਦ ਉਹ ਏਅਰ ਇੰਡੀਆ ਦੀ ਫ਼ਲਾਈਟ ਰਾਹੀਂ ਲੰਦਨ ਜਾਣ ਵਾਲਾ ਸੀ। ਉਸ ਦੇ ਖਿਲਾਫ਼ ਸੋਸ਼ਲ ਮੀਡੀਆ ’ਤੇ ਹਥਿਆਰਾਂ ਦੀ ਨੁਮਾਇਸ਼ ਦਾ ਦੋਸ਼ ਸੀ। ਗੁਰ ਔਜਲਾ, ਜਿਸ ਬਾਰੇ ਖ਼ਬਰ ਹੈ ਕਿ ਉਹ ਅੰਮ੍ਰਿਤਪਾਲ ਸਿੰਘ ਦਾ ਸੋਸ਼ਲ ਮੀਡੀਆ ਅਕਾਊਂਟ ਸੰਭਾਲਦਾ ਹੈ, ਨੂੰ ਥਾਣੇ ਵਿੱਚੋਂ ਹੀ ਜ਼ਮਾਨਤ ਦੇ ਦਿੱਤੀ ਗਈ ਸੀ ਹਾਲਾਂਕਿ ਉਸਨੂੰ ਉਸ ’ਤੇ ਦਰਜ ਕੇਸ ਬਾਰੇ ਨੋਟਿਸ ਦੇ ਦਿੱਤਾ ਗਿਆ ਸੀ।