Amritpal Singh issue: Akal Takht Jathedar convenes meeting of Panthic leaders, organizations
ਯੈੱਸ ਪੰਜਾਬ
ਅੰਮ੍ਰਿਤਸਰ, 23 ਮਾਰਚ, 2023:
‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਦੇ ਪੰਜਾਬ ਪੁਲਿਸ ਵੱਲੋਂ ਆਰੰਭੇ ਯਤਨਾਂ ਤੋਂ ਬਾਅਦ ਡੇਢ ਸੌ ਤੋਂ ਵੀ ਵੱਧ ਨੌਜਵਾਨਾਂ ਦੀਆਂ ਗ੍ਰਿਫ਼ਤਾਰੀਆਂ ਹੋਣ ਅਤੇ ਉਨ੍ਹਾਂ ਵਿੱਚੋਂ ਸੱਤ ’ਤੇ ਐਨ.ਐਸ.ਏ. ਲਗਾਏ ਜਾਣ ਤੋਂ ਬਾਅਦ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੋਮਵਾਰ 27 ਮਾਰਚ ਨੂੰ ਇਕ ਸਾਂਝੀ ਪੰਥਕ ਇਕੱਤਰਤਾ ਸੱਦ ਲਈ ਹੈ।
ਇਸ ਸੰਬੰਧੀ ਜਾਰੀ ਇਕ ਸੰਦੇਸ਼ ਵਿੱਚ ਕਿਹਾ ਗਿਆ ਹੈ ਕਿ ‘ਪੰਜਾਬ ਦੇ ਵਿੱਚ ਮੌਜੂਦਾ ਸਮੇਂ ਚੱਲ ਰਹੇ ਹਾਲਾਤਾਂ, ਸਿੱਖਾਂ ਵਿੱਚ ਲੰਬੇ ਸਮੇਂ ਤੋਂ ਪਸਰੇ ਬੇਚੈਨੀ ਦੇ ਮਾਹੌਲ ਅਤੇ ਸਿੱਖ ਨੌਜਵਾਨਾਂ ਦੀਆਂ ਨਾਜਾਇਜ਼ ਗ੍ਰਿਫ਼ਤਾਰੀਆਂ ਉੱਤੇ ਵਿਚਾਰ ਉਪਰੰਤ ਭਵਿੱਖ ਦੀ ਵਿਉਂਤਬੰਦੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿੱਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਜਾਬ ਦੀਆਂ ਸ਼੍ਰੋਮਣੀ ਸਿੱਖ ਸੰਸਥਾਵਾਂ, ਸਿੱਖ ਸੰਪਰਦਾਵਾਂ, ਦਲ ਪੰਥ, ਸਿੱਖ ਜਥੇਬੰਦੀਆਂ, ਬੁੱਧੀਜੀਵੀਆਂ, ਵਕੀਲਾਂ, ਪੱਤਰਕਾਰਾਂ, ਵਿਦਿਆਰਥੀ ਜਥੇਬੰਦੀਆਂ, ਧਾਰਮਿਕ ਰਾਜਨੀਤਕ ਅਤੇ ਸਮਾਜਿਕ ਧਿਰਾਂ ਦੇ ਚੋਣਵੇਂ ਆਗੂਆਂ ਦੀ ਸਾਂਝੀ ਵਿਸ਼ੇਸ਼ ਇਕੱਤਰਤਾ 27 ਮਾਰਚ, ਦਿਨ ਸੋਮਵਾਰ, ਦੁਪਹਿਰ 12 ਵਜੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖ਼ੇ ਹੋਵੇਗੀ।’
ਪੰਜਾਬ ਦੇ ਤਾਜ਼ਾ ਹਾਲਾਤ ਦੇ ਮੱਦੇਨਜ਼ਰ ਇਸ ਮੀਟਿੰਗ ਨੂੰ ਬਹੁਤ ਹੀ ਅਹਿਮ ਮੰਨਿਆ ਜਾ ਰਿਹਾ ਹੈ।