ਅੱਜ-ਨਾਮਾ
ਸ਼ੁਰਲੀ ਦਿੱਤੀ ਸੀ ਕਿਸੇ ਕੋਈ ਛੱਡ ਫੋਕੀ,
ਹੋਇਆ ਸ਼ੁਰਲੀ ਦਾ ਅਸਰ ਕਮਾਲ ਬੇਲੀ।
ਕਿਹਾ ਸੀ ਕਿਸੇ ਕਿ ਦਿੱਲੀ ਨਵਜੋਤ ਸਿੱਧੂ,
ਕਰ ਲਿਆ ਜੋੜ ਕੁਝ ਭਾਜਪਾ ਨਾਲ ਬੇਲੀ।
ਅਮਿਤ ਸ਼ਾਹ ਦੇ ਨਾਲ ਜਾ ਕਰੀ ਮੀਟਿੰਗ,
ਤਾਜ਼ੀ ਚੱਲਣ ਦੇ ਲਈ ਫਿਰ ਚਾਲ ਬੇਲੀ।
ਹੋਈ ਮੀਟਿੰਗ ਤੇ ਭਾਵੇਂ ਕੋਈ ਨਹੀਂ ਹੋਈ,
ਆਇਆ ਇਹਦੇ ਵੀ ਨਾਲ ਉਬਾਲ ਬੇਲੀ।
ਕਾਂਗਰਸ ਲੀਡਰ ਜੋ ਸਿੱਧੂ ਨੂੰ ਗੌਲਦੇ ਨਹੀਂ,
ਲੱਗ ਪਏ ਸਿੱਧੂ ਦਾ ਫੋਨ ਘੁੰਮਾਉਣ ਬੇਲੀ।
ਕਰਦੇ ਸਿੱਧੂ ਦਾ ਖੰਡਨ ਸਨ ਰਹੇ ਪਹਿਲਾਂ,
ਸੋਹਲੇ ਸਿੱਧੂ ਦੇ ਲੱਗੇ ਕਈ ਗਾਉਣ ਬੇਲੀ।
-ਤੀਸ ਮਾਰ ਖਾਂ
2 ਨਵੰਬਰ, 2019