ਬਟਾਲਾ, 18 ਅਕਤੂਬਰ, 2019 –
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਟਾਲਾ ਸ਼ਹਿਰ ਦੇ ਸਰਬਪੱਖੀ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਰਾਜ ਸਰਕਾਰ ਵਲੋਂ ਬਟਾਲਾ ਸ਼ਹਿਰ ਵਿੱਚ 7.21 ਕਰੋੜ ਰੁਪਏ ਦੀ ਲਾਗਤ ਨਾਲ ਤਿੰਨ ਨਵੇਂ ਹਾਈ ਲੈਵਲ ਪੁੱਲ ਉਸਾਰਨ ਦਾ ਕੰਮ ਸ਼ੁਰੂ ਹੋ ਗਿਆ ਹੈ।
ਬਟਾਲਾ ਸ਼ਹਿਰ ਧਾਰਮਿਕ ਅਤੇ ਇਤਿਹਾਸਕ ਨਜ਼ਰ ਤੋਂ ਬਹੁਤ ਮਹੱਤਵਪੂਰਨ ਸ਼ਹਿਰ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁਹਰਾ ਪਰਿਵਾਰ ਨਾਲ ਸਬੰਧਤ ਹੋਣ ਕਰਕੇ ਇਸ ਸ਼ਹਿਰ ਦੇ ਵਿਕਾਸ ਵੱਲ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਅਤੇ ਉਚੇਰੀ ਸਿੱਖਿਆ ਮੰਤਰੀ ਸ. ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਬਟਾਲਾ ਸ਼ਹਿਰ ਵਿਚੋਂ ਲੰਘਦੇ ਹੰਸਲੀ ਨਾਲੇ ਉੱਪਰ ਬਣੇ ਪੁੱਲ ਪੁਰਾਣੇ ਹੋਣ ਕਾਰਨ ਉਨਾਂ ਦੀ ਮਿਆਦ ਲੰਘ ਚੁੱਕੀ ਹੈ ਅਤੇ ਰਾਜ ਸਰਕਾਰ ਨੇ ਇਨਾਂ ਪੁੱਲਾਂ ਨੂੰ ਨਵੇਂ ਸਿਰੇ ਤੋਂ ਬਣਾਉਣ ਦਾ ਫੈਸਲਾ ਕੀਤਾ ਹੈ।
ਸ. ਬਾਜਵਾ ਨੇ ਦੱਸਿਆ ਕਿ ਹੰਸਲੀ ਨਾਲੇ ਉੱਪਰ ਉਸਾਰੇ ਜਾਣ ਵਾਲੇ ਇਨ੍ਹਾਂ ਤਿੰਨਾਂ ਪੁੱਲਾਂ ਉੱਪਰ 7.21 ਕਰੋੜ ਰੁਪਏ ਖਰਚੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸੰਤ ਫਰਾਂਸਿਸ ਸਕੂਲ ਨੇੜੇ ਬਣੇ ਲੋਹੇ ਦੇ ਪੁੱਲ ਦੀ ਥਾਂ ’ਤੇ ਹੁਣ 4 ਸਪੈਨ, 8 ਮੀਟਰ ਈਚ ਦਾ ਹਾਈ ਲੈਵਲ ਬਿ੍ਰਜ ਉਸਾਰਨ ਦਾ ਕੰਮ ਸ਼ੁਰੂ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਪੁਲ ਦਾ ਨਿਰਮਾਣ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਤਹਿ ਸਮੇਂ ਅੰਦਰ ਇਸਨੂੰ ਮੁਕੰਮਲ ਕਰ ਲਿਆ ਜਾਵੇਗਾ।
ਸ. ਬਾਜਵਾ ਨੇ ਦੱਸਿਆ ਕਿ ਗਾਂਧੀ ਚੌਂਕ ਤੋਂ ਸਿਟੀ ਰੋਡ ਨੂੰ ਜਾਂਦਿਆਂ ਹੰਸਲੀ ਨਾਲੇ ਉੱਪਰ ਪੁਰਾਣੇ ਪੁੱਲ ਨੂੰ ਢਾਹ ਕੇ ਉਸਦੀ ਜਗਾ ਸਬਮਰੀਸਬਲ ਬਿ੍ਰਜ 2 ਸਪੈਨ 17 ਮੀਟਰ ਈਚ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਜਲੰਧਰ ਰੋਡ ਉੱਪਰ ਹੰਸਲੀ ਨਾਲੇ ਵਾਲੇ ਪੁੱਲ ਦੀ ਥਾਂ ’ਤੇ ਇੱਕ ਹਾਈ ਲੈਵਲ ਪੁੱਲ ਉਸਾਰਿਆ ਜਾਵੇਗਾ।
ਇਨ੍ਹਾਂ ਪੁੱਲਾਂ ਦੀ ਉਸਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਬਾਅਦ ਸ਼ੁਰੂ ਹੋ ਜਾਵੇਗੀ ਅਤੇ ਅਗਲੇ 6 ਮਹੀਨੇ ਦੇ ਅੰਦਰ ਇਹ ਸਾਰੇ ਪੁੱਲ ਬਣਾ ਦਿੱਤੇ ਜਾਣਗੇ।
ਸ. ਬਾਜਵਾ ਨੇ ਕਿਹਾ ਕਿ ਇਹ ਤਿੰਨ ਨਵੇਂ ਪੁੱਲ ਬਣਨ ਨਾਲ ਸ਼ਹਿਰ ਦੀ ਆਵਾਜਾਈ ਦੀ ਸਮੱਸਿਆ ਹੱਲ ਹੋਣ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ਦੇ ਵਿਕਾਸ ਲਈ ਪੰਜਾਬ ਸਰਕਾਰ ਵਚਨਬੱਧ ਹੈ ਅਤੇ ਇਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਟਾਲਾ ਸ਼ਹਿਰ ਵਿੱਚ ਹੋਰ ਵੀ ਵਿਕਾਸ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ।
ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਲੋਂ ਬਟਾਲਾ ਸ਼ਹਿਰ ਵਿੱਚ ਕਰਾਏ ਜਾ ਰਹੇ ਵਿਕਾਸ ਕਾਰਜਾਂ ਦੀ ਚੇਅਰਮੈਨ ਇੰਪਰੂਵਮੈਂਟ ਟਰੱਸਟ ਕਸਤੂਰੀ ਲਾਲ ਸੇਠ, ਬਲਜਿੰਦਰ ਕੌਰ ਸਰਪੰਚ ਪਿੰਡ ਧੁੱਪਸੜੀ, ਸੁਖਦੀਪ ਸਿੰਘ ਤੇਜਾ, ਮਨਜੀਤ ਹੰਸਪਾਲ ਨੇ ਸ਼ਲਾਘਾ ਕੀਤੀ ਹੈ।