ਯੈੱਸ ਪੰਜਾਬ
ਨਵੀਂ ਦਿੱਲੀ, 19 ਫਰਵਰੀ, 2021 –
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਅੱਜ ਬਾਲਾ ਸਾਹਿਬ ਹਸਪਤਾਲ ਵਿਚ ਦੇਸ਼ ਦੇ ਸਭ ਤੋਂ ਵੱਡੇ ਕਿਡਨੀ ਡਾਇਲਸਿਸ ਹਸਪਤਾਲ ਨੂੰ ਸ਼ੁਰੂ ਕਰਨ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਕਿਡਨੀ ਡਾਇਲਸਿਸ ਸੈਂਟਰ ਦੀ ਸ਼ੁਰੂਆਤ 7 ਮਾਰਚ ਨੂੰ ਕੀਤੀ ਜਾ ਰਹੀ ਹੈ।
ਸ੍ਰੀ ਸਿਰਸਾ ਨੇ ਦੱਸਿਆ ਕਿ ਬਾਲਾ ਸਾਹਿਬ ਹਸਪਤਾਲ ਵਿਚ ਬਣ ਰਿਹਾ ਇਹ ਕਿਡਨੀ ਡਾਇਲਸਿਸ ਸੈਂਟਰ ਦੇਸ਼ ਦਾ ਸਭ ਤੋਂ ਵੱਡਾ ਡਾਇਲਸਿਸ ਕੇਂਦਰ ਹੋਵੇਗਾ ਜਿਥੇ ਇਕ ਸਮੇਂ ਵਿਚ 100 ਵਿਅਕਤੀਆਂ ਦਾ ਡਾਇਲਿਸਸ ਕੀਤਾ ਜਾ ਸਕੇਗਾ ਤੇ ਰੋਜ਼ਾਨਾ 500 ਦੇ ਕਰੀਬ ਮਰੀਜ਼ਾਂ ਦਾ ਡਾਇਲਿਸਸ ਕੀਤਾ ਜਾ ਸਕੇਗਾ। ਉਹਨਾਂ ਦੱਸਿਆ ਕਿ ਇਥੇ ਡਾਇਲਸਿਸ ਦੀਆਂ ਦਰਾਂ ਵੀ ਸਭ ਤੋਂ ਸਸਤੀਆਂ ਹੋਣਗੀਆਂ। ਉਹਨਾਂ ਕਿਹਾ ਕਿ ਲੋੜਵੰਦ ਮਰੀਜ਼ਾਂ ਦੇ ਮੁਫਤ ਡਾਇਲਸਿਸ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ।
ਸ੍ਰੀ ਸਿਰਸਾ ਨੇ ਦੱਸਿਆ ਕਿ ਇਸਦੇ ਨਾਲ ਹੀ ਅਸੀਂ ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ ਵਿਚ ਗੁਰੂ ਹਰਿਸ਼ਿਨ ਡਿਸਪੈਂਸਰੀ ਵਿਚ ਦੇਸ਼ ਦਾ ਸਭ ਤੋਂ ਸਸਤਾ ਐਮ ਆਰ ਆਈ ਅਤੇ ਸੀ ਟੀ ਸਕੈਨ ਸੈਂਟਰ ਵੀ ਸ਼ੁਰੂ ਕਰਨ ਜਾ ਰਹੇ ਹਾਂ। ਉਹਨਾਂ ਦੱਸਿਆ ਕਿ ਇਸ ਸੈਂਟਰ ਵਿਚ ਐਮ ਆਰ ਆਈ ਤੇ ਸੀ ਟੀ ਸਕੈਨ ਤੋਂ ਇਲਾਵਾ ਐਕਸ ਰੇਅ ਤੇ ਹੋਰ ਟੈਸਟ ਵੀ ਨਾਂ ਮਾਤਰ ਫੀਸ ’ਤੇ ਕੀਤੇ ਜਾਣਗੇ।
ਉਹਨਾਂ ਕਿਹਾ ਕਿ ਪਿਛਲੇ ਦਿਨੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਆਪ ਇਹਨਾਂ ਦੋਵਾਂ ਥਾਵਾਂ ਦਾ ਦੌਰਾ ਕਰ ਚੁੱਕੇ ਹਨ ਅਤੇ ਉਹਨਾਂ ਨੇ ਗੁਰਦੁਆਰਾ ਸਾਹਿਬਾਨ ਅੰਦਰ ਅਜਿਹੀ ਸਹੂਲਤ ਦੀ ਜ਼ਰੂਰਤ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਅੱਜ ਤਿਆਰੀਆਂ ਦਾ ਜਾਇਜ਼ਾ ਲਿਆ ਹੈ ਤੇ ਉਹਨਾਂ ਨੁੰ ਖੁਸ਼ੀ ਹੈ ਕਿ ਇਹ ਸੇਵਾਵਾਂ ਜਲਦ ਹੀ ਮਨੁੱਖਤਾ ਦੀ ਸੇਵਾ ਵਿਚ ਹਾਜ਼ਰ ਹੋਣਗੀਆਂ।
ਯਾਦ ਰਹੇ ਕਿ ਕਿਡਨੀ ਡਾਇਲਿਸਸ ਸੈਂਟਰ ਦੇ ਨਾਲ ਨਾਲ ਡਾਇਗਨਾਸਟਿਕ ਸੈਂਟਰ ਲਈ ਅਤਿ ਆਧੁਨਿਕ ਮਸ਼ੀਨਰੀ ਦਿੱਲੀ ਗੁਰਦੁਆਰਾ ਕਮੇਟੀ ਨੇ ਮੰਗਵਾਈ ਹੈ ਜਿਸਦਾ ਸੰਗਤ ਨੁੰ ਵੱਡਾ ਲਾਭ ਮਿਲੇਗਾ।
ਇਸ ਤੋਂ ਪਹਿਲਾਂ ਕਮੇਟੀ ਵੱਲੋਂ ਬਾਲਾ ਪ੍ਰੀਤਮ ਦਵਾਖਾਨੇ ਖੋਲੇ ਗਏ ਸਨ ਜਿਸ ਵਿਚ ਬਜ਼ਾਰ ਨਾਲੋਂ 10 ਤੋਂ 90 ਫੀਸਦੀ ਤੱਕ ਸਸਤੀਆਂ ਦਵਾਈਆਂ ਮਿਲਦੀਆਂ ਹਨ। ਇਹੀ ਨਹੀਂ ਬਲਕਿ ਕਮੇਟੀ ਵੱਲੋਂ ਕਰੋਨਾ ਕਾਲ ਵਿਚ ਮੁਫਤ ਐਂਬੂਲੈਂਸ ਸੇਵਾ ਵੀ ਪ੍ਰਦਾਨ ਕੀਤੀ ਗਈ।