Saturday, December 9, 2023

ਵਾਹਿਗੁਰੂ

spot_img
spot_img

66 ਨਾਮਧਾਰੀ ਸ਼ਹੀਦਾਂ ਦੀ ਯਾਦ ’ਚ ਸਮਾਗਮ ਮੌਕੇ ਬਲਬੀਰ ਸਿੰਘ ਸਿੱਧੂ ਵੱਲੋਂ ਯਾਦਗਾਰ ਲਈ 10 ਲੱਖ ਰੁਪਏ ਦੇਣ ਦਾ ਐਲਾਨ

- Advertisement -

ਚੰਡੀਗੜ/ਮਲੇਰਕੋਟਲਾ, 17 ਜਨਵਰੀ, 2020 –
ਪੰਜਾਬ ਸਰਕਾਰ ਵੱਲੋਂ ਨਾਮਧਾਰੀ ਸ਼ਹੀਦੀ ਸਮਾਰਕ ਵਿਖੇ ਆਯੋਜਿਤ ਰਾਜ ਪੱਧਰੀ ਸ਼ਹੀਦੀ ਸਮਾਰੋਹ ਮੌਕੇ 66 ਨਾਮਧਾਰੀ ਸਿੱਖ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ 17-18 ਜਨਵਰੀ 1872 ਨੂੰ ਮਲੇਰਕੋਟਲਾ ਵਿਖੇ ਨਾਮਧਾਰੀ ਸਿੱਖਾਂ ਨੂੰ ਤੋਪਾਂ ਸਾਹਮਣੇ ਖੜਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਅਤੇ ਇਹਨਾਂ ਸ਼ਹੀਦਾਂ ਦੀਆਂ ਮਹਾਨ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।

ਨਾਮਧਾਰੀ ਸੰਗਤਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੇਸ਼ ਦੀ ਅਜ਼ਾਦੀ ਲਹਿਰ ‘ਚ ਨਾਮਧਾਰੀ ਸੰਪਰਦਾ ਵੱਲੋਂ ਪਾਏ ਯੋਗਦਾਨ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਨਾ-ਮਿਲਵਰਤਨ ਲਹਿਰ ਦੇ ਮੋਢੀ ਸਤਿਗੁਰੂ ਰਾਮ ਸਿੰਘ ਜੀ ਵੱਲੋਂ ਕੂਕਾ ਅੰਦੋਲਨ ਦੇ ਤਹਿਤ ਜਿਥੇ ਵੱਖ-ਵੱਖ ਸਮਾਜਿਕ ਬੁਰਾਈਆਂ ਦੇ ਖਾਤਮੇ ‘ਚ ਯੋਗਦਾਨ ਪਾਇਆ ਗਿਆ।

ਉਥੇ ਹੀ ਸਮਾਜ ਵਿੱਚ ਲੜਕੀਆਂ ਨੂੰ ਬਰਾਬਰੀ ਦੇ ਅਧਿਕਾਰ ਦਿਵਾਉਣ ਲਈ ਵੀ ਲਗਾਤਾਰ ਸਰਗਰਮ ਰਹੇ। ਉਹਨਾਂ ਕਿਹਾ ਕਿ ਸਤਿਗੁਰੂ ਰਾਮ ਸਿੰਘ ਜੀ ਜੰਗ-ਏ-ਆਜ਼ਾਦੀ ਦੇ ਮੋਢੀ ਅਤੇ ਮਹਾਨ ਕ੍ਰਾਂਤੀਕਾਰੀ ਸਨ ਜਿਹਨਾਂ ਨੇ ਸਮਾਜਿਕ ਕੁਰੀਤੀਆਂ ਖਿਲਾਫ਼ ਜ਼ੋਰਦਾਰ ਮੁਹਿੰਮ ਚਲਾਈ ।

ਇਸ ਮੌਕੇ ਕੈਬਨਿਟ ਮੰਤਰੀ ਸ਼੍ਰੀ ਸਿੱਧੂ ਨੇ ਨਾਮਧਾਰੀ ਸਤਿਗੁਰੂ ਉਦੈ ਸਿੰਘ ਦੀ ਹਾਜ਼ਰੀ ਵਿੱਚ ਇਕੱਤਰ ਹੋਈ ਵੱਡੀ ਗਿਣਤੀ ਸੰਗਤਾਂ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਨਾਮਧਾਰੀ ਸ਼ਹੀਦੀ ਸਮਾਰਕ ਲਈ 10 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਜਾਵੇਗੀ।

ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ੍ਰੀ ਭੈਣੀ ਸਾਹਿਬ ਵਿਖੇ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਹਸਪਤਾਲ ਨੂੰ ਅਪਗ੍ਰੇਡ ਕੀਤਾ ਜਾਵੇਗਾ ਅਤੇ ਲੋੜ ਮੁਤਾਬਕ ਡਾਕਟਰਾਂ ਦੀ ਤਾਇਨਾਤੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸ਼੍ਰੀ ਭੈਣੀ ਸਾਹਿਬ ਵਿਖੇ ਕੌਮੀ ਖੇਡ ਹਾਕੀ ਦੇ ਐਸਟਰੋਟਰਫ਼ ਦਾ ਵੀ ਨਿਰਮਾਣ ਕੀਤਾ ਜਾਵੇਗਾ ਤਾਂ ਜੋ ਬੱਚਿਆਂ ਤੇ ਨੌਜਵਾਨਾਂ ਨੂੰ ਇਸ ਖੇਡ ਨਾਲ ਜੋੜਿਆ ਜਾ ਸਕੇ।

ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਸੁਲਤਾਨਪੁਰ ਲੋਧੀ ਦੇ ਵਿਧਾਇਕ ਸ਼੍ਰੀ ਨਵਤੇਜ ਸਿੰਘ ਚੀਮਾ ਨੇ ਨਾਮਧਾਰੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਇਹ ਸ਼ਹੀਦੀ ਸਾਕਾ ਦੁਨੀਆਂ ਦੀ ਵਿਲੱਖਣ ਘਟਨਾ ਹੈ ਅਤੇ ਜਿਹੜੇ ਸੂਰਵੀਰਾਂ ਨੇ ਦੇਸ਼ ਵਾਸਤੇ ਆਪਣੀ ਜਾਨ ਨਿਛਾਵਰ ਕਰ ਦਿੱਤੀ ਹੈ

ਉਹਨਾਂ ਦੀ ਮਹਾਨ ਦੇਣ ਬਾਰੇ ਜਾਣੂ ਕਰਵਾਉਣ ਲਈ ਅਜਿਹੇ ਉਪਰਾਲੇ ਸਾਰਥਕ ਹੁੰਦੇ ਹਨ। ਉਹਨਾਂ ਕਿਹਾ ਕਿ ਧਰਮ ਵਿੱਚ ਪਰਪੱਕ ਰਹਿਣ ਵਾਲੇ ਹੀ ਦੁਨੀਆਂ ਵਿੱਚ ਮਿਸਾਲ ਕਾਇਮ ਕਰਦੇ ਹਨ ਅਤੇ ਨਾਮਧਾਰੀ ਸਿੰਘਾਂ ਦੀ ਮਹਾਨ ਸ਼ਹਾਦਤ ਤੋਂ ਸੇਧ ਲੈਣ ਦੀ ਲੋੜ ਹੈ।

ਸਮਾਗਮ ਦੌਰਾਨ ਨਾਮਧਾਰੀ ਦਰਬਾਰ ਦੇ ਪ੍ਰਧਾਨ ਨਾਮਧਾਰੀ ਹਰਿੰਦਰ ਸਿੰਘ ਹੰਸਪਾਲ, ਵਿਸ਼ਵ ਨਾਮਧਾਰੀ ਸੰਗਤ ਦੇ ਪ੍ਰਧਾਨ ਸੁਰਿੰਦਰ ਸਿੰਘ ਨਾਮਧਾਰੀ, ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ, ਵਧੀਕ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ, ਐਸ.ਐਸ.ਪੀ ਡਾ. ਸੰਦੀਪ ਗਰਗ, ਐਸ.ਡੀ.ਐਮ ਵਿਕਰਮਜੀਤ ਸਿੰਘ ਪਾਂਥੇ, ਹਰਕੇਸ਼ ਚੰਦ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨਾਮਧਾਰੀ ਸੰਪਰਦਾ ਦੇ ਆਗੂ ਤੇ ਸੰਗਤ ਵੀ ਹਾਜ਼ਰ ਸੀ।

- Advertisement -

YES PUNJAB

Transfers, Postings, Promotions

Stay Connected

223,718FansLike
113,236FollowersFollow

ENTERTAINMENT

Punjab News

NRI - OCI

SPORTS

Health & Fitness

Gadgets & Tech