64ਵੀਂ ਰਾਸ਼ਟਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ ਨਿਸ਼ਾਨੇਬਾਜ਼ ਮਹਿਕ ਜਟਾਣਾ ਨੇ 2 ਚਾਂਦੀ ਅਤੇ 2 ਕਾਂਸੀ ਦੇ ਤਗਮੇ ਜਿੱਤ ਕੇ ਨਾਮਣਾ ਖੱਟਿਆ

ਯੈੱਸ ਪੰਜਾਬ
ਬਠਿੰਡਾ, 15 ਦਸੰਬਰ, 2021 –
ਗਿਆਨੀ ਜ਼ੈਲ ਸਿੰਘ ਕੈਂਪਸ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੀ ਵਿਦਿਆਰਥਣ ਮਹਿਕ ਜਟਾਣਾ ਨੇ ਭੋਪਾਲ (ਮੱਧ ਪ੍ਰਦੇਸ਼) ਵਿੱਚ ਹਾਲ ਹੀ ਵਿਚ ਆਯੋਜਿਤ 64ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ (ਰਾਈਫਲ) 2021 ਵਿੱਚ 2 ਚਾਂਦੀ ਅਤੇ 2 ਕਾਂਸੀ ਦੇ ਤਗਮੇ ਜਿੱਤ ਕੇ ਸੰਸਥਾ ਦਾ ਨਾਂ ਰੋਸ਼ਨ ਕੀਤਾ ਹੈ।

ਮਹਿਕ ਜਟਾਣਾ ਨੇ ਐਮ.ਪੀ. ਸ਼ੂਟਿੰਗ ਅਕੈਡਮੀ ਵਿੱਚ ਹੋਈ ਇਸ ਚੈਂਪੀਅਨਸ਼ਿਪ ਵਿੱਚ 50 ਮੀਟਰ ਜੂਨੀਅਰ ਸਿਵਲੀਅਨ ਵਰਗ ਅਤੇ ਸੀਨੀਅਰ ਸਿਵਲੀਅਨ ਵਰਗ ਵਿੱਚ ਤੀਜਾ ਸਥਾਨ ਹਾਸਲ ਕਰਕੇ ਦੋ ਚਾਂਦੀ ਦੇ ਤਗਮੇ ਜਿੱਤੇ। ਇਸੇ ਤਰ੍ਹਾਂ 50 ਮੀਟਰ ਪ੍ਰੋਨ ਸੀਨੀਅਰ ਵਰਗ ਅਤੇ ਜੂਨੀਅਰ ਵਰਗ ਵਿੱਚ ਦੋ ਕਾਂਸੀ ਦੇ ਤਗਮੇ ਜਿੱਤ ਕੇ ਤੀਜਾ ਸਥਾਨ ਹਾਸਲ ਕੀਤਾ।

ਮਹਿਕ ਜਟਾਣਾ ਗਿਆਨੀ ਜ਼ੈਲ ਸਿੰਘ ਕੈਂਪਸ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਵਿੱਚ ਕੰਪਿਊਟਰ ਸਾਇੰਸ ਐਂਡ ਇੰਜਨੀਅਰਿੰਗ (ਸੀ.ਐਸ.ਈ.-2018 ਬੈਚ) ਦੀ ਅੰਤਿਮ ਸਾਲ ਦੀ ਵਿਦਿਆਰਥਣ ਹੈ।

ਐਮ.ਆਰ.ਐਸ.ਪੀ.ਟੀ.ਯੂ. ਦੇ ਵਾਈਸ ਚਾਂਸਲਰ ਪ੍ਰੋ: ਬੂਟਾ ਸਿੰਘ ਸਿੱਧੂ, ਰਜਿਸਟਰਾਰ ਡਾ: ਗੁਰਿੰਦਰ ਪਾਲ ਸਿੰਘ ਬਰਾੜ, ਕੈਂਪਸ ਡਾਇਰੈਕਟਰ ਡਾ: ਅਸ਼ੋਕ ਗੋਇਲ, ਡਾਇਰੈਕਟਰ ਸਪੋਰਟਸ ਐਂਡ ਯੁਵਕ ਭਲਾਈ ਡਾ: ਭੁਪਿੰਦਰ ਪਾਲ ਸਿੰਘ ਢੋਟ ਅਤੇ ਅਤੇ ਸੀ.ਐਸ.ਈ. ਵਿਭਾਗ ਦੇ ਫੈਕਲਟੀ ਨੇ ਮਹਿਕ ਜਟਾਣਾ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ | ਉਨ੍ਹਾਂ ਇਸ ਪ੍ਰਾਪਤੀ ਲਈ ਉਸ ਦੇ ਮਾਤਾ-ਪਿਤਾ ਅਤੇ ਕੋਚ ਨੂੰ ਵੀ ਸ਼ੁਭਕਾਮਨਾਵਾਂ ਦਿੱਤੀਆਂ।

ਡਾ: ਢੋਟ ਨੇ ਅੱਗੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਮਹਿਕ ਜਟਾਣਾ ਦਾ ਨਿੱਘਾ ਸੁਆਗਤ ਕੀਤਾ ਜਾਵੇਗਾ ਅਤੇ ਜਲਦੀ ਹੀ ਯੂਨੀਵਰਸਿਟੀ ਵਿੱਚ ਉਹਨਾਂ ਦਾ ਸਨਮਾਨ ਕਰਨ ਲਈ ਇੱਕ ਸਮਾਗਮ ਵਿੱਚ ਉਨ੍ਹਾਂ ਦੀ ਸਹੂਲਤ ਲਈ ਪ੍ਰੋਗਰਾਮ ਉਲੀਕਿਆ ਜਾਵੇਗਾ।

ਮਹਿਕ ਨੂੰ ਉਸਦੇ ਕੋਚ ਸ਼੍ਰੀ ਗੁਰਪਾਲ ਸਿੰਘ ਅਤੇ ਸ੍ਰੀਮਤੀ ਵੀਰਪਾਲ ਕੌਰ ਦੁਆਰਾ ਸਿਖਲਾਈ ਦਿੱਤੀ ਗਈ। ਉਸ ਦੇ ਮਾਤਾ-ਪਿਤਾ ਡਾ: ਸੁਖਜੀਤ ਸਿੰਘ ਜਟਾਣਾ ਅਤੇ ਡਾ: ਇੰਦਰਾਣੀ ਜਟਾਣਾ ਨੇ ਬਹੁਤ ਮਿਹਨਤ ਕੀਤੀ ਅਤੇ ਰਾਸ਼ਟਰੀ ਪੱਧਰ ‘ਤੇ ਪ੍ਰਾਪਤੀ ਲਈ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ