spot_img
35.1 C
Delhi
Monday, June 17, 2024
spot_img

6 ਗੈਂਗਸਟਰ ਗ੍ਰਿਫ਼ਤਾਰ, ਕਤਲ ਕੇਸ ਹੱਲ, 8 ਪਿਸਤੌਲਾਂ ਬਰਾਮਦ: ਐੱਸ.ਐੱਸ.ਪੀ. ਨਵਜੋਤ ਮਾਹਲ

ਯੈੱਸ ਪੰਜਾਬ
ਹੁਸ਼ਿਆਰਪੁਰ, 10 ਨਵੰਬਰ, 2020:
ਜ਼ਿਲ੍ਹਾ ਪੁਲਿਸ ਨੇ ਗੈਂਗਸਟਰਾਂ ਅਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ 6 ਗੈਂਗਸਟਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ 8 ਪਿਸਤੌਲਾਂ, ਜਿੰਦਾ ਕਾਰਤੂਸ, ਕਾਰ, ਮੋਟਰ ਸਾਈਕਲ ਆਦਿ ਬਰਾਮਦ ਕੀਤੇ ਹਨ।

ਵੱਖ-ਵੱਖ ਮਾਮਲਿਆਂ ਵਿੱਚ ਲੋੜੀਂਦੇ ਇਨ੍ਹਾਂ ਮੁਲਜ਼ਮਾਂ ਦੀ ਪਛਾਣ ਪ੍ਰਣਵ ਸਹਿਗਲ ਉਰਫ ਪਾਰੂ ਵਾਸੀ ਵਿਕਾਸ ਨਗਰ ਰਾਹੋਂ ਰੋਡ ਨਵਾਂਸ਼ਹਿਰ, ਰਜਤ ਵਾਸੀ ਕੀਰਤੀ ਨਗਰ ਹੁਸ਼ਿਆਰਪੁਰ ਜਸਮੀਤ ਸਿੰਘ ਉਰਫ ਲੱਕੀ, ਵਾਸੀ ਰਾਏਪੁਰ, ਹੁਸ਼ਿਆਰਪੁਰ, ਸੁਨੀਲ ਕੁਮਾਰ ਉਰਫ ਮੋਨੂ ਗੁੱਜਰ ਵਾਸੀ ਹਾਜੀਪੁਰ, ਗੜ੍ਹਸ਼ੰਕਰ, ਪਰਮਜੀਤ ਲਾਲ ਉਰਫ ਪੰਮਾ ਵਾਸੀ ਨਾਰੂ ਨੰਗਲ ਅਤੇ ਵਰਿੰਦਰਜੀਤ ਸਿੰਘ ਉਰਫ ਸਾਬੀ ਵਾਸੀ ਬੱਸੀ ਜਾਨਾ ਵਜੋਂ ਹੋਈ ਹੈ।

ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵਲੋਂ ਗੈਂਗਸਟਰਾਂ ਅਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਨੂੰ ਨੱਥ ਪਾਉਣ ਲਈ ਐਸ.ਪੀ. (ਡੀ) ਰਵਿੰਦਰ ਪਾਲ ਸਿੰਘ ਸੰਧੂ, ਡੀ.ਐਸ.ਪੀ. (ਡੀ) ਰਾਕੇਸ਼ ਕੁਮਾਰ, ਸੀ.ਆਈ.ਏ. ਇੰਚਾਰਜ ਸ਼ਿਵ ਕੁਮਾਰ, ਐਸ.ਐਚ.ਓ. ਬੁਲੋਵਾਲ ਪ੍ਰਦੀਪ ਸਿੰਘ ਅਤੇ ਮਾਡਲ ਟਾਊਨ ਥਾਣਾ ਮੁੱਖੀ ਕਰਨੈਲ ਸਿੰਘ ’ਤੇ ਆਧਾਰਤ ਟੀਮ ਬਣਾਈ ਗਈ ਸੀ ਜਿਸ ਵਲੋਂ ਵੱਖ-ਵੱਖ ਮੁਕੱਦਮਿਆਂ ਵਿੱਚ ਲੋੜੀਂਦੇ 6 ਗੈਂਗਸਟਰਾਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਪੁਲਿਸ ਵਲੋਂ ਭੈੜੇ ਅਨਸਰਾਂ ਖਿਲਾਫ਼ ਕੀਤੀਆਂ ਜਾ ਰਹੀਆਂ ਲਗਾਤਾਰ ਕਾਰਵਾਈਆਂ ਜੁਰਮ ਨੂੰ ਅਸਰਦਾਰ ਢੰਗ ਨਾਲ ਰੋਕਣ ਵਿੱਚ ਸਹਾਈ ਹੋਣਗੀਆਂ ਅਤੇ ਇਨ੍ਹਾਂ ਗ੍ਰਿਫਤਾਰੀਆਂ ਨਾਲ ਹੋਰਨਾਂ ਮਾਮਲਿਆਂ ਨੂੰ ਹੱਲ ਕਰਨ ਅਤੇ ਲੋੜੀਂਦੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਮਦਦ ਮਿਲੇਗੀ।

ਇਸ ਸਬੰਧੀ ਇਕ ਹੋਰ ਜਾਣਕਾਰੀ ਦਿੰਦਿਆਂ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ 8 ਨਵੰਬਰ ਨੂੰ ਸੀ.ਆਈ.ਏ. ਇੰਚਾਰਜ ਸ਼ਿਵ ਕੁਮਾਰ ਅਤੇ ਪੁਲਿਸ ਪਾਰਟੀ ਵਲੋਂ ਪ੍ਰਣਵ ਸਹਿਗਲ ਅਤੇ ਰਜਤ ਨੂੰ ਬਸੀ ਮਰੂਫ ਤੋਂ ਕਾਬੂ ਕੀਤਾ ਗਿਆ ਜਿਨ੍ਹਾਂ ਵਿਰੁੱਧ ਥਾਣਾ ਹਰਿਆਣਾ ਵਿੱਚ ਆਈ.ਪੀ.ਸੀ. ਦੀ ਧਾਰਾ 506, 25 ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਪਾਸੋਂ 2 ਨਜਾਇਜ਼ ਪਿਸਤੌਲ, 5 ਜਿੰਦਾ ਕਾਰਤੂਸ ਅਤੇ ਮੋਟਰਸਾਈਕਲ ਬਰਾਮਦ ਹੋਏ। ਜ਼ਿਕਰਯੋਗ ਹੈ ਕਿ ਪ੍ਰਣਵ ਸਹਿਗਲ ਦੀ ਉਮਰ ਸਿਫ਼ਰ 20 ਸਾਲ ਹੈ ਜੋ ਕਿ ਪਹਿਲਾਂ ਹੀ ਸੋਢੀ ਕਾਰ ਬਾਜ਼ਾਰ ਦਸੂਹਾ ਦੇ ਮਾਲਕ ਦੇ ਕਤਲ ਕੇਸ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨਾਲ ਸਬੰਧਤ 3 ਹੋਰ ਇਰਾਦਾ ਕਤਲ ਦੇ ਮਾਮਲਿਆਂ ਵਿੱਚ ਲੋੜੀਂਦਾ ਸੀ ਜਿਸ ਵਿੱਚ ਇਕ ਕਬੱਡੀ ਕੱਪ ਦੌਰਾਨ ਇਕ ਐਨ.ਆਰ.ਆਈ. ਉਤੇ ਫਾਇਰ ਵੀ ਸ਼ਾਮਲ ਹੈ। ਮੁਲਜ਼ਮ ਪ੍ਰਣਵ ਸਹਿਗਲ ਕਈ ਕੇਸਾਂ ਵਿੱਚ ਲੋੜੀਂਦੇ ਰਾਕੇਸ਼ ਖਤਰੀ ਅਤੇ ਉਰਫ ਸੋਨੂੰ ਖਤਰੀ ਵਾਸੀ ਬਲਾਚੌਰ ਦੇ ਪ੍ਰਭਾਵ ਹੇਠ ਕੰਮ ਕਰਦਾ ਸੀ।

ਐਸ.ਐਸ.ਪੀ. ਨੇ ਦੱਸਿਆ ਕਿ ਥਾਣਾ ਬੁੱਲੋਵਾਲ ਦੀ ਪੁਲਿਸ ਨੇ ਜਸਮੀਤ ਸਿੰਘ ਉਰਫ ਲੱਕੀ, ਸੁਨੀਲ ਕੁਮਾਰ ਉਰਫ ਮੋਨੂੰ ਗੁੱਜਰ ਅਤੇ ਪਰਮਜੀਤ ਉਰਫ ਪੰਮਾ ਨੂੰ ਪਿੰਡ ਚੱਕੋਵਾਲ ਬ੍ਰਾਹਮਣਾਂ ਤੋਂ ਗ੍ਰਿਫਤਾਰ ਕੀਤਾ ਜੋ ਕਿ ਗੈਂਗਸਟਰ ਰਵੀ ਬਲਾਚੌਰੀਆ ਦੇ ਨਜ਼ਦੀਕੀ ਹਨ।

ਇਨ੍ਹਾਂ ਮੁਲਜ਼ਮਾਂ ਦੇ ਕਬਜੇ ਵਿੱਚੋਂ 5 ਪਿਸਤੌਲ 32 ਬੋਰ, 22 ਰੌਂਦ, 50 ਗ੍ਰਾਮ ਹੈਰੋਇਨ ਅਤੇ ਹੋਂਡਾਸਿਟੀ ਕਾਰ ਬਰਾਮਦ ਕੀਤੀ ਗਈ। ਇਨ੍ਹਾਂ ਖਿਲਾਫ਼ ਥਾਣਾ ਬੁੱਲੋਵਾਲ ਵਿੱਚ ਐਨ.ਡੀ.ਸੀ.ਐਸ. ਐਕਟ ਦੀ ਧਾਰਾ 21-61-85 ਅਤੇ 25 ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਲੱਕੀ ਅਤੇ ਮੋਨੂੰ ਗੁੱਜਰ ਨਸ਼ਾ ਅਤੇ ਇਰਾਦਾ ਕਤਲ ਦੇ ਕੇਸਾਂ ਵਿੱਚ ਪਹਿਲਾਂ ਹੀ ਲੋੜੀਂਦੇ ਸਨ ਜਿਨ੍ਹਾਂ ਖਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਕਤਲ ਅਤੇ ਸੰਗੀਨ ਜ਼ੁਰਮਾਂ ਦੇ ਮਾਮਲੇ ਦਰਜ਼ ਹਨ। ਪੰਮਾ ਇਕ ਪੁਲਿਸ ਅਧਿਕਾਰੀ ਦੇ ਪੁੱਤਰ ਦੇ ਕਤਲ ਦੇ ਸਬੰਧ ਵਿੱਚ ਦਰਜ ਮੁਕੱਦਮੇ ਤਹਿਤ 28 ਸਤੰਬਰ 2020 ਨੂੰ ਜਮਾਨਤ ’ਤੇ ਆਇਆ ਹੋਇਆ ਸੀ।

ਬੀਤੇ ਦਿਨੀਂ ਰਾਜਧਾਨੀ ਟਰਾਂਸਪੋਰਟ ਦੇ ਦਫ਼ਤਰ ਵਿੱਚ ਗੋਲੀ ਚਲਾ ਕੇ ਫਰਾਰ ਹੋਏ ਵਰਿੰਦਰਜੀਤ ਸਿੰਘ ਉਰਫ ਸਾਬੀ ਵਾਸੀ ਬਸੀ ਜਾਨਾ ਨੂੰ ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਬੀ.ਡੀ.ਪੀ.ਓ. ਦਫ਼ਤਰ ਨੇੜਿਓਂ ਗ੍ਰਿਫਤਾਰ ਕਰਕੇ ਉਸ ਪਾਸੋਂ 32 ਬੋਰ ਦਾ ਪਿਸਤੌਲ ਅਤੇ 4 ਰੌਂਦ ਬਰਾਮਦ ਕਰਕੇ ਆਈ.ਪੀ.ਸੀ. ਦੀ ਧਾਰਾ 336, 506 ਅਤੇ 25 ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION