ਇੰਡੀਆ ਗੇਟ ਵਿਖੇ ਸ਼ਬਦ ਅਨਾਹਦ ਪ੍ਰੋਗਰਾਮ – 550 ਕੀਰਤਨੀਏ ਇਕੋ ਜੱਥੇ ਦੇ ਰੂਪ ‘ਚ ਕਰਨਗੇ ਸੰਗਤਾਂ ਨੂੰ ਮੰਤਰ ਮੁਗਧ: ਸਿਰਸਾ

ਨਵੀਂ ਦਿੱਲੀ, 11 ਅਕਤੂਬਰ, 2019 –

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 12 ਅਕਤੂਬਰ ਨੂੰ ਸ਼ਾਮ 6 ਵਜੇ ਇੰਡੀਆ ਗੇਟ ਵਿਖੇ ‘ਸਬਦ ਅਨਾਹਦ’ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜਿਸ ਵਿਚ 550 ਕੀਰਤੀਏ ਇਕੋ ਜੱਥੇ ਦੇ ਰੂਪ ਵਿਚ ਗੁਰੂ ਕੀ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤ ਨੂੰ ਮੰਤਰ ਮੁਗਧ ਕਰਨਗੇ। ਇਹ ਪ੍ਰਗਟਾਵਾ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ ਹੈ।

ਇਥੇ ਪ੍ਰੋਗਰਾਮ ਵਾਲੀ ਥਾਂ ‘ਤੇ ਤਿਆਰੀਆਂ ਦਾ ਜਾਇਜ਼ਾ ਲੈਣ ਮਗਰੋਂ ਗੱਲਬਾਤ ਕਰਦਿਆਂ ਸ੍ਰੀ ਸਿਰਸਾ ਨੇ ਆਖਿਆ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਪ੍ਰੋਗਰਾਮ ਆਪਣੇ ਆਪ ਵਿਚ ਵਿਲੱਖਣ ਹੋਵੇਗਾ ਅਤੇ ਅਜਿਹਾ ਅਦਭੁਤ ਨਜ਼ਾਰਾ ਪਹਿਲਾਂ ਕਦੀ ਨਹੀਂ ਵੇਖਿਆ ਹੋਵੇਗਾ।

ਉਹਨਾਂ ਕਿਹਾ ਕਿ ਪਹਿਲੀ ਵਾਰ 550 ਸਾਲਾ ਕੀਰਤਨੀਏ ਇਕੋ ਮੰਚ ‘ਤੇ ਇਕੋ ਜੱਥੇ ਦੇ ਰੂਪ ਵਿਚ ਗੁਰੂ ਕੀ ਇਲਾਹੀ ਬਾਣੀ ਦਾ ਕੀਰਤਨ ਕਰਨਗੇ। ਉਹਨਾਂ ਕਿਹਾ ਕਿ ਇਹ ਕੀਰਤਨੀਏ ਸਿੰਘ ਗੁਰੂ ਨਾਨਕ ਦੇਵ ਜੀ ਦੀ ਉਸਤਤ ਵਿਚ ਸ਼ਬਦ ਗਾਇਨ ਕਰਨਗੇ ਅਤੇ ਪ੍ਰੋਗਰਾਮ ਵਿਚ ਹਾਜ਼ਰ ਸੰਗਤ ਨੂੰ ਗੁਰੂ ਸਾਹਿਬ ਨਾਲ ਜੋੜਨ ਦਾ ਯਤਨ ਕਰਨਗੇ।

ਸ੍ਰੀ ਸਿਰਸਾ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਉਤੇ ਗਏ ਪ੍ਰੋਗਰਾਮਾਂ ਦੀ ਲੜੀ ਵਿਚ ‘ਸ਼ਬਦ ਅਨਾਹਦ’ ਇਕ ਅਹਿਮ ਪ੍ਰੋਗਰਾਮ ਹੈ। ਉਹਨਾਂ ਕਿਹਾ ਕਿ ਉਝ ਤਾਂ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਇਕ ਸਾਲ ਅੰਦਰ ਕੀਤੇ ਗਏ ਸਾਰੇ ਹੀ ਪ੍ਰੋਗਰਾਮ ਆਪਣੇ ਆਪ ਵਿਚ ਵਿਲੱਖਣ ਹਨ ਪਰ ਦੇਸ਼ ਵਿਚ ਵਿਸ਼ੇਸ਼ ਅਹਿਮੀਅਤ ਰੱਖਦੇ ਇੰਡੀਆ ਗੇਟ ‘ਤੇ ਇਸ ਕਿਸਮ ਦੇ ਵਿਲੱਖਣ ਪ੍ਰੋਗਰਾਮ ਨੂੰ ਹਮੇਸ਼ਾ ਹੀ ਇਤਿਹਾਸ ਵਿਚ ਯਾਦ ਰੱਖਿਆ ਜਾਵੇਗਾ।

ਉਹਨਾਂ ਕਿਹਾ ਕਿ ਸਾਡਾ ਨਿਮਾਣਾ ਯਤਨ ਹੈ ਕਿ ਗੁਰੂ ਕੀ ਇਲਾਹੀ ਬਾਣੀ ਦੇ ਨਾਲ ਸੰਗਤ ਨੂੰ ਵੱਧ ਤੋਂ ਵੱਧ ਜੋੜੀਏ ਤੇ ਦੱਸੀਏ ਕਿ ਗੁਰੂ ਨਾਨਕ ਦੇਵ ਜੀ ਸਮੁੱਚੀ ਮਾਨਵਤਾ ਦੇ ਗੁਰੂ ਸਨ ਜਿਹਨਾਂ ਨੇ ਸੰਸਾਰ ਨੂੰ ਆਪਸ ਵਿਚ ਜੋੜਨ ਵਾਸਤੇ ਵੱਡੇ ਉਪਰਾਲੇ ਕੀਤੇ।

ਸ੍ਰੀ ਸਿਰਸਾ ਨੇ ਕਿਹਾ ਕਿ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹਨਾਂ ਪ੍ਰੋਗਰਾਮਾਂ ਨੂੰ ਦਿੱਲੀ ਦੀ ਸੰਗਤ ਵੱਲੋਂ ਵੱਡਾ ਹੁੰਗਾਰਾ ਮਿਲਿਆ ਹੈ ਤੇ ਸੰਗਤ ਦੇ ਸਹਿਯੋਗ ਨਾਲ ਭਵਿੱਖ ਦੇ ਪ੍ਰੋਗਰਾਮ ਵੀ ਪੂਰੇ ਜੋਸ਼, ਉਤਸ਼ਾਹ ਤੇ ਸ਼ਰਧਾ ਤੇ ਸਤਿਕਾਰ ਨਾਲ ਆਯੋਜਿਤ ਕੀਤੇ ਜਾਣਗੇ।

ਦਿੱਲੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਦੇਸ਼ ਦੇ ਗ੍ਰਹਮੰਤਰੀ ਸ਼੍ਰੀ ਅਮਿਤ ਸ਼ਾਹ ਸਮੇਤ ਹੋਰ ਕਈ ਧਾਰਮਿਕ ਅਤੇ ਰਾਜਨੀਤਕ ਸ਼ਖ਼ਸੀਅਤਾਂ ਵੀ ਇਸ ਵਿਲੱਖਣ ਅਤੇ ਅਦਭੁਤ ਪ੍ਰੋਗਰਾਮ ਵਿਚ ਆਪਣੀ ਮੌਜੁਦਗੀ ਦਰਜ ਕਰਾਉਣਗੀਆਂ।

Share News / Article

Yes Punjab - TOP STORIES