550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਕੈਬਨਿਟ ਮੰਤਰੀਆਂ ਰੰਧਾਵਾ ਅਤੇ ਚੰਨੀ ਵਲੋਂ ਸਿੱਖ ਵਿਦਵਾਨਾਂ ਨਾਲ ਮੀਟਿੰਗ

ਚੰਡੀਗੜ੍ਹ, 17 ਜੁਲਾਈ, 2019:

ਪੰਜਾਬ ਸਰਕਾਰ ਵਲੋਂ ਸ੍ਰੀ ਗੁਰੁ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਉੱਘੇ ਸਿੱਖ ਵਿਦਵਾਨਾਂ ਨੂੰ ਸੁਝਾਅ ਦੇਣ ਲਈ ਸੱਦਾ ਦਿੱਤਾ ਗਿਆ ਸੀ। ਜਿਸ ਦੇ ਤਹਿਤ ਪੰਜਾਬ ਭਵਨ ਵਿਖੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀਆਂ ਸ. ਸੁਖਜਿੰਦਰ ਸਿੰਘ ਰੰਧਾਵਾ ਅਤੇ ਸ. ਚਰਨਜੀਤ ਸਿੰਘ ਚੰਨੀ ਨੇ ਸਿੱਖ ਵਿਦਵਾਨਾਂ ਨਾਲ ਮੀਟਿੰਗ ਕੀਤੀ।

ਇਸ ਮੀਟਿੰਗ ਵਿਚ ਸਿੱਖ ਵਿਦਵਾਨਾਂ ਅਤੇ ਬੁੱਧੀਜੀਵੀਆਂ ਡਾ. ਪ੍ਰਿਥੀਪਾਲ ਸਿੰਘ ਕਪੂਰ, ਡਾ. ਐਸ.ਪੀ ਸਿੰਘ ਸਾਬਕਾ ਉਪ ਕੁਲਪਤੀ ਗੁਰ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਸ. ਹਰਚਰਨ ਸਿੰਘ ਸਾਬਕਾ ਮੁੱਖ ਸਕੱਤਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ, ਡਾ. ਸਵਰਾਜਬੀਰ ਸੰਪਾਦਕ ਪੰਜਾਬੀ ਟ੍ਰਿਬਿਊਨ, ਸ. ਜਤਿੰਦਰਬੀਰ ਸਿੰਘ ਰੰਧਾਵਾ ਸਾਬਕਾ ਆਈ.ਏ.ਐਸ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਦਾ ਨੁਮਾਇੰਦਾ ਸ਼ਾਮਿਲ ਹੋਇਆ।

ਮੀਟਿੰਗ ਦੌਰਨ ਸਾਰੇ ਵਿਦਵਾਨਾਂ ਨੇ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਆਪਣੇ ਵਡਮੁੱਲੇ ਸੁਝਾਅ ਦਿੱਤੇ। ਸਿੱਖ ਵਿਦਵਾਨਾਂ ਨੇ ਕਿਹਾ ਕਿ ਸਰਕਾਰ ਵਲੋਂ ਮਨਾਏ ਜਾ ਰਹੇ ਸਮਾਗਮਾ ਵਿਚ ਹਰ ਇੱਕ ਨਾਨਕ ਨਾਮ ਲੇਵਾ ਨੂੰ ਹਿੱਸਾ ਬਣਾਇਆ ਜਾਵੇ। ਜਿਸ ਬਾਰੇ ਉਨ੍ਹਾਂ ਕਿਹਾ ਕਿ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਵਸੇ ਹੋਏ ਸ੍ਰੀ ਗੁਰੁ ਨਾਨਕ ਸਾਹਿਬ ਨਾਲ ਜੁੜੀ ਹੋਈ ਹਰ ਇੱਕ ਸੰਸਥਾ ਨੂੰ ਇੰਨਾਂ ਸਮਾਗਮਾਂ ਦੇ ਨਾਲ ਜੋੜਿਆ ਜਾਵੇ।

ਇਸ ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਅਤੇ ਸ. ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੁ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮ ਪੂਰਨ ਪੰਥਕ ਰਵਾਇਤਾਂ ਅਨੁਸਾਰ ਮਨਾਏ ਜਾਣਗੇ।

ਉਨਾਂ ਦੱਸਿਆ ਕਿ ਮੀਟਿੰਗ ਦੌਰਾਨ ਸਿੱਖ ਵਿਦਵਾਨਾਂ ਵਲੋਂ ਬਹੁਤ ਸਾਰੇ ਹੋਰ ਵੀ ਸੁਝਾਅ ਦਿੱਤੇ ਗਏ ਹਨ, ਜਿੰਨਾਂ ਬਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਇੰਨਾਂ ਬਾਰੇ ਵਿਸਥਾਰ ਨਾਲ ਰਿਪੋਰਟ ਪੇਸ਼ ਕੀਤੀ ਜਾਵੇ। ਉਨਾਂ ਦੱਸਿਆ ਕਿ ਇਹ ਰਿਪੋਰਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਚਾਰ ਕਰਕੇ ਵੱਖ ਵੱਖ ਪ੍ਰੋਜੈਕਟਾਂ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ।

ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸਭਿਆਵਚਾਰਕ ਮਾਮਲਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ ਸਿੰਘ, ਡਾਇਰੈਕਟਰ ਮਾਲਵਿੰਦਰ ਸਿੰਘ ਜੱਗੀ, ਡਿਪਟੀ ਡਾਇਰੈਕਟਰ ਸੈਰ ਸਪਾਟਾ ਵਿਭਾਗ ਸੰਜੀਵ ਕੁਮਾਰ, ਗੁਰਦਰਸ਼ਨ ਸਿੰਘ ਬਾਹੀਆ ਅਤੇ ਭਗਵੰਤਪਾਲ ਸਿੰਘ ਸੱਚਰ ਵੀ ਮੌਜੂਦ ਸਨ।

Share News / Article

Yes Punjab - TOP STORIES