ਚੰਡੀਗੜ, 20 ਜੂਨ, 2019:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਵਾਸਤੇ ਸਾਂਝੇ ਮੰਚ ਲਈ ਸੂਬਾ ਸਰਕਾਰ ਦੀ ਮਦਦ ਕਰਨ ਲਈ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ) ਤੱਕ ਪਹੁੰਚ ਕਰਨ ਲਈ ਮੰਤਰੀਆਂ ਦੇ ਸਮੂਹ (ਜੀ.ਓ.ਐਮ.) ਨੂੰ ਆਖਿਆ ਹੈ।
ਪ੍ਰਕਾਸ਼ ਪੁਰਬ ਨੂੰ ਮਨਾਉਣ ਵਾਲੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਆਰ, ਸ਼ਾਂਤੀ, ਸਦਭਾਵਨਾ ਅਤੇ ਭਾਈਚਾਰੇ ਦੇ ਸੰਦੇਸ਼ ਦੀ ਤਰਜ ’ਤੇ ਇਸ ਮਹਾਨ ਸਮਾਰੋਹ ਨੂੰ ਮਨਾਉਣ ਲਈ ਐਸ.ਜੀ.ਪੀ.ਸੀ ਅਤੇ ਹੋਰ ਧਾਰਮਿਕ ਸੰਗਠਨਾਂ ਦੀ ਸ਼ਮੂਲੀਅਤ ਵਿੱਚ ਉਤਸੁਕਤਾ ਦਿਖਾਈ ਹੈ।
ਮੁੱਖ ਮੰਤਰੀ ਨੇ ਇਸ ਇਤਿਹਾਸਕ ਸਮਾਰੋਹ ਨੂੰ ਅਸਰਦਾਰ ਢੰਗ ਨਾਲ ਆਯੋਜਿਤ ਕਰਨ ਵਾਸਤੇ ਖੁਲੇ ਦਿਲੋਂ ਸਮਰਥਨ, ਸਹਿਯੋਗ ਅਤੇ ਮਾਰਗ ਦਰਸ਼ਨ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਐਸ.ਜੀ.ਪੀ.ਸੀ. ਦੇ ਪ੍ਰਧਾਨ ਨੂੰ ਰਸਮੀ ਸੱਦਾ ਦੇਣ ਵਾਸਤੇ ਵੀ ਮੰਤਰੀਆਂ ਦੇ ਸਮੂਹ ਨੂੰ ਆਖਿਆ ਹੈ।
ਗੌਰਤਲਬ ਹੈ ਕਿ ਸੈਰ ਸਪਾਟਾ ਅਤੇ ਸੱਭਿਆਚਾਰ ਮਾਮਲਿਆਂ ਦੇ ਮੰਤਰੀ ਚਰਨਜੀਤ ਸਿੰਘ ਚੰਨੀ, ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਓ.ਪੀ. ਸੋਨੀ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ’ਤੇ ਆਧਾਰਤ ਮੰਤਰੀਆਂ ਦੇ ਸਮੂਹ ਦਾ ਪਹਿਲਾਂ ਹੀ ਗਠਨ ਕੀਤਾ ਹੋਇਆ ਹੈ। ਇਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨਾਲ ਸਬੰਧਤ ਵਿਕਾਸ ਪ੍ਰੋਜੈਕਟਾਂ ਅਤੇ ਸਕੀਮਾਂ ਦੀ ਪ੍ਰਗਤੀ ’ਤੇ ਰੋਜ਼ਮਰਾ ਦੇ ਆਧਾਰ ’ਤੇ ਜਾਇਜ਼ਾ ਲੈਣ ਦਾ ਕਾਰਜ ਸੌਂਪਿਆ ਗਿਆ ਹੈ।
ਮੁੱਖ ਮੰਤਰੀ ਨੇ ਐਸ.ਜੀ.ਪੀ.ਸੀ. ਦੇ ਨੁਮਾਇੰਦਿਆਂ ਨਾਲ ਵਿਚਾਰ ਵਟਾਂਦਰਾ ਕਰਕੇ 10 ਦਿਨ (5 ਨਵੰਬਰ ਤੋਂ 15 ਨਵੰਬਰ, 2019) ਦੇ ਪ੍ਰੋਗਰਾਮ ਨੂੰ ਅੰਤਿਮ ਰੂਪ ਦੇਣ ਲਈ ਮੰਤਰੀਆਂ ਦੇ ਸਮੂਹ ਨੂੰ ਆਖਿਆ ਹੈ।
ਵਿਚਾਰ ਚਰਚਾ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸੁਲਤਾਨਪੁਰ ਲੋਧੀ-ਕਪੂਰਥਲਾ-ਕਰਤਾਰਪੁਰ-ਬਿਆਸ-ਮਹਿਤਾ-ਬਟਾਲਾ (ਬਾਈਪਾਸ ਸਮੇਤ)-ਡੇਰਾ ਬਾਬਾ ਨਾਨਕ ਤੱਕ 136 ਕਿਲੋਮੀਟਰ ਦੇ ਪ੍ਰਸਤਾਵਿਤ ‘ਗੁਰੂ ਨਾਨਕ ਦੇਵ ਜੀ ਮਾਰਗ’ ਦੀ ਰੂਪਰੇਖਾ ਅਤੇ ਫੰਡਾਂ ਦੇ ਰੂਪ ਨੂੰ ਅੰਤਿਮ ਰੂਪ ਦੇਣ ਲਈ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਹਨ।
ਇਸ ਦੀ ਚੌੜਾਈ 10 ਮੀਟਰ ਤੱਕ ਕਰਨ ਲਈ 96.15 ਕਰੋੜ ਰੁਪਏ ਦਾ ਕੁਲ ਖਰਚਾ ਆਵੇਗਾ। ਉਨਾਂ ਨੇ ਪ੍ਰਮੁੱਖ ਸਕੱਤਰ ਪੀ.ਡਬਲਿਊ.ਡੀ. ਨੂੰ ਆਖਿਆ ਹੈ ਕਿ ਉਹ ਮੁੱਖ ਸਕੱਤਰ ਦੀ ਪ੍ਰਵਾਨਗੀ ਤੋਂ ਬਾਅਦ ਇਸ ਸ਼ਾਨੇਮਤੇ ਪ੍ਰੋਜੈਕਟ ਨੂੰ ਇਕ ਵਖਰੇ ਪ੍ਰੋਜੈਕਟ ਵਜੋਂ ਲਾਗੂ ਕਰਨ।
ਮੁੱਖ ਮੰਤਰੀ ਨੇ ਵਿਸ਼ੇਸ਼ ਮੁੱਖ ਸਕੱਤਰ ਸਥਾਨਕ ਸਰਕਾਰ ਨੂੰ ਵੀ ਆਖਿਆ ਹੈ ਕਿ ਉਹ ਸੁਲਤਾਨਪੁਰ ਲੋਧੀ ਵਿਰਾਸਤੀ ਸ਼ਹਿਰ ਨੂੰ 271 ਕਰੋੜ ਰੁਪਏ ਦੇ ਸਮਾਰਟ ਸਿਟੀ ਪ੍ਰੋਜੈਕਟ ਹੇਠ ਲਿਆਉਣ ਦੇ ਪ੍ਰਸਤਾਵ ਨੂੰ ਜ਼ੋਰਦਾਰ ਢੰਗ ਨਾਲ ਅੱਗੇ ਖੜਨ। ਇਸ ਸਬੰਧੀ ਸੂਬਾ ਸਰਕਾਰ ਨੇ ਪਹਿਲਾਂ ਹੀ ਭਾਰਤ ਸਰਕਾਰ ਦੇ ਮਕਾਨ ਅਤੇ ਸ਼ਹਿਰੀ ਵਿਕਾਸ ਮੰਤਰਾਲੇ ਕੋਲ ਇਕ ਧਾਰਨਾ ਪਲਾਨ ਪੇਸ਼ ਕੀਤੀ ਹੋਈ ਹੈ।
ਮੁੱਖ ਮੰਤਰੀ ਨੇ ਸੁਲਤਾਨਪੁਰ ਲੋਧੀ ਵਿਖੇ ਲੜਕੀਆਂ ਦੇ ਵਾਸਤੇ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਦਾ ਉਦਘਾਟਨ ਕਰਨ ਲਈ ਵੀ ਸਹਿਮਤੀ ਪ੍ਰਗਟਾਈ। ਇਸ ਨੂੰ ਜੀ.ਐਨ.ਡੀ.ਯੂ. ਅੰਮਿ੍ਰਤਸਰ ਦੇ ਸਬੰਧਤ ਕਾਲਜ ਵਜੋਂ ਚਲਾਇਆ ਜਾਵੇਗਾ। ਇਸ ਦੀਆਂ ਕਲਾਸਾਂ ਮੌਜੂਦਾ ਅਕਾਦਮਿਕ ਸੈਸ਼ਨ 2019-20 ਦੌਰਾਨ ਸ਼ੁਰੂ ਕੀਤੀਆਂ ਜਾਣਗੀਆਂ।
ਮੁੱਖ ਮੰਤਰੀ ਨੇ ਸੁਲਤਾਨਪੁਰ ਲੋਧੀ ਦੇ ਵਿਧਾਇਕ ਨੂੰ ਕਿਹਾ ਕਿ ਉਹ ਨੇੜੇ ਦੇ ਪਿੰਡਾਂ ਦੀਆਂ ਵਿਦਿਆਰਥਨਾਂ ਦੇ ਮਾਪਿਆਂ ਨੂੰ ਆਪਣੀਆਂ ਧੀਆਂ ਗ੍ਰੈਜੂਏਸ਼ਨ ਕੋਰਸਾਂ ਦੇ ਲਈ ਇਸ ਕਾਲਜ ਵਿੱਚ ਦਾਖਲਾ ਦਿਵਾਉਣ ਲਈ ਪ੍ਰੇਰਿਤ ਕਰਨ ਜਿੱਥੇ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਹਿੱਸੇ ਵਜੋਂ ਮੁਫ਼ਤ ਵਿੱਚ ਤਿੰਨ ਸਾਲ ਲਈ ਕੋਰਸਾਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਅਗਸਤ 2019 ਦੇ ਪਹਿਲੇ ਹਫ਼ਤੇ 319 ਕਰੋੜ ਰੁਪਏ ਦੀ ਲਾਗਤ ਨਾਲ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਸਥਾਪਤ ਸ੍ਰੀ ਗੁਰੂ ਨਾਨਕ ਦੇਵ ਜੀ ਸੈਂਟਰ ਫਾਰ ਇਨਵੈਂਸ਼ਨ, ਇਨੋਵੇਸ਼ਨ, ਇਨਕੁਬੇਸ਼ਨ ਐਂਡ ਟ੍ਰੇਨਿੰਗ (ਸੀ.ਆਈ.ਆਈ.ਆਈ.ਟੀ) ਦਾ ਉਦਘਾਟਨ ਕਰਨ ਲਈ ਸਹਿਮਤੀ ਦੇ ਦਿੱਤੀ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪਿੰਡਾਂ ਦਾ ਪ੍ਰਾਥਮਿਕਤਾ ਦੇ ਆਧਾਰ ’ਤੇ ਵਿਕਾਸ ਕਰਨ ਸਬੰਧੀ ਪੀ.ਡਬਲਿਊ.ਡੀ. ਮੰਤਰੀ ਵੱਲੋਂ ਪੇਸ਼ ਕੀਤੇ ਗਏ ਪ੍ਰਸਤਾਵ ਨੂੰ ਪ੍ਰਵਾਨ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਸਬੰਧਤ ਵਿਧਾਇਕ, ਡਿਪਟੀ ਕਮਿਸ਼ਨਰ ਅਤੇ ਐਸ.ਡੀ.ਐਮ. ਆਧਾਰਿਤ ਕਮੇਟੀਆਂ ਗਠਿਤ ਕਰਨ ਦੇ ਨਿਰਦੇਸ਼ ਦਿੱਤੇ ਹਨ ਜੋ ਪਹਿਲ ਦੇ ਆਧਾਰ ’ਤੇ ਵਿਕਾਸ ਕਾਰਜਾਂ ਨੂੰ ਸ਼ੁਰੂ ਕਰਨ ਨੂੰ ਅੰਤਿਮ ਰੂਪ ਦੇਣਗੀਆਂ।
ਉਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਕਸਬਿਆਂ ਅਤੇ ਸ਼ਹਿਰਾਂ ਦੇ ਸਮੁੱਚੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਮੁੱਖ ਸਕੱਤਰ ਸਥਾਨਕ ਸਰਕਾਰ ਨੂੰ ਆਖਿਆ ਹੈ। ਇਨਾਂ ਦੀ ਸੂਚੀ ਸੈਰ-ਸਪਾਟਾ ਅਤੇ ਸੱਭਿਆਚਾਰ ਵਿਭਾਗ ਵੱਲੋਂ ਮੁਹੱਈਆ ਕਰਾਈ ਜਾਵੇਗੀ।
ਮੀਟਿੰਗ ਦੌਰਾਨ ਇਹ ਵੀ ਦੱਸਿਆ ਗਿਆ ਕਿ ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਵਿੱਚ ਕੀਤੀਆਂ ਗਈਆਂ ਵੱਖ-ਵੱਖ ਉਦਾਸੀਆਂ ਤੋਂ ਇਲਾਵਾ ਉਨਾਂ ਦੇ ਜੀਵਨ ਅਤੇ ਕਾਰਜਾਂ ਬਾਰੇ 88 ਮਿੰਟ ਦੀ ਏਪਿਕ ਚੈੱਨਲ ਤੋਂ ਚਾਰ ਹਿੱਸਿਆਂ ਵਿੱਚ ਫਿਲਮ ਤਿਆਰ ਕਰਵਾਈ ਹੈ।
ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਤਿੰਨ ਵੱਖ-ਵੱਖ ਥਾਵਾਂ ’ਤੇ ਤਕਰੀਬਨ 40 ਹਜ਼ਾਰ ਲੋਕਾਂ ਨੂੰ ਰਹਿਣ ਦੀ ਸਹੂਲਤ ਮੁਹੱਈਆ ਕਰਾਉਣ ਵਾਸਤੇ 52.84 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਜਾਣ ਵਾਲੀ ‘ਟੈਂਟ ਸਿਟੀ’ ਦੀ ਪ੍ਰਗਤੀ ਬਾਰੇ ਵੀ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਗਿਆ।
ਸੁਲਤਾਨਪੁਰ ਲੋਧੀ ਦੇ ਵਿਧਾਇਕ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਨੇੜੇ ਦੇ ਕਸਬਿਆਂ ਤੇ ਪਿੰਡਾਂ ਵਿੱਚ ਰਹਿੰਦੇ ਬਹੁਤ ਸਾਰੇ ਲੋਕਾਂ ਨੇ ਸ਼ਰਧਾਲੂਆਂ ਵਾਸਤੇ ਆਪਣੀ ਰਿਹਾਇਸ਼ ਦੇਣ ਦੀ ਪਹਿਲਾਂ ਹੀ ਪੇਸ਼ਕਸ਼ ਕੀਤੀ ਹੈ।
ਪ੍ਰਸ਼ਾਸਕੀ ਸੁਧਾਰ ਵਿਭਾਗ ਵੱਲੋਂ ਵਿਕਸਿਤ ਕੀਤੀ ਜਾ ਰਹੀ ਇਕ ਵੈਬਸਾਈਟ ਬਾਰੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਣੂ ਕਰਵਾਇਆ ਗਿਆ। ਇਸ ਨੂੰ ਅੰਤਰਰਾਸ਼ਟਰੀ ਖਿਆਤੀ ਪ੍ਰਾਪਤ ਇਕ ਏਜੰਸੀ ਵੱਲੋਂ ਆਊਟ ਸੋਰਸਿੰਗ ਰਾਹੀਂ ਤਿਆਰ ਕਰਵਾਇਆ ਜਾ ਰਿਹਾ ਹੈ। ਇਸ ਦਾ ਡਿਜ਼ਾਇਨਿੰਗ ਵਿੱਚ ਬਹੁਤ ਜ਼ਿਆਦਾ ਤਜ਼ਰਬਾ ਅਤੇ ਮੁਹਾਰਤ ਹੈ। ਇਹ ਪੋਰਟਲ ਸੋਸ਼ਲ ਮੀਡੀਏ ਦੇ ਵੱਖ-ਵੱਖ ਮੰਚਾਂ ਨਾਲ ਜੋੜੇ ਜਾਣਗੇ।
ਸਥਾਨਕ ਸਰਕਾਰ ਅਤੇ ਪੀ.ਡਬਲਿਊ.ਡੀ. ਵੱਲੋਂ ਕੀਤੇ ਜਾ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦੀ ਗਤੀ ’ਤੇ ਤਸੱਲੀ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਨੇ ਸਬੰਧਤ ਏਜੰਸੀਆਂ ਦੇ ਰਾਹੀਂ ਇਨਾਂ ਦੇ ਕੰਮਾਂ ਦੀ ਪ੍ਰਗਤੀ ’ਤੇ ਨਿਯਮਿਤ ਤੌਰ ’ਤੇ ਨਿਗਰਾਨੀ ਰੱਖਣ ਲਈ ਮੁੱਖ ਸਕੱਤਰ ਨੂੰ ਆਖਿਆ ਹੈ ਤਾਂ ਜੋ 12 ਨਵੰਬਰ, 2019 ਨੂੰ ਸੁਲਤਾਨਪੁਰ ਲੋਧੀ ਵਿਖੇ ਮਨਾਏ ਜਾ ਰਹੇ ਇਸ ਮਹਾ ਸਮਾਰੋਹ ਤੋਂ ਪਹਿਲਾਂ ਹੀ ਇਹ ਕੰਮ ਸਮੇਂ ਸਿਰ ਮੁਕੰਮਲ ਹੋਣ ਨੂੰ ਯਕੀਨੀ ਬਣਾਇਆ ਜਾ ਸਕੇ।
ਮੁੱਖ ਮੰਤਰੀ ਨੇ ਅੰਮਿ੍ਰਤਸਰ, ਆਨੰਦਪੁਰ ਸਾਹਬ ਤਲਵੰਡੀ ਸਾਬੋ, ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਵਿਖੇ ਪੰਜ ਥਾਵਾਂ ’ਤੇ ਵੱਡੇ ਕੋਮੈਮੋਰੇਟਿਵ ਕੌਲਮਜ਼ ਅਤੇ 22 ਕਸਬਿਆਂ ਵਿੱਚ ਛੋਟੇ ਕੋਮੈਮੋਰੇਟਿਵ ਕੌਲਮਜ਼ ਸਥਾਪਤ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਨਾਂ ਨੂੰ ਪੀ.ਡਬਲਿਊ.ਡੀ. ਦੀ ਨਿਗਰਾਨੀ ਹੇਠ ਇੰਡੀਅਨ ਫੈਡਰੇਸ਼ਨ ਆਫ ਯੂਨਾਇਟਡ ਨੇਸ਼ਨਜ਼ ਐਸੋਸ਼ੀਏਸ਼ਨ (ਆਈ.ਐਫ.ਯੂ.ਐਨ.ਏ) ਦੇ ਨੁਮਾਿੲੰਦਿਆਂ ਵੱਲੋਂ ਪੇਸ਼ ਕੀਤੇ ਡਿਜ਼ਾਈਨ ਦੇ ਅਨੁਸਾਰ ਪ੍ਰਵਾਨਗੀ ਦਿੱਤੀ ਗਈ ਹੈ।
ਮੁੱਖ ਮੰਤਰੀ ਨੇ ਸੁਲਤਾਨਪੁਰ ਲੋਧੀ ਵਿਖੇ ਅੱਠ ਏਕੜ ਰਕਬੇ ਵਿੱਚ ਪੰਜਾਬ ਸਟੇਟ ਕੌਂਸਲ ਫਾਰ ਸਾਈਂਸ ਐਂਡ ਤਕਨਾਲੋਜੀ ਦੁਆਰਾ ਬਾਇਓ ਵਿਭਿੰਨਤਾ ਪਾਰਕ ਲਈ ਵੀ ਸਹਿਮਤੀ ਦੇ ਦਿੱਤੀ ਹੈ।
ਮੀਟਿੰਗ ਦੌਰਾਨ ਏ.ਸੀ.ਐਸ. ਖੇਡਾਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਇਸ ਸਮਾਰੋਹ ਦੇ ਹਿੱਸੇ ਵਜੋਂ ਸੁਲਤਾਨਪੁਰ ਲੋਧੀ ਤੋਂ ਡੇਰਾ ਬਾਬਾ ਨਾਨਕ ਤੱਕ ਇਕ ਵਿਸ਼ਾਲ ਸਾਈਕਲ ਰੈਲੀ ਆਯੋਜਿਤ ਕਰਾਈ ਜਾ ਰਹੀ ਹੈ ਜਿਸ ਵਿੱਚ 550 ਸਾਈਕਲਿਸਟ ਸ਼ਮੂਲੀਅਤ ਕਰਨਗੇ।
ਨੌਜਵਾਨਾਂ ਵਿੱਚ ਖੇਡ ਭਾਵਨਾ ਨੂੰ ਭਰਨ ਦੇ ਸੰਦਰਭ ਵਿੱਚ ਹੀ ਮੁੱਖ ਮੰਤਰੀ ਨੇ ਪਿੰਡ, ਬਲਾਕ, ਸਬ-ਡਵੀਜ਼ਨ, ਜ਼ਿਲਾ ਪੱਧਰ ’ਤੇ ਕਬੱਡੀ ਚੈਂਪੀਅਨਸ਼ਿਪ ਦੀ ਲੜੀ ਆਯੋਜਿਤ ਕਰਾਉਣ ਤੋਂ ਇਲਾਵਾ ਪਹਿਲਾਂ ਹੀ ਯੋਜਨਾਬੱਧ ਕੀਤੇ ਗਏ ਵਿਸ਼ਵ ਕਬੱਡੀ ਕੱਪ ਨੂੰ ਆਯੋਜਿਤ ਕਰਾਉਣ ਲਈ ਵੀ ਏ.ਸੀ.ਐਸ. ਖੇਡਾਂ ਨੂੰ ਆਖਿਆ ਹੈ।
ਇਸ ਇਤਿਹਾਸਕ ਮੌਕੇ ਸੁਲਤਾਨਪੁਰ ਲੋਧੀ ਵਿਖੇ ਨਤਸਮਤਕ ਹੋਣ ਵਾਲੇ ਸ਼ਰਧਾਲੂਆਂ ਨੂੰ ਟਰਾਂਸਪੋਰਟ ਦੀ ਸੁਵਿਧਾ ਮੁਹੱਈਆ ਕਰਾਉਣ ਦੇ ਮੁੱਦੇ ’ਤੇ ਇਹ ਫੈਸਲਾ ਕੀਤਾ ਗਿਆ ਕਿ ਮੁੱਖ ਮੰਤਰੀ ਸਿੱਖਾਂ ਦੀ ਚੋਖੀ ਜਨਸੰਖਿਆ ਵਾਲੇ ਸੂਬਿਆਂ ਦੇ ਸਾਰੇ ਮੁੱਖ ਮੰਤਰੀਆਂ ਨੂੰ ਪੱਤਰ ਲਿਖ ਕੇ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਅਤੇ ਵਿਸ਼ੇਸ਼ ਰੇਲ ਗੱਡੀਆਂ ਅਤੇ ਬੱਸਾਂ ਦੀ ਸਰਵਿਸ ਸ਼ੁਰੂ ਕਰਨ ਲਈ ਆਖਣਗੇ।
ਇਸ ਮੌਕੇ ਮੁੱਖ ਮੰਤਰੀ ਨੇ ਇਨਾਂ ਸਮਾਰੋਹਾਂ ਦੇ ਚਿੰਨ ਵਜੋਂ ਯਾਦਗਾਰੀ ਤਮਗੇ ਜਾਰੀ ਕੀਤੇ। ਏ.ਸੀ.ਐਸ. ਉਦਯੋਗ ਅਤੇ ਕਾਮਰਸ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਪੰਜਾਬ ਲਘੂ ਉਦਯੋਗ ਅਤੇ ਬਰਾਮਦ ਕਾਰਪੋਰੇਸ਼ਨ ਲਿਮਿਟਡ (ਪੀ.ਐਸ.ਆਈ.ਈ.ਸੀ.) ਨੂੰ ਸੂਬਾ ਸਰਕਾਰ ਵੱਲੋਂ ਇਹ ਯਾਦਗਾਰੀ ਤਮਗਿਆਂ ਦਾ ਕੰਮ ਸੌਂਪਿਆ ਹੈ ਜੋ ਕਿ ਆਮ ਲੋਕਾਂ ਲਈ ਉਪਲਬਧ ਹੋਣਗੇ।
ਇਹ ਯਾਦਗਾਰੀ ਤਮਗੇ 999 ਸ਼ੁੱਧਤਾ ਲਈ ਮੈਟਲਜ਼ ਐਂਡ ਮਿਨਰਲਜ਼ ਟ੍ਰੇਡਿੰਗ ਕਾਰਪੋਰੇਸ਼ਨ (ਐਮ.ਐਮ.ਟੀ.ਸੀ.) ਵੱਲੋਂ ਪ੍ਰਵਾਨਿਤ ਕੀਤੇ ਗਏ ਹਨ ਜੋ ਕਿ 24 ਕੈਰਟ ਸੋਨੇ ਵਿੱਚ ਪੰਜ ਅਤੇ ਦਸ ਗ੍ਰਾਮ ਵਿੱਚ ਉਪਲਬਧ ਹੋਣਗੇ। ਇਹ 50 ਗ੍ਰਾਮ ਸੁੱਧ ਚਾਂਦੀ (999 ਸ਼ੁੱਧਤਾ) ਵਿੱਚ ਵੀ ਆਕਰਸ਼ਿਤ ਪੈਕਿੰਗ ਵਿੱਚ ਉਪਲਬਧ ਹੋਣਗੇ।
10 ਗ੍ਰਾਮ ਸੋਨੇ (999 ਸ਼ੁੱਧਤਾ) ਦੀ ਵਿਕਰੀ ਕੀਮਤ 37000/- ਰੁਪਏ, ਪੰਜ ਗ੍ਰਾਮ ਸੋਨੇ (999 ਸ਼ੁੱਧਤਾ) ਦੀ ਕੀਮਤ 18,500/- ਰੁਪਏ ਅਤੇ 50 ਗ੍ਰਾਮ ਚਾਂਦੀ (999 ਸ਼ੁੱਧਤਾ) ਦੀ ਕੀਮਤ 2900/- ਰੁਪਏ ਹੋਵੇਗੀ। ਇਨਾਂ ਦੀ ਵਿਕਰੀ ਫੁਲਕਾਰੀ, ਪੀ.ਐਸ.ਆਈ.ਸੀ. ਦੇ ਪੰਜਾਬ ਸਰਕਾਰ ਇੰਪੋਰੀਅਮਜ਼ ਵੱਲੋਂ ਕੀਤੀ ਜਾਵੇਗੀ ਜੋ ਚੰਡੀਗੜ, ਅੰਮਿ੍ਰਤਸਰ, ਪਟਿਆਲਾ, ਦਿੱਲੀ ਅਤੇ ਕਲਕੱਤਾ ਵਿੱਖੇ ਹੋਵੇਗੀ। ਇਸ ਤੋਂ ਇਲਾਵਾ ਇਹ ਤਮਗੇ ਐਮ.ਐਮ.ਟੀ.ਸੀ. ਦੀਆਂ ਦੇਸ਼ ਭਰ ਵਿੱਚ 16 ਪਰਚੂਨ ਦੁਕਾਨਾਂ ’ਤੇ ਵੀ ਪ੍ਰਾਪਤ ਹੋਣਗੇ।
ਮੁੱਖ ਮੰਤਰੀ ਨੇ ਕਾਰਜਕਾਰੀ ਕਮੇਟੀ ਨੂੰ ਹੋਰ ਵਿਆਪਕ ਬਣਾਉਣ ਲਈ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਨੂੰ ਇਸ ਵਿੱਚ ਸ਼ਾਮਲ ਕਰਨ ਲਈ ਵੀ ਮੰਜੂਰੀ ਦਿੱਤੀ।
ਇਸੇ ਦੌਰਾਨ ਪ੍ਰਮੁੱਖ ਸਕੱਤਰ ਸਭਿਆਚਾਰਕ ਮਾਮਲੇ ਵਿਕਾਸ ਪ੍ਰਤਾਪ ਨੇ ਮੀਟਿੰਗ ਦਾ ਸੰਚਾਲਨ ਕੀਤਾ।
ਮੀਟਿੰਗ ਵਿੱਚ ਹਾਜ਼ਰ ਹੋਰਨਾਂ ਪ੍ਰਮੁੱਖ ਵਿਅਕਤੀਆਂ ਵਿੱਚ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਚਰਨਜੀਤ ਸਿੰਘ ਚੰਨੀ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ, ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ, ਟਰਾਂਸਪੋਰਟ ਮੰਤਰੀ ਰਜੀਆ ਸੁਲਤਾਨਾ, ਵਿਧਾਇਕ ਸੁਲਤਾਨਪੁਰ ਲੋਧੀ ਨਵਤੇਜ ਸਿੰਘ ਚੀਮਾ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਵਿਸ਼ੇਸ ਮੁੱਖ ਸਕੱਤਰ ਸਥਾਨਕ ਸਰਕਾਰ ਐਮ.ਪੀ. ਸਿੰਘ, ਵਧੀਕ ਮੁੱਖ ਸਕੱਤਰ ਗ੍ਰਹਿ ਐਨ.ਐਸ. ਕਲਸੀ, ਏ.ਸੀ.ਐਸ ਉਦਯੋਗ ਅਤੇ ਕਾਮਰਸ ਵਿਨੀ ਮਹਾਜਨ, ਏ.ਸੀ.ਐਸ ਖੇਡਾਂ ਸੰਜੇ ਕੁਮਾਰ, ਏ.ਸੀ.ਐਸ ਜੰਗਲਾਤ ਰੋਸ਼ਨ ਸੰਕਾਰੀਆ, ਏ.ਸੀ.ਐਸ ਸਿਹਤ ਅਤੇ ਪਰਿਵਾਰ ਭਲਾਈ ਸਤੀਸ਼ ਚੰਦਰਾ, ਵਿੱਤ ਕਮਿਸ਼ਨਰ ਪੇਂਡੂ ਵਿਕਾਸ ਤੇ ਪੰਚਾਇਤ ਅਨੁਰਾਗ ਵਰਮਾ, ਪ੍ਰਮੁੱਖ ਸਕੱਤਰ/ਮੁੱਖ ਮੰਤਰੀ ਤੇਜਵੀਰ ਸਿੰਘ, ਸਕੱਤਰ ਸੂਚਨਾ ਤੇ ਲੋਕ ਸੰਪਰਕ ਗੁਰਕਿਰਤ ਕਿ੍ਰਪਾਲ ਸਿੰਘ, ਵਿਸ਼ੇਸ਼ ਸਕੱਤਰ ਟਰਾਂਸਪੋਰਟ ਕੇ.ਸ਼ਿਵਾ ਪ੍ਰਸਾਦ, ਪਿ੍ਰੰਸੀਪਲ ਸਕੱਤਰ ਜਲ ਸਪਲਾਈ ਅਤੇ ਸੈਨੀਟੇਸ਼ਨ ਜਸਪ੍ਰੀਤ ਤਲਵਾੜ, ਪਿ੍ਰੰਸੀਪਲ ਸਕੱਤਰ ਲੋਕ ਨਿਰਮਾਣ ਹੁਸਨ ਲਾਲ, ਪ੍ਰਮੁੱਖ ਸਕੱਤਰ ਪ੍ਰਸ਼ਾਸਕੀ ਸੁਧਾਰ ਸੀਮਾ ਜੈਨ, ਸਕੱਤਰ ਉੱਚ ਸਿੱਖਿਆ ਵੀ.ਕੇ ਮੀਨਾ, ਡੀ.ਜੀ.ਪੀ. ਦਿਨਕਰ ਗੁਪਤਾ, ਸੀ.ਈ.ਓ. ਇਨਵੇਸਟਮੈਂਟ ਪੰਜਾਬ ਰਜਤ ਅਗਰਵਾਲ, ਮੈਨੇਜਿੰਗ ਡਾਇਰੈਕਟਰ ਪੀ.ਐਸ.ਆਈ.ਈ.ਸੀ ਰਾਹੁਲ ਭੰਡਾਰੀ ਅਤੇ ਡੀ.ਸੀ ਕਪੂਰਥਲਾ ਡੀ.ਪੀ.ਐਸ ਖਰਬੰਦਾ ਸ਼ਾਮਲ ਸਨ।