550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਲਈ ਲੌਂਗੋਵਾਲ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੂੰ ਦਿੱਤਾ ਸੱਦਾ

ਅੰਮ੍ਰਿਤਸਰ, 28 ਸਤੰਬਰ, 2019 –
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਨੇਪਾਲ ਦੇ ਪ੍ਰਧਾਨ ਮੰਤਰੀ ਸ੍ਰੀ ਕੇਪੀ ਸ਼ਰਮਾ ਓਲੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਮੌਕੇ ਸੁਲਤਾਨਪੁਰ ਲੋਧੀ ਵਿਖੇ ਪਹੁੰਚਣ ਦਾ ਸੱਦਾ ਦਿੱਤਾ।

ਭਾਈ ਲੌਂਗੋਵਾਲ ਜੋ ਨੇਪਾਲ ਅੰਦਰ ਭਾਰਤੀ ਦੂਤਾਵਾਸ ਵੱਲੋਂ ਕਾਠਮੰਡੂ ’ਚ ਰੱਖੇ ਇੱਕ ਸਮਾਗਮ ਵਿਚ ਸ਼ਾਮਲ ਹੋਣ ਲਈ ਗਏ ਸਨ, ਨੇ ਨੇਪਾਲ ਦੇ ਪ੍ਰਧਾਨ ਮੰਤਰੀ ਨਾਲ ਉਨ੍ਹਾਂ ਦੀ ਰਿਸ਼ਾਇਸ਼ ’ਤੇ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸ. ਚਰਨਜੀਤ ਸਿੰਘ ਅਟਵਾਲ, ਸ. ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ, ਭਾਈ ਗੁਰਚਰਨ ਸਿਮਘ ਗਰੇਵਾਲ, ਸ. ਸੁਖਦੇਵ ਸਿੰਘ ਭੂਰਾ ਕੋਹਨਾ ਤੇ ਸ. ਦਰਸ਼ਨ ਸਿੰਘ ਵੀ ਸਨ।

ਇਸ ਮੁਲਾਕਾਤ ਦੌਰਾਨ ਭਾਈ ਲੌਂਗੋਵਾਲ ਨੇ ਨੇਪਾਲ ਵੱਸਦੇ ਸਿੱਖਾਂ ਦੇ ਧਾਰਮਿਕ ਮਸਲਿਆਂ ਬਾਰੇ ਵੀ ਸ੍ਰੀ ਕੇਪੀ ਸ਼ਰਮਾ ਓਲੀ ਨਾਲ ਵਿਚਾਰ ਵਟਾਂਦਰਾ ਕੀਤਾ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਅਨੁਸਾਰ ਨੇਪਾਲ ਦੇ ਪ੍ਰਧਾਨ ਮੰਤਰੀ ਨੇ ਜਿਥੇ ਪ੍ਰਕਾਸ਼ ਪੁਰਬ ਸਮਾਗਮ ਮੌਕੇ 12 ਨਵੰਬਰ ਦੇ ਸਮਾਗਮ ਵਿਚ ਸ਼ਾਮਲ ਹੋਣ ਦਾ ਭਰੋਸਾ ਦਿੱਤਾ, ਉਥੇ ਹੀ ਸਿੱਖਾਂ ਦੇ ਨੇਪਾਲ ਨਾਲ ਬਿਹਤਰ ਰਿਸ਼ਤਿਆਂ ਨੂੰ ਵੀ ਸਲਾਹਿਆ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿੱਖ ਹਰ ਮੁਸੀਬਤ ਸਮੇਂ ਮਨੁੱਖਤਾ ਦੀ ਸੇਵਾ ਕਰਨ ਵਿਚ ਮੋਹਰੀ ਰਹਿੰਦੇ ਹਨ ਅਤੇ ਇਹ ਅਮੀਰੀ ਇਨ੍ਹਾਂ ਨੂੰ ਵਿਰਸੇ ਵਿੱਚੋਂ ਮਿਲੀ ਹੋਈ ਹੈ। ਪ੍ਰਧਾਨ ਮੰਤਰੀ ਨਾਲ ਮੁਲਾਕਾਤ ਮੌਕੇ ਨੇਪਾਲ ਵਿਚ ਭਾਰਤੀ ਅੰਬੈਸਡਰ ਸ. ਮਨਜੀਵ ਸਿੰਘ ਪੁਰੀ ਸਮੇਤ ਸਥਾਨਕ ਸਿੱਖ ਆਗੂ ਵੀ ਮੌਜੂਦ ਰਹੇ।

Share News / Article

Yes Punjab - TOP STORIES