550ਵੇਂ ਪ੍ਰਕਾਸ਼ ਪੁਰਬ ਮੌਕੇ ਕਰਵਾਏ ਜਾਣ ਵਾਲੇ ਕੌਮਾਂਤਰੀ ਸੈਮੀਨਾਰ ਵਿਚ ਦੁਨੀਆਂ ਦੇ 550 ਵਿਦਵਾਨ ਭਾਗ ਲੈਣਗੇ: ਹਰਸਿਮਰਤ ਬਾਦਲ

ਚੰਡੀਗੜ੍ਹ, 12 ਸਤੰਬਰ, 2019 –

ਕੇਂਦਰੀ ਸੱਭਿਆਚਾਰ ਮੰਤਰਾਲੇ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜ਼ਿੰਦਗੀ ਅਤੇ ਸਿੱਖਿਆਵਾਂ ਉੱਪਰ ਦਿੱਲੀ ਵਿਖੇ ਇੱਕ ਕੌਮਾਂਤਰੀ ਸੈਮੀਨਾਰ ਕਰਵਾਇਆ ਜਾਵੇਗਾ, ਜਿਸ ਵਿਚ ਭਾਗ ਲੈਣ ਵਾਸਤੇ ਦੁਨੀਆਂ ਦੇ 550 ਵਿਦਵਾਨਾਂ ਨੂੰ ਸੱਦਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਗੁਰੂ ਸਾਹਿਬ ਦੇ 550ਵੇਂ ਪਰਕਾਸ਼ ਪੁਰਬ ਨੂੰ ਮਨਾਉਣ ਲਈ ਦੇਸ਼ ਭਰ ਵਿਚ 100 ਸੈਮੀਨਾਰ ਕਰਵਾਏ ਜਾ ਰਹੇ ਹਨ।

ਇਸ ਦੀ ਜਾਣਕਾਰੀ ਦਿੰਦਿਆਂ ਕੇਂਦਰੀ ਫੂਡ ਪ੍ਰੋਸੈਸਿੰਗ ਇੰਸਡਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਆਈਜੀਐਨਸੀਏ ਅਤੇ ਸੱਭਿਆਚਾਰ ਮੰਤਰਾਲੇ ਦੇ ਅਧਿਕਾਰੀਆਂ ਨੇ ਅੱਜ ਉਹਨਾਂ ਨੂੰ ਦਿੱਲੀ ਵਿਚ ਇੱਕ ਮੀਟਿੰਗ ਦੌਰਾਨ ਦੱਸਿਆ ਹੈ ਕਿ ਕੌਮਾਂਤਰੀ ਸੈਮੀਨਾਰ ਅਤੇ ਦੇਸ਼ ਭਰ ਵਿਚ ਸੈਮੀਨਾਰ ਕਰਵਾਉਣ ਤੋਂ ਇਲਾਵਾ ਆਈਜੀਐਨਸੀਏ ਵੱਲੋਂ 50 ਵਾਹਨਾਂ ਉੱਤੇ ਡਿਜੀਟਲ ਪ੍ਰਦਰਸ਼ਨੀਆਂ ਵੀ ਲਾਈਆਂ ਜਾਣਗੀਆਂ। ਉਹਨਾਂ ਦੱਸਿਆ ਕਿ ਇਹ ਵੀ ਫੈਸਲਾ ਲਿਆ ਗਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜ਼ਿੰਦਗੀ ਅਤੇ ਸਿੱਖਿਆਵਾਂ ਉੱਤੇ ਵੱਖ ਵੱਖ ਭਾਸ਼ਾਵਾਂ ਵਿਚ 15 ਤੋਂ 20 ਕਿਤਾਬਾਂ ਛਾਪੀਆਂ ਜਾਣਗੀਆਂ।

ਬੀਬਾ ਬਾਦਲ ਨੇ ਕਿਹਾ ਕਿ 550ਵਾਂ ਪਰਕਾਸ਼ ਪੁਰਬ ਸ਼ਾਨਦਾਰ ਢੰਗ ਨਾਲ ਮਨਾਉਣ ਲਈ ਹੋਰ ਪ੍ਰਾਜੈਕਟ ਵੀ ਉਲੀਕੇ ਗਏ ਹਨ। ਉਹਨਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਉੱਤੇ ਕੈਨੇਡਾ ਵਿਚ ਇੱਕ ਚੇਅਰ ਸਥਾਪਤ ਕੀਤੀ ਜਾਵੇਗੀ। ਉਹਨਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ ਗੁਰੂ ਸਾਹਿਬ ਦੇ ਨਾਂ ਉੱਤੇ ਯੂਨਾਈਟਿਡ ਕਿੰਗਡਮ ਵਿਚ ਇੱਕ ਚੇਅਰ ਸਥਾਪਤ ਕੀਤੇ ਜਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਇੱਕ ਅੰਤਰ ਧਰਮ ਅਧਿਐਨ ਕੇਂਦਰ ਸਥਾਪਤ ਕੀਤੇ ਜਾਣ ਬਾਰੇ ਬੋਲਦਿਆਂ ਬੀਬਾ ਬਾਦਲ ਨੇ ਕਿਹਾ ਕਿ ਇਸ ਕੇਂਦਰ ਵਾਸਤੇ ਯੂਨੀਵਰਸਿਟੀ ਨੂੰ ਪੜਾਅ ਵਾਰ ਫੰਡ ਭੇਜਣ ਦਾ ਫੈਸਲਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਅੰਤਰ ਧਰਮ ਅਧਿਐਨ ਪ੍ਰਾਜੈਕਟ ਦੀ ਸਥਾਪਨਾ ਲਈ 442 ਕਰੋੜ ਰੁਪਏ ਦਾ ਪ੍ਰਾਜੈਕਟ ਤਿਆਰ ਕਰਕੇ ਭੇਜਿਆ ਗਿਆ ਹੈ ਅਤੇ ਇਸ ਪ੍ਰਾਜੈਕਟ ਦੇ ਪਹਿਲੇ ਪੜਾਅ ਵਜੋਂ ਯੂਨੀਵਰਸਿਟੀ 99 ਕਰੋੜ ਰੁਪਏ ਦਾ ਪ੍ਰਸਤਾਵ ਯੂਨੀਵਰਸਿਟੀ ਗਰਾਂਟ ਕਮਿਸ਼ਨ ਕੋਲ ਭੇਜ ਚੁੱਕੀ ਹੈ। ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਅੰਮ੍ਰਿਤਸਰ ਵਿਖੇ ਇੱਕ ਕੌਮਾਂਤਰੀ ਸੈਮੀਨਾਰ ਕਰਵਾਉਣ ਦਾ ਪ੍ਰਸਤਾਵ ਵੀ ਭੇਜਿਆ ਹੈ।

Share News / Article

Yes Punjab - TOP STORIES