550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਨਗਰ ਕੀਰਤਨ ਜੈਪੁਰ ਲਈ ਰਵਾਨਾ

ਅੰਮ੍ਰਿਤਸਰ, 29 ਸਤੰਬਰ, 2019:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲੇ ਪਾਤਸ਼ਾਹ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਕੀਤਾ ਗਿਆ ਅੰਤਰਰਾਸ਼ਟਰੀ ਨਗਰ ਕੀਤਰਤਨ ਅੱਜ ਰਾਜਿਸਥਾਨ ਦੇ ਪੁਸ਼ਕਰ ਤੋਂ ਜੈਪੁਰ ਲਈ ਰਵਾਨਾ ਹੋਇਆ।

ਇਥੋਂ ਰਵਾਨਗੀ ਸਮੇਂ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਵੱਡੀ ਤਾਦਾਦ ਵਿਚ ਜੁੜੀਆਂ ਸੰਗਤਾਂ ਨੂੰ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਨਾਲ ਜੋੜਿਆ। ਕਥਾਵਾਚਕ ਭਾਈ ਜਸਵਿੰਦਰ ਸਿੰਘ ਸ਼ਹੂਰ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਕਰਦਿਆਂ ਸਿੱਖੀ ਦੀਆਂ ਮੁੱਲਵਾਨ ਕਦਰਾਂ ਕੀਮਤਾਂ ਅਨੁਸਾਰ ਜੀਵਨ ਜੀਣ ਦੀ ਸੰਗਤ ਨੂੰ ਪ੍ਰੇਰਨਾ ਕੀਤੀ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਬਾਬਾ ਸੁਖਵਿੰਦਰ ਸਿੰਘ ਨੇ ਪੰਜ ਪਿਆਰੇ ਸਾਹਿਬਾਨ, ਨਿਸ਼ਾਨਚੀ ਸਿੰਘਾਂ ਤੇ ਪ੍ਰਮੁੱਖ ਸ਼ਖਸੀਅਤਾਂ ਨੂੰ ਗੁਰੂ ਬਖਸ਼ਿਸ਼ ਸਿਰੋਮਾਓ ਦੇ ਕੇ ਨਿਵਾਜਿਆ।

ਇਸੇ ਦੌਰਾਨ ਨਗਰ ਕੀਰਤਨ ਵਿਚ ਮੈਂਬਰ ਪਾਰਲੀਮੈਂਟ ਸ੍ਰੀ ਭਾਗੀਰਾਥ ਚੌਧਰੀ, ਸਥਾਨਕ ਆਗੂ ਸ੍ਰੀ ਪ੍ਰਦੀਪ ਬਾਜਵਾ, ਡੀਐਸਪੀ ਸ੍ਰੀਮਤੀ ਗੀਤਾ ਚੌਧਰੀ ਨੇ ਹਾਜ਼ਰੀ ਭਰ ਕੇ ਸ਼ਰਧਾ ਪ੍ਰਗਟਾਈ, ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਮੀਤ ਸਕੱਤਰ ਸ. ਹਰਜੀਤ ਸਿੰਘ ਲਾਲੂਘੁੰਮਣ ਨੇ ਸਨਮਾਨਿਤ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਸੁਰਜੀਤ ਸਿੰਘ ਕੰਗ, ਬਾਬਾ ਕਾਲੂ ਸਿੰਘ, ਸ. ਜੋਗਿੰਦਰ ਸਿੰਘ, ਸ. ਪ੍ਰੀਤਮ ਸਿੰਘ, ਸ. ਸੁਰਿੰਦਰਪਾਲ ਸਿਮਘ ਸਮਾਣਾ, ਸ. ਜਸਵੀਰ ਸਿੰਘ ਲੌਂਗੋਵਾਲ, ਸ. ਸੁਖਬੀਰ ਸਿੰਘ, ਸ. ਅਜੀਤ ਸਿੰਘ, ਸ. ਸਰਬਦਿਆਲ ਸਿੰਘ, ਸ. ਬਲਵਿੰਦਰ ਸਿੰਘ, ਸ. ਜਸਵੰਤ ਸਿੰਘ, ਸ. ਕੁਲਦੀਪ ਸਿੰਘ ਆਦਿ ਮੌਜੂਦ ਸਨ।

ਨਗਰ ਕੀਰਤਨ ਨਾਲ ਚੱਲ ਰਹੇ ਸ. ਹਰਜੀਤ ਸਿੰਘ ਲਾਲੂਘੁੰਮਣ ਨੇ ਦੱਸਿਆ ਕਿ ਨਗਰ ਕੀਰਤਨ ਪ੍ਰਤੀ ਸੰਗਤਾਂ ਵਿਚ ਉਤਸ਼ਾਹ ਨਿਰੰਤਰ ਜਾਰੀ ਹੈ। ਸੰਗਤਾਂ ਜਿਥੇ ਵੱਡੀ ਗਿਣਤੀ ਵਿਚ ਨਗਰ ਕੀਰਤਨ ਵਿਚ ਸ਼ਾਮਲ ਹੋ ਰਹੀਆਂ ਹਨ, ਉਥੇ ਹੀ ਲੰਗਰ, ਚਾਹ ਪਾਣੀ, ਫਰੂਟ ਆਦਿ ਦੀ ਸੇਵਾ ਵੀ ਥਾਂ ਥਾਂ ਕੀਤੀ ਜਾ ਰਹੀ ਹੈ। ਗੁਰੂ ਸਾਹਿਬ ਦੇ ਸ਼ਸਤਰ ਜੋ ਵਿਸ਼ੇਸ਼ ਬੱਸ ਵਿਚ ਸੁਸ਼ੋਭਿਤ ਹਨ, ਪ੍ਰਤੀ ਵੀ ਸੰਗਤਾਂ ਦਾ ਉਤਸ਼ਾਹ ਬਣਿਆ ਹੋਇਆ ਹੈ।

Share News / Article

Yes Punjab - TOP STORIES