550ਵੇਂ ਪ੍ਰਕਾਸ਼ ਪੁਰਬ ’ਤੇ ਵੱਖ-ਵੱਖ ਸਟੇਜਾਂ ਲਾ ਕੇ ਸਹੀ ਸੰਦੇਸ਼ ਨਹੀਂ ਦੇ ਰਹੀਆਂ ਸਰਕਾਰ ਅਤੇ ਸ਼੍ਰੋਮਣੀ ਕਮੇਟੀ: ‘ਆਮ ਆਦਮੀ ਪਾਰਟੀ’

ਚੰਡੀਗੜ੍ਹ, 12 ਅਕਤੂਬਰ, 2019 –
ਆਮ ਆਦਮੀ ਪਾਰਟੀ (ਆਪ) ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਗਠਿਤ ਕੀਤੀ ਗਈ ਵਿਸ਼ੇਸ਼ ਕਮੇਟੀ ਦੀ ਬੈਠਕ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਪ੍ਰਧਾਨਗੀ ਹੇਠ ਹੋਈ।

ਜਿਸ ‘ਚ ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਜੈ ਕਿਸ਼ਨ ਸਿੰਘ ਰੋੜੀ, ਮਨਜੀਤ ਸਿੰਘ ਬਿਲਾਸਪੁਰ, ਕਮੇਟੀ ਮੈਂਬਰ ਬੀਬੀ ਭੁਪਿੰਦਰ ਕੌਰ, ਬੀਬੀ ਜਸਵੀਰ ਕੌਰ ਸ਼ੇਰਗਿੱਲ, ਜਮੀਲ-ਉਰ-ਰਹਿਮਾਨ, ਚੰਨ ਸਿੰਘ ਖ਼ਾਲਸਾ, ਸਤਵਿੰਦਰ ਸਿੰਘ ਜੌਹਲ ਅਤੇ ਐਡਵੋਕੇਟ ਹਰਦੀਪ ਸਿੰਘ ਪਟਿਆਲਾ ਮੌਜੂਦ ਸਨ।

‘ਆਪ’ ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਬੁਲਾਰੇ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ‘ਆਪ’ ਵੱਲੋਂ ਗਠਿਤ ਇਸ ਕਮੇਟੀ ਦਾ ਮਿਸ਼ਨ ਅਤੇ ਮਕਸਦ ਜਿੱਥੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ‘ਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨਾ ਹੈ, ਉੱਥੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਅਤੇ ਪਾਰਟੀ ਵਰਕਰਾਂ-ਵਲੰਟੀਅਰਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ ਅਤੇ ਵਹਿਮਾਂ-ਭਰਮਾਂ ਤੋਂ ਦੂਰ ਰਹਿਣ ਵਰਗੇ ਉਪਦੇਸ਼ਾਂ ‘ਤੇ ਖ਼ੁਦ ਵੀ ਅਮਲ ਕਰਨ ਅਤੇ ਦੂਸਰਿਆਂ ਨੂੰ ਪ੍ਰੇਰਨਾ ਦੇਣ ਲਈ ਪ੍ਰੇਰਿਤ ਕਰਨਾ ਹੈ।

ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਦਿੱਲੀ ਸਰਕਾਰ ਵੀ ਕਾਫ਼ੀ ਸਾਰਥਿਕ ਕੰਮ ਕਰ ਰਹੀ ਹੈ, ਫਿਰ ਵੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਵਿਸ਼ੇਸ਼ ਕਮੇਟੀ ਤੋਂ ਹੋਰ ਸੁਝਾਅ ਮੰਗੇ ਹਨ। ਸੰਧਵਾਂ ਨੇ ਦੱਸਿਆ ਕਿ ਛੇਤੀ ਹੀ ਇਹ ਕਮੇਟੀ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਨਾਲ ਬੈਠਕ ਕਰ ਰਹੀ ਹੈ।

ਸੰਧਵਾਂ ਨੇ ਸਪਸ਼ਟ ਕੀਤਾ ਹੈ ਕਿ ਆਮ ਆਦਮੀ ਪਾਰਟੀ ਪ੍ਰਕਾਸ਼ ਪੁਰਬ ਮਨਾਉਣ ਲਈ ਕੋਈ ਵੱਖਰੀ ਸਟੇਜ ਨਹੀਂ ਲਗਾਏਗੀ, ਬਲਕਿ ਪੰਜਾਬ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਸਮੇਤ ਹੋਰ ਧਾਰਮਿਕ ਹਸਤੀਆਂ ਅਤੇ ਸੰਸਥਾਵਾਂ ਨੂੰ ਅਪੀਲ ਕਰਦੀ ਹੈ ਕਿ ਉਹ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਇੱਕ ਮੰਚ ‘ਤੇ ਇਕੱਠੇ ਹੋ ਕੇ ਪ੍ਰਕਾਸ਼ ਪੁਰਬ ਮਨਾਉਣ ਅਤੇ ‘ਗੁਰੂ’ ਦੇ ਉਪਦੇਸ਼ਾਂ ‘ਤੇ ਪਹਿਰਾ ਦਿੰਦੇ ਹੋਏ ‘ਹਉਮੈ’ ਅਤੇ ‘ਚੌਧਰ’ ਦੀ ਲੜਾਈ ਤਿਆਗਣ।

ਸੰਧਵਾਂ ਨੇ ਕਿਹਾ ਕਿ ਇਸ ਪ੍ਰਕਾਸ਼ ਪੁਰਬ ਮੌਕੇ ‘ਤੇ ਜਦੋਂ ਵੱਖ-ਵੱਖ ਦੇਸ਼ਾਂ, ਧਰਮਾਂ ਸਮੇਤ ਪੂਰੀ ਦੁਨੀਆ ਦੀਆਂ ਨਜ਼ਰਾਂ ਸਮੁੱਚੀ ਸਿੱਖ ਕੌਮ ‘ਤੇ ਹਨ, ਤਾਂ ਵੱਖ-ਵੱਖ ਸਟੇਜਾਂ ਅਤੇ ਇੱਕ ਦੂਜੇ ਵਿਰੁੱਧ ਬਿਆਨਬਾਜ਼ੀ ਸ਼ੋਭਾ ਨਹੀਂ ਦਿੰਦੀ।

ਇਸ ਨੂੰ ਵੀ ਪੜ੍ਹੋ:

ਮੁੱਦਾ ਦਰਬਾਰ ਸਾਹਿਬ ਦੀ ਨਕਲ ਦਾ – ਚਿੱਠੀ ਲਿਖ਼ ਬਾਵੇ ਨੇ ਪਾਈ ਭਾਈ ਲੌਂਗੋਵਾਲ ਨੂੰ – ਐੱਚ.ਐੱਸ.ਬਾਵਾ

Share News / Article

Yes Punjab - TOP STORIES