5ਵੇਂ ਮੈਗਾ ਰੋਜ਼ਗਾਰ ਮੇਲੇ ਦੌਰਾਨ 71979 ਉਮੀਦਵਾਰਾਂ ਦੀ ਚੋਣ, ਸਫ਼ਲ ਉਮੀਦਵਾਰਾਂਨੂੰ ਕੈਪਟਨ ਨੇ ਦਿੱਤੀ ਵਧਾਈ

ਚੰਡੀਗੜ੍ਹ, 25 ਸਤੰਬਰ, 2019 –

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 5ਵੇਂ ਮੈਗਾ ਰੋਜ਼ਗਾਰ ਮੇਲੇ ਵਿੱਚ ਨੌਕਰੀਆਂ ਪ੍ਰਾਪਤ ਕਰਨ ਵਾਲੇ 71,979 ਉਮੀਦਵਾਰਾਂ ਨੂੰ ਵਧਾਈ ਦਿੱਤੀ ਅਤੇ ਆਪਣੇ ਪ੍ਰਮੁੱਖ ਸਕੀਮ ‘ਘਰ ਘਰ ਰੋਜ਼ਗਾਰ’ ਤਹਿਤ ਸਭਨਾਂ ਲਈ ਰੋਜ਼ਗਾਰ ਦੇ ਮੌਕੇ ਯਕੀਨੀ ਬਣਾਉਣ ਦੀ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ।

ਮੈਗਾ ਰੋਜ਼ਗਾਰ ਮੇਲੇ ਜਿਸ ਵਿੱਚ 2.10 ਲੱਖ ਨੌਕਰੀਆਂ ਦਿੱਤੀਆਂ ਜਾਣੀਆਂ ਹਨ, ਦੌਰਾਨ ਸਵੈ-ਰੋਜ਼ਗਾਰ ਦੇ ਮੌਕਿਆਂ ਲਈ 21429 ਨੌਜਵਾਨਾਂ ਅਤੇ ਹੁਨਰ ਸਿਖਲਾਈ ਪ੍ਰੋਗਰਾਮ ਲਈ 4989 ਨੌਜਵਾਨਾਂ ਦੀ ਪਛਾਣ ਕੀਤੀ ਗਈ ਹੈ। ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਰੋਜ਼ਗਾਰ ਮੇਲਾ30 ਸਤੰਬਰ ਤੱਕ 100 ਤੋਂ ਵੱਧ ਥਾਵਾਂ ‘ਤੇ ਲਗਾਇਆ ਜਾਵੇਗਾ।

ਮੁੱਖ ਮੰਤਰੀ 5 ਅਕਤੂਬਰ ਨੂੰ ਚਮਕੌਰ ਸਾਹਿਬ, ਜ਼ਿਲ੍ਹਾ ਰੋਪੜ ਵਿਖੇ 5ਵੇਂ ਮੈਗਾ ਰੋਜ਼ਗਾਰ ਮੇਲੇ ਦੇ ਸਫ਼ਲ ਉਮੀਦਵਾਰਾਂ ਨੂੰ ਨਿੱਜੀ ਤੌਰ ‘ਤੇ ਨਿਯੁਕਤੀ ਪੱਤਰ ਸੌਂਪਣਗੇ।

ਕੈਪਟਨ ਅਮਰਿੰਦਰ ਸਿੰਘ ਜੋ ਕਿ ਇਨ੍ਹਾਂ ਰੋਜ਼ਗਾਰ ਮੇਲਿਆਂ ਦੀ ਪ੍ਰਗਤੀ ‘ਤੇ ਖੁਦ ਨਜ਼ਰ ਰੱਖ ਰਹੇ ਹਨ, ਨੇ ਇਨ੍ਹਾਂ ਮੇਲਿਆਂ ਦੀ ਸਫ਼ਲਤਾ ‘ਤੇ ਸੰਤੁਸ਼ਟੀ ਪ੍ਰਗਟਾਈ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਭਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਆਪਣੇ ਯਤਨ ਜਾਰੀ ਰੱਖੇਗੀ। ਉਨ੍ਹਾਂ ਚੇਤੇ ਕੀਤਾ ਕਿ ਇਸ ਤੋਂ ਪਹਿਲਾਂ ਫਰਵਰੀ 2019 ਦੌਰਾਨ ਸੂਬੇ ਭਰ ਵਿੱਚ ਵੱਖ ਵੱਖ ਥਾਵਾਂ ‘ਤੇ ਲਗਾਏ ਰੋਜ਼ਗਾਰ ਮੇਲਿਆਂ ਵਿੱਚ ਬੇਰੁਜ਼ਗਾਰ ਨੌਜਵਾਨਾਂ ਨੂੰ 55000 ਤੋਂ ਵੱਧ ਨੌਕਰੀਆਂ ਦਿੱਤੀਆਂ ਗਈਆਂ ਸਨ।

ਰੋਜ਼ਗਾਰ ਉੱਤਪਤੀ ਵਿਭਾਗ ਦੇ ਬੁਲਾਰੇ ਅਨੁਸਾਰ 5ਵੇਂ ਮੈਗਾ ਰੋਜ਼ਗਾਰ ਮੇਲੇ ਦਾ ਆਗਾਜ਼ 9 ਸਤੰਬਰ ਨੂੰ ਕੀਤਾ ਗਿਆ ਸੀ, ਜਿਸਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ ਹੁਣ ਤੱਕ 112080 ਉਮੀਦਵਾਰ ਇਸ ਰੋਜ਼ਾਗਾਰ ਮੇਲੇ ਵਿੱਚ ਹਿੱਸਾ ਲੈ ਚੁੱਕੇ ਹਨ। ਬੁਲਾਰੇ ਨੇ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਦੌਰਾਨ ਵਿਦਿਆਰਥੀਆਂ ਨੂੰ 10 ਲੱਖ ਰੁਪਏ ਸਲਾਨਾ ਤੱਕ ਦੇ ਪੈਕੇਜ਼ਾਂ ਦੀ ਪੇਸ਼ਕਸ਼ ਕੀਤੀ ਗਈ ਹੈ ਅਤੇ ਨਾਲ ਹੀ ਦੱਸਿਆ ਕਿ ਵਿਭਾਗ ਨੂੰ ਪ੍ਰਾਪਤ ਹੋਣ ਵਾਲੀਆਂ ਅਰਜ਼ੀਆਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ।

ਚੁਣੇ ਗਏ ਉਮੀਦਵਾਰਾਂ ਵਿਚੋਂ 9138 ਉਮੀਦਵਾਰ ਮੁਹਾਲੀ ਤੋਂ, ਜਲੰਧਰ ਤੋਂ 5389, ਸੰਗਰੂਰ ਤੋਂ 5235 ਅਤੇ ਲੁਧਿਆਣਾ ਤੋਂ 4931, ਬਠਿੰਡਾ ਤੋਂ 3657 ਉਮੀਦਵਾਰ ਚੁਣੇ ਗਏ ਹਨ। ਹੁਸ਼ਿਆਰਪੁਰ ਤੋਂ 3334, ਗੁਰਦਾਸਪੁਰ ਤੋਂ 3231, ਪਟਿਆਲਾ ਅਤੇ ਮਾਨਸਾ ਦੇ ਕ੍ਰਮਵਾਰ 3978 ਅਤੇ 3018 ਉਮੀਦਵਾਰ ਚੁਣੇ ਗਏ ਹਨ। ਇਸਦੇ ਨਾਲ ਹੀ ਬਰਨਾਲਾ ਦੇ 2850, ਤਰਨਤਾਰਨ (2808), ਫਿਰੋਜਪੁਰ (2708), ਐਸਬੀਐਸ ਨਗਰ (2364), ਅਤੇ ਅੰਮ੍ਰਿਤਸਰ (2054) ਦੇ ਉਮੀਦਵਾਰ ਚੁਣੇ ਗਏ ਹਨ।

ਸਵੈ-ਰੁਜ਼ਗਾਰ ਉੱਦਮਾਂ ਲਈ ਕਪੂਰਥਲਾ ਦੇ 3790, ਫਾਜਲਿਕਾ ਜ਼ਿਲ੍ਹੇ ਦੇ 1330 ਅਤੇ ਸਹੀਦ ਭਗਤ ਸਿੰਘ ਨਗਰ ਦੇ 1353 ਨੌਜਵਾਨਾਂ ਦੀ ਪਛਾਣ ਕੀਤੀ ਗਈ ਹੈ। ਇਸਦੇ ਨਾਲ ਹੀ ਹੁਨਰ ਸਿਖਲਾਈ ਲਈ ਕਪੂਰਥਲਾ ਤੋਂ 794, ਫਾਜਲਿਕਾ ਤੋਂ 410, ਜਲੰਧਰ ਤੋਂ 355 , ਮੁਹਾਲੀ ਤੋਂ 324 ਅਤੇ ਸੰਗਰੂਰ ਤੋਂ 414, ਗੁਰਦਾਸਪੁਰ ਤੋਂ 286 ਅਤੇ ਲੁਧਿਆਣਾ ਤੋਂ 258 ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ।

ਪੰਜਾਬ ਸਰਕਾਰ ਵੱਲੋਂ ਹਰੇਕ ਬੇਰੁਜ਼ਗਾਰ ਨੌਜਵਾਨ ਨੂੰ ਯੋਗਤਾ ਦੇ ਆਧਾਰ ‘ਤੇ ਰੋਜ਼ਗਾਰ (ਸਵੈ ਜਾਂ ਉਜਰਤ)ਦੇਣ ਲਈ ” ਘਰ ਘਰ ਰੋਜ਼ਗਾਰ ਮਿਸ਼ਨ” ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਪ੍ਰੋਗਰਮਾ ਤਹਿਤ ਗੈਰ ਹੁਨਰਮੰਦਾਂ ਨੂੰ ਹੁਨਰਮੰਦ ਬਣਾ ਕੇ ਰੋਜ਼ਗਾਰ ਪ੍ਰਾਪਤ ਕਰਨ ਦੇ ਯੋਗ ਬਣਾਉਣਾ ਵੀ ਸ਼ਾਮਲ ਹੈ।

ਰੋਜ਼ਗਾਰ ਉੱਤਪਤੀ ਤੇ ਸਿਖਲਾਈ ਵਿਭਾਗ ਦੇ ਠੋਸ ਯਤਨਾਂ ਸਦਕਾ ਪ੍ਰਤੀ ਦਿਨ 1000 ਨੌਕਰੀਆਂ ਦੀ ਦਰ ਨਾਲ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਨੌਜਵਾਨਾਂ ਦੇ ਸਵੈ-ਰੋਜ਼ਗਾਰ ਉੱਦਮਾਂ ਲਈ ਲੋਨ ਦਾ ਪ੍ਰਬੰਧ ਕਰਨ ਲਈ ਬੈਂਕਾਂ ਨਾਲ ਤਾਲਮੇਲ ਕਰਨਾ ਵੀ ਸ਼ਾਮਲ ਹੈ। ਡਿਸਟ੍ਰਿਕਟ ਬਿਊਰੋ ਆਫ਼ ਇੰਪਲਾਇਮੈਂਟ ਐਂਡ ਇੰਟਰਪ੍ਰਾਇਜਜ਼ (ਡੀ.ਬੀ.ਈ.ਈਜ਼) ਨੌਕਰੀ ਦੀ ਭਾਲ ਕਰਨ ਵਾਲਿਆਂ ਲਈ ਸਾਰੇ ਜ਼ਿਲ੍ਹਿਆਂ ਵਿਚ ਨੋਡਲ ਸੈਂਟਰ ਬਣ ਗਏ ਹਨ।

ਇਸ ਨੂੰ ਵੀ ਪੜ੍ਹੋ:  

ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ

Share News / Article

Yes Punjab - TOP STORIES