ਯੈੱਸ ਪੰਜਾਬ
ਕਿਸ਼ਵਤਵਾੜ, 1 ਜੁਲਾਈ, 2019:
ਜੰਮੂ-ਕਸ਼ਮੀਰ ਵਿਚ ਕਿਸ਼ਵਤਵਾੜ ਵਿਖ਼ੇ ਸੋਮਵਾਰ ਸਵੇਰੇ ਹੋਏ ਇਕ ਭਿਆਨਕ ਸੜਕ ਹਾਦਸੇ ਵਿਚ 33 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 22 ਹੋਰ ਵਿਅਕਤੀ ਜ਼ਖ਼ਮੀ ਦੱਸੇ ਜਾ ਰਹੇ ਹਨ।
ਹਾਦਸਾ ਉਸ ਵੇਲੇ ਵਾਪਰਿਆ ਜਦ ਪਿੰਡ ਕੇਸ਼ਵਾਨ ਤੋਂ ਕਿਸ਼ਤਵਾਰ ਸ਼ਹਿਰ ਵੱਲ ਜਾ ਰਹੀ ਉਵਰਲੋਡਿਡ ਮਿੰਨੀ ਬੱਸ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋ ਕੇ ਲਗਪਗ 300 ਫੁੱਟ ਡੂੰਘੀ ਖੱਡ ਵਿਚ ਜਾ ਡਿੱਗੀ।
ਘਟਨਾ ਦੀ ਖ਼ਬਰ ਮਿਲਦਿਆਂ ਹੀ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਅਤੇ ਸਿਵਲ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਬਚਾਅ ਕਾਰਜਾਂ ਦੀ ਨਿਗਰਾਨੀ ਸ਼ੁਰੂ ਕੀਤੀ।
ਬਚਾਅ ਕਾਰਜਾਂ ਤਹਿਤ ਮ੍ਰਿਤਕਾਂ ਦੀਆਂ ਲਾਸ਼ਾਂ ਕੱਢਣ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪੁਚਾਇਆ ਗਿਆ। ਜ਼ਖ਼ਮੀਆਂ ਵਿਚੋਂ ਕੁਝ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਤੇਜ਼ ਰਫ਼ਤਾਰੀ, ਉਵਰਲੋਡਿੰਗ ਅਤੇ ਸੜਕਾਂ ਦੀ ਬਦਨੁਮਾ ਹਾਲਤ ਕਾਰਨ ਕਿਸ਼ਤਵਾੜ, ਡੋਡਾ, ਰਾਜੌਰੀ ਅਤੇ ਪੁੰਛ ਜ਼ਿਲਿ੍ਹਆਂ ਵਿਚ ਇਸ ਤਰ੍ਹਾਂ ਦੇ ਹਾਦਸੇ ਵਾਪਰ ਚੁੱਕੇ ਹਨ।ੂ
ਯਾਦ ਰਹੇ ਕਿ ਲੰਘੀ 27 ਜੂਨ ਨੂੰ ਹੀ ਪ੍ਰਾਈਵੇਟ ਕੰਪਿਊਟਰ ਟਰੇਨਿੰਗ ਇੰਸਟੀਚਿਊਟ ਦੇ 11 ਵਿਦਿਆਰਥੀਆਂ ਦੀ ਪੀਰ ਕੀ ਗਲੀ ਇਲਾਕੇ ਵਿਚ ਮੁਗਲ ਰੋਡ ’ਤੇ ਹੋੲ ਹਾਦਸੇ ਵਿਚ ਮੌਤ ਹੋ ਗਈ ਸੀ। ਇਹ ਹਾਦਸਾ ਜੰਮੂ ਦੇ ਰਾਜੌਰੀ ਅਤੇ ਪੁੰਛ ਜ਼ਿਲਿ੍ਹਆਂ ਨੂੰ ਜੋੜਦੀ ਸੜਕ ’ਤੇ ਹੋਇਆ ਸੀ।
ਇਸੇ ਹਾਦਸੇ ਤੋਂ ਬਾਅਦ ਪੁੰਛ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਵਿਦਿਅਕ ਅਦਾਰਿਆਂ ਵੱਲੋਂ ਬੱਚਿਆਂ ਦੇ ਘੁੰਮਣ ਫ਼ਿਰਣ ਸੰਬੰਧੀ ਪ੍ਰੋਗਰਾਮਾਂ ’ਤੇ ਰੋਕ ਲਗਾ ਦਿੱਤੀ ਸੀ। ਹੁਣ ਇਸ ਤਰ੍ਹਾਂ ਦੇ ਟੂਰ ਪ੍ਰਸ਼ਾਸ਼ਨ ਤੋਂ ਇਜਾਜ਼ਤ ਲੈ ਕੇ ਹੀ ਕੀਤੇ ਜਾ ਸਕਣਗੇ।