32 ਸਾਲਾ ਗੁਜਰਾਤੀ 81 ਵਰਿ੍ਹਆਂ ਦਾ ਅਮਰੀਕ ਸਿੰਘ ਬਣ ਕੇ ਮਾਰਣ ਲੱਗਾ ਸੀ ਉਡਾਰੀ, ਦਿੱਲੀ ਹਵਾਈ ਅੱਡੇ ’ਤੇ ਕਾਬੂ

ਯੈੱਸ ਪੰਜਾਬ
ਨਵੀਂ ਦਿੱਲੀ 10 ਸਤੰਬਰ, 2019:

ਦਿੱਲੀ ਹਵਾਈ ਅੱਡੇ ’ਤੇ ਇਕ 32 ਸਾਲਾ ਗੁਜਰਾਤੀ ਨੌਜਵਾਨ ਨੂੰ ਕਾਬੂ ਕੀਤਾ ਗਿਆ ਹੈ ਜੋ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ 81 ਵਰਿ੍ਹਆਂ ਦਾ ਅਮਰੀਕ ਸਿੰਘ ਬਣ ਕੇ ਪੁੱਜਾ ਸੀ।

ਸ਼ੱਕ ਪੈਣ ’ਤੇ ਉਸਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਾਬੂ ਕਰ ਲਿਆ ਗਿਆ।

ਅਹਿਮਦਾਬਾਦ ਦਾ ਰਹਿਣ ਵਾਲਾ ਜਯੇਸ਼ ਪਟੇਲ ਨਾਂਅ ਦਾ ਇਹ ਵਿਅਕਤੀ ਬਕਾਇਦਾ 81 ਸਾਲਾਂ ਦੇ ਅਮਰੀਕ ਸਿੰਘ ਦਾ ਨਕਲੀ ਪਾਸਪੋਰਟ ਲੈ ਕੇ ਅਤੇ ਵ੍ਹੀਲ ਚੇਅਰ ’ਤੇ ਬੈਠ ਹਵਾਈ ਅੱਡੇ ’ਤੇ ਪੁੱਜਾ ਸੀ।

ਜਯੇਸ਼ ਪਟੇਲ ਨਿਊਯਾਰਕ ਦੀ ਫ਼ਲਾਈਟ ਲੈ ਕੇ ਉਡਾਰੀ ਮਾਰਣਾ ਚਾਹੁੰਦਾ ਸੀ।

ਅਧਿਕਾਰੀਆਂ ਅਨੁਸਾਰ ਜਯੇਸ਼ ਪਟੇਲ ਐਤਵਾਰ ਨੂੰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ ਨੰਬਰ 3 ’ਤੇ ਪੁੱਜਾ ਅਤੇ ਉਹ ਬਿਲਕੁਲ ਇਕ ਬਜ਼ੁਰਗ ਵਿਅਕਤੀ ਵਾਂਗ ਵ੍ਹੀਲ ਚੇਅਰ ’ਤੇ ਬੈਠਾ ਸੀ। ਉਸਨੇ ਮੁੱਢਲੀ ਜਾਂਚ ਪੜਤਾਲ ਅਤੇ ਇਮੀਗਰੇਸ਼ਨ ਵੀ ‘ਕਲੀਅਰ’ ਕਰ ਲਈ ਸੀ ਪਰ ਉਹ ਕਾਫ਼ੀ ਤਿਆਰੀ ਦੇ ਬਾਵਜੂਦ ਅੰਤਲੇ ਪੜਾਅ ’ਤੇ ਤਾਇਨਾਤ ਅਧਿਕਾਰੀਆਂ ਦੀਆਂ ਤੇਜ਼ ਨਿਗਾਹਾਂ ਤੋਂ ਨਹੀਂ ਬਚ ਸਕਿਆ।

ਹਾਲਾਂਕਿ ਉਹ ਆਪਣੇ ਵਾਲ ਚਿੱਟੇ ਰੰਗ ’ਕੇ ਪੂਰੀ ਤਿਆਰੀ ਨਾਲ ਹਵਾਈ ਅੱਡੇ ’ਤੇ ਪਹੁੰਚਿਆ ਸੀ ਪਰ ਉੱਥੇ ਸੁਰੱਖ਼ਿਆ ਲਈ ਤਾਇਨਾਤ ਸੀ.ਆਈ.ਐਸ.ਐਫ. ਦੇ ਅਧਿਕਾਰੀਆਂ ਨੂੰ ਉਸਦੀ ਆਵਾਜ਼ ਅਤੇ ਚਿਹਰੇ ਤੋਂ ਸ਼ੱਕ ਹੋਇਆ ਕਿਉਂਕਿ ਨਾ ਤਾਂ ਉਸਦੀ ਆਵਾਜ਼ 81 ਵਰਿ੍ਹਆਂ ਦੇ ਬਜ਼ੁਰਗ ਵਰਗੀ ਸੀ ਅਤੇ ਨਾ ਹੀ ਉਸਦੇ ਚਿਹਰੇ ’ਤੇ ਉਮਰ ਮੁਤਾਬਿਕ ਕੋਈ ਝੁਰੀਆਂ ਆਦਿ ਸਨ।

ਹਵਾਈ ਅੱਡੇ ’ਤੇ ਤਾਇਨਾਤ ਅਧਿਕਾਰੀਆਂ ਨੇ ਉਸਨੂੰ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਅਤੇ ਅਜੇ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਉਹ ਇੰਜ ਬਦਲਵੇਂ ਨਾਂਅ ਅਤੇ ਉਮਰ ਦਾ ਪਾਸਪੋਰਟ ਬਣਾ ਕੇ ਵਿਦੇਸ਼ ਕਿਉਂ ਭੱਜ ਰਿਹਾ ਸੀ।

Share News / Article

YP Headlines