300 ਸਾਲਾ ਸਮਾਗਮਾਂ ਮੌਕੇ ਨਾਂਦੇੜ ਦੇ ਵਿਕਾਸ ਲਈ ਖ਼ਰਚੇ 61 ਕਰੋੜ ’ਤੇ ਮਹਾਰਾਸ਼ਟਰ ਸਰਕਾਰ ਨੇ ਲੀਕ ਫ਼ੇਰੀ, ਲੌਂਗੋਵਾਲ ਨੇ ਕੀਤਾ ਧੰਨਵਾਦ

ਅੰਮ੍ਰਿਤਸਰ, 4 ਸਤੰਬਰ, 2019 –
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਮਹਾਰਾਸ਼ਟਰ ਸਰਕਾਰ ਵੱਲੋਂ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਨਾਂਦੇੜ ਬੋਰਡ ਦੀ 61 ਕਰੋੜ ਰੁਪਏ ਦੀ ਰਾਸ਼ੀ ਮੁਆਫ ਕਰਨ ’ਤੇ ਸੂਬੇ ਦੇ ਮੁੱਖ ਮੰਤਰੀ ਸ੍ਰੀ ਦਵਿੰਦਰ ਫੜਨਵੀਸ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰ ਕੇ ਮੁੱਖ ਮਤਰੀ ਨੇ ਆਪਣੀ ਵਚਨਬੱਧਤਾ ਨਿਭਾਈ ਹੈ।

ਦੱਸਣਯੋਗ ਹੈ ਕਿ ਇਹ ਰਾਸ਼ੀ ਸਾਲ 2008 ਵਿਚ ਮਹਾਰਾਸ਼ਟਰ ਸਰਕਾਰ ਵੱਲੋਂ 300 ਸਾਲਾ ਗੁਰਤਾਗੱਦੀ ਦਿਵਸ ਮੌਕੇ ਤਖਤ ਸਾਹਿਬ ਦੇ ਆਲੇ ਦੁਆਲੇ ਦੇ ਵਿਕਾਸ ਲਈ ਦਿੱਤੀ ਗਈ ਸੀ, ਪਰੰਤੂ ਮਗਰੋਂ ਇਸ ਨੂੰ ਕਰਜੇ ਵਜੋਂ ਦਰਸਾ ਦਿੱਤਾ ਗਿਆ ਸੀ। ਇਹ ਰਾਸ਼ੀ ਹੁਣ ਮਹਾਰਾਸ਼ਟਰ ਸਰਕਾਰ ਦੀ ਕੈਬਨਿਟ ਵੱਲੋਂ ਮੁਆਫ ਕਰ ਦਿੱਤੀ ਗਈ ਹੈ।

ਭਾਈ ਲੌਂਗੋਵਾਲ ਨੇ ਇਸ ਸਬੰਧੀ ਤਖਤ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਭੁਪਿੰਦਰ ਸਿੰਘ ਮਿਨਹਾਸ ਅਤੇ ਹੋਰ ਅਹੁਦੇਦਾਰਾਂ ਦੇ ਯਤਨਾਂ ਦੀ ਵੀ ਪ੍ਰਸੰਸਾ ਕੀਤੀ। ਦਫਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਕੀਤੇ ਗਏ ਇੱਕ ਪ੍ਰੈਸ ਬਿਆਨ ਵਿਚ ਭਾਈ ਲੌਂਗੋਵਾਲ ਨੇ ਆਖਿਆ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਸੁਹਿਰਦ ਫੈਸਲਾ ਲਿਆ ਹੈ ਜਿਸ ਦੀ ਸਿੱਖ ਜਗਤ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ।

ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਮਹਾਰਾਸ਼ਟਰ ਦੇ ਮੁੱਖ ਮਤਰੀ ਸ੍ਰੀ ਫੜਨਵੀਸ ਪਾਸੋਂ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਬੋਰਡ ਦੇ ਮੈਬਰਾਂ ਦੀ ਗਿਣਤੀ ਪੂਰੀ ਕਰਨ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਤਖਤ ਸਾਹਿਬ ਦੇ ਪ੍ਰਬੰਧਕੀ ਬੋਰਡ ਵਿਚ ਸਾਰੇ ਮੈਂਬਰਾਂ ਦੀ ਨਾਮਜਦਗੀ ਲਾਜ਼ਮੀ ਹੋਣੀ ਚਾਹੀਦੀ ਹੈ।

ਉਨ੍ਹਾਂ ਕਿ ਸੰਵਿਧਾਨਕ ਤੌਰ ’ਤੇ ਸਾਰੇ ਮੈਂਬਰਾਂ ਦੀ ਨਾਮਜਦਗੀ ਬਾਅਦ ਬੋਰਡ ਦੇ ਅਹੁਦੇਦਾਰ ਚੁਣਨ ਲਈ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ।

Share News / Article

Yes Punjab - TOP STORIES