30 ਸਤੰਬਰ ਨੂੰ ਪੰਜਾਬੀ ਲੇਖਕ ਸ਼ਰਧਾ ਰਾਮ ਫਿਲੌਰੀ ਜਨਮ ਦਿਵਸ ਮਨਾਉਣ ਲਈ ਲੇਖਕ ਸਾਥ ਦੇਣ: ਕ੍ਰਿਸ਼ਨ ਕੁਮਾਰ ਬਾਵਾ

ਲੁਧਿਆਣਾ: 22 ਸਤੰਬਰ, 2019:

ਮਾਲਵਾ ਸਭਿਆਚਾਰਕ ਮੰਚ ਦੇ ਪ੍ਰਧਾਨ ਤੇ ਬਾਬਾ ਬੰਦਾ ਸਿੰਘ ਬਹਾਦਰ ਫਾਉਡੇਸ਼ਨ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਦੇ ਪੰਜਾਬ ਰਾਜ ਉਦਯੋਗ ਵਿਕਾਸ ਕਾਰਪੋਰੇਸ਼ਨ ਦਾ ਚੇਅਰਮੈਨ ਬਣਨ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ, ਕਾਰਜਕਾਰੀ ਮੈਂਬਰ ਤ੍ਰੈਲੋਚਨ ਲੋਚੀ, ਸਕੱਤਰ ਮਨਜਿੰਦਰ ਧਨੋਆ ਤੇ ਡਾ: ਜਗਵਿੰਦਰ ਜੋਧਾ ਤੋਂ ਇਲਾਵਾ ਪੰਜਾਬੀ ਕਵੀ ਤਰਸੇਮ ਨੂਰ ਨੇ ਸ਼੍ਰੀ ਕ ਕ ਬਾਵਾ ਨੂੰ ਨਵ ਪੁਸਤਕਾਂ ਦਾ ਸੈੱਟ ਭੇਂਟ ਕਰਕੇ ਮੁਬਾਰਕਬਾਦ ਦਿੱਤੀ।

ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਨੇ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਪੰਜਾਬੀ ਵਾਰਤਕ ਪਿਤਾਮਾ ਸ਼ਰਧਾ ਰਾਮ ਫਿਲੌਰੀ ਦਾ ਜਨਮ ਦਿਨ 30 ਸਤੰਬਰ ਨੂੰ ਕ੍ਰਿਸ਼ਨਾ ਮੰਦਰ ਮਾਡਲ ਟਾਉਨ ਲੁਧਿਆਣਾ ਵਿੱਚ ਮਨਾ ਰਹੇ ਹਾਂ ਜਿਸ ਚ ਲੇਖਕਾਂ ਦੀ ਸ਼ਮੂਲੀਅਤ ਬੇਹੱਦ ਜ਼ਰੂਰੀ ਹੈ।

ਇਸ ਮੌਕੇ ਓਮ ਪ੍ਰਕਾਸ਼ ਗਾਸੋ ਦੀ ਪੁਸਤਕ ਤਲਖ਼ੀਆਂ ਦੇ ਰੂਬਰੂ ਦੀ ਕਾਪੀ ਵੀ ਲੋਕ ਅਰਪਨ ਕੀਤੀ ਗਈ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਗਿੱਲ ਨੇ ਓਮ ਪ੍ਰਕਾਸ਼ ਗਾਸੋ ਤੇ ਉਨ੍ਹਾਂ ਦੀਆਂ ਲਿਖਤਾਂ ਬਾਰੇ ਕਿਹਾ ਹੈ ਕਿ ਤ੍ਰੈਕਾਲਦਰਸ਼ੀ ਲੇਖਕ ਗਾਸੋ ਦੀਆਂ ਲਿਖਤਾਂ ਚੋਂ ਸਰਬ ਸਮਿਆਂ ਦਾ ਪੰਜਾਬ ਬੋਲਦਾ ਹੈ।

ਗਾਸੋ ਦੀ ਸਾਹਿੱਤ ਸਾਧਨਾ ਦੀ ਉਮਰ ਇਸ ਵੇਲੇ 60 ਸਾਲ ਤੋਂ ਵਧੇਰੇ ਹੈ। ਇਹ ਬੀਤਿਆ ਸਮਾਂ ਉਨ੍ਹਾਂ ਸਾਹਿੱਤ ਸਿਰਜਣਾ, ਅਧਿਅਨ ਤੇ ਅਧਿਆਪਨ ਦੇ ਲੇਖੇ ਲਾਇਆ।

ਗਾਸੋ ਬਾਰੇ ਬੋਲਦਿਆਂ ਡਾ: ਜਗਵਿੰਦਰ ਜੋਧਾ ਦਾ ਕਥਨ ਸੀ ਕਿ ਔਸਤ ਪੰਜਾਬੀ ਲੇਖਕ ਕੋਲ ਯੁਗਬੋਧ ਨਹੀਂ ਹੈ ਪਰ ਓਮ ਪ੍ਰਕਾਸ਼ ਗਾਸੋ ਦੇ ਨਾਵਲਾਂ ਤੇ ਵਾਰਤਕ ਚ ਧਰਤੀ ਨਿਸ਼ੰਗ ਇਤਿਹਾਸ ਮਿਥਿਹਾਸ ਤੇ ਆਪਣਾ ਦਰਦ ਸੁਣਾਉਂਦੀ ਹੈ।

ਮਨਜਿੰਦਰ ਧਨੋਆ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਬਰਨਾਲੇ ਵੱਸਦਾ ਓਮ ਪ੍ਰਕਾਸ਼ ਗਾਸੋ ਸਾਡਾ ਸਾਂਝਾ ਬਾਬਲ ਹੈ ਜਿਸ ਦੀ ਗਿਆਨ ਪੋਟਲੀ ਚੋਂ ਸਾਨੂੰ ਹਰ ਵੇਲੇ, ਹਰ ਥਾਂ ਹਰ ਸਾਮਾਨ ਮਿਲ ਜਾਂਦਾ ਹੈ। ਉਸਦੇ ਬੋਲਾਂ ਚ ਯੁਗ ਵੇਦਨਾ ਦਾ ਵਾਸ ਹੋਣ ਕਾਰਨ ਹੀ ਸ਼ਿਵ ਜੀ ਵਾਂਗ ਤਲਖ਼ੀਆਂ ਦੇ ਘੁੱਟ ਭਰਦਿਆਂ ਉਨ੍ਹਾਂ ਨਾਲ ਦਸਤਪੰਜਾ ਲੈਂਦਾ ਹੈ।

ਤ੍ਰੈਲੋਚਨ ਲੋਚੀ ਨੇ ਕਿਹਾ ਕਿ ਕਿਹਾ ਕਿ ਓਮ ਪ੍ਰਕਾਸ਼ ਗਾਸੋ ਲੋਕਾਂ ਦਾ ਲਿਖਾਰੀ ਹੈ ਅਤੇ ਮਿੱਤਰ ਮੰਡਲ ਪ੍ਰਕਾਸ਼ਨ ਵੱਲੋਂ ਪੁਸਤਕਾਂ ਖ਼ੁਦ ਛਾਪ ਕੇ ਹਜ਼ਾਰਾਂ ਪਾਠਕਾਂ ਤੀਕ ਆਪ ਪਹੁੰਚਾਉਂਦਾ ਹੈ। 192 ਸਫ਼ਿਆਂ ਦੀ ਇਸ ਪੁਸਤਕ ਦੀ ਕੀਮਤ ਕੇਵਲ ਸੌ ਰੁਪਿਆ ਰੱਖੀ ਗਈ ਹੈ।

ਓਮ ਪ੍ਰਕਾਸ਼ ਗਾਸੋ ਦੀ ਗ਼ੈਰਹਾਜ਼ਰੀ ਚ ਚਰਚਾ ਕਰਦਿਆਂ ਪੰਜਾਬੀ ਕਵੀ ਤ੍ਰੈਲੋਚਨ ਲੋਚੀ ਨੇ ਹੋਰ ਕਿਹਾ ਕਿ ਓਮ ਪ੍ਰਕਾਸ਼ ਗਾਸੋ ਜੀ ਸਾਡੇ ਸਭ ਦੇ ਮਾਰਗ ਦਰਸ਼ਕ ਹਨ।

Share News / Article

Yes Punjab - TOP STORIES