ਯੈੱਸ ਪੰਜਾਬ
ਪਟਿਆਲਾ, 10 ਮਾਰਚ, 2020:
ਅਸਟਰੇਲੀਆ ਵਿਚ ਮੈਲਬਾਰਨ ਦੇ ਬਾਹਰਵਾਰ ਪੂਰਬੀ ਪਾਸੇ ਹੋਏ ਇਕ ਸੜਕ ਹਾਦਸੇ ਵਿਚ ਤਿੰਨ ਪੰਜਾਬੀਆਂ ਦੀ ਦਰਦਨਾਕ ਮੌਤ ਹੋਣ ਅਤੇ ਦੋ ਹੋਰਨਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਐਤਵਾਰ ਬਾਅਦ ਦੁਪਹਿਰ ਲਗਪਗ 2.30 ਵਜੇ ਇਹ ਹਾਦਸਾ ਸ਼ੇਰਬਰੁੱਕ ਰੋਡ, ਕਾਲਿਸਤਾ, ਡੈਂਡੇਨੌਂਗਜ਼ ਵਿਖ਼ੇ ਇਸ ਪਰਿਵਾਰ ਦੀ ਕਾਰ ’ਤੇ ਇਕ ਵੱਡਾ ਦਰਖ਼ਤ ਆ ਡਿੱਗਣ ਕਾਰਨ ਵਾਪਰਿਆ ਜਿਸ ਮਗਰੋਂ ਕਾਰ ਬੇਕਾਬੂ ਹੋ ਕੇ ਇਕ ਪਾਸੇ ਜਾ ਪਈ।
ਇਸ ਹਾਦਸੇ ਵਿਚ ਪੰਜਾਬ ਤੋਂ ਗਿਆ ਨੌਜਵਾਨ ਇਸ਼ਪ੍ਰੀਤ ਸਿੰਘ, ਉਸਦਾ ਅਸਟਰੇਲੀਆ ਰਹਿੰਦਾ ਚਾਚਾ ਸਵਰਨਜੀਤ ਸਿੰਘ ਅਤੇ ਚਾਚੀ ਅਮਨਦੀਪ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਇਸ਼ਪ੍ਰੀਤ ਦੀ ਮਾਤਾ ਗੁਰਮੀਤ ਕੌਰ ਅਤੇ ਅਸਟਰੇਲੀਆ ਰਹਿੰਦੇ ਜੋੜੇ ਦਾ ਚਾਰ ਸਾਲਾ ਬੇਟਾ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਪਟਿਆਲਾ ਜ਼ਿਲ੍ਹੇ ਦੇ ਪਿੰਡ ਨਵਾਦਾ ਨਾਲ ਸੰਬੰਧਤ ਪਰਿਵਾਰ ਦੀ ਗੁਰਮੀਤ ਕੌਰ ਆਪਣੇ ਬੇਟੇ ਇਸ਼ਪ੍ਰੀਤ ਨਾਲ ਰਿਸ਼ਤੇਦਾਰਾਂ ਨੂੰ ਮਿਲਣ ਅਸਟਰੇਲੀਆ ਗਈ ਸੀ ਜਿੱਥੇ ਇਹ ਭਾਣਾ ਵਾਪਰ ਗਿਆ। ਇਸ ਭਿਆਨਕ ਅਤੇ ਦਿਲ ਕੰਬਾਊ ਹਾਦਸੇ ਦੀ ਖ਼ਬਰ ਪਿੰਡ ਵਿਚ ਪੁੱਜਣ ਕਾਰਨ ਪਿੰਡ ਵਿਚ ਸੋਗ ਦਾ ਮਾਹੌਲ ਹੈ।