ਜਲੰਧਰ, ਜਨਵਰੀ 12, 2020:
ਵਿਦੇਸ਼ਾਂ ਵਿੱਚ ਬੈਠ ਕੇ ਭਾਰਤੀ ਪੰਜਾਬ ਨੂੰ ਖ਼ਾਲਿਸਤਾਨ ਬਣਾਉਣ ਦੀ ਮੁਹਿੰਮ ਚਲਾਉਣ ਵਾਲੇ ਗੁਰਪਤਵੰਤ ਪੰਨੂ ਵੱਲੋਂ 26 ਜਨਵਰੀ ਨੂੰ ਪੰਜਾਬ ਭਰ ਵਿੱਚ ਜ਼ਿਲ੍ਹਾ ਪੱਧਰ ’ਤੇ ਭਾਰਤੀ ਸੰਵਿਧਾਨ ਸਾੜਨ ਦੇ ਐਲਾਨ ਨੂੰ ਬਹੁਜਨ ਫ਼ਰੰਟ ਪੰਜਾਬ ਦੇ ਆਗੂ ਸੁਖਵਿੰਦਰ ਕੋਟਲੀ ਅਤੇ ਰਮੇਸ਼ ਚੋਹਕਾਂ ਨੇ ਮੰਦਭਾਗਾ ਕਰਾਰ ਦਿੱਤਾ ਹੈ।
ਪੈੱ੍ਰਸ ਦੇ ਨਾਂ ਬਿਆਨ ਜਾਰੀ ਕਰਦਿਆਂ ਸੁਖਵਿੰਦਰ ਕੋਟਲੀ ਨੇ ਕਿਹਾ ਕਿ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਨੇ ਦੇਸ਼ ਦੇ ਕਰੋੜਾਂ ਦਲਿਤਾਂ, ਪਛੜੇ ਵਰਗਾਂ, ਔਰਤਾਂ ਅਤੇ ਘੱਟ ਗਿਣਤੀਆਂ ਦੇ ਅਧਿਕਾਰਾਂ ਨੂੰ ਸੰਵਿਧਾਨ ਵਿੱਚ ਦਰਜ ਕੀਤਾ ਹੈ। ਉਨ੍ਹਾਂ ਗੁਰਪਤਵੰਤ ਪੰਨੂ ਅਜਿਹਾ ਨਾ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਅਜਿਹੀਆਂ ਹਰਕਤਾਂ ਨਾਲ ਦੇਸ਼ ਅੰਦਰ ਸਿੱਖਾਂ ਅਤੇ ਦਲਿਤਾਂ ਵਿੱਚ ਟਕਰਾਅ ਪੈਦਾ ਹੋਵੇਗਾ, ਜੋ ਸਹੀ ਨਹੀ ਹੈ।
ਉਨ੍ਹਾਂ ਕਿਹਾ ਕਿ ਇਹ ਬੜਾ ਹੀ ਗੰਭੀਰ ਮਾਮਲਾ ਹੈ ਅਤੇ ਸਮੂਹ ਦਲਿਤ ਸਮਾਜ ਇਸ ਦਾ ਡਟਵਾਂ ਵਿਰੋਧ ਕਰੇਗਾ ਕਿਉਂਕਿ 26 ਜਨਵਰੀ ਦਲਿਤ ਸਮਾਜ ਬਹੁਤ ਹੀ ਮਹੱਤਵਪੂਰਨ ਦਿਨ ਹੈ ਅਤੇ ਇਸੇ ਦਿਨ ਹੀ ਦਲਿਤਾਂ ਲਈ ਆਜ਼ਾਦੀ ਦੀ ਕਿਰਨ ਪੈਦਾ ਹੋਈ ਸੀ। ਅਜਿਹੇ ਵਿੱਚ ਕੋਈ ਵੀ ਅਣਸੁਖਾਵੀਂ ਸਥਿਤੀ ਪੈਦਾ ਹੁੰਦੀ ਹੈ ਤਾਂ ਇਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ।
ਬਹੁਜਨ ਫ਼ਰੰਟ ਦੇ ਆਗੂਆਂ ਨੇ ਦੱਸਿਆ ਕਿ ਉਹ ਜਲਦ ਹੀ ਇਸ ਸੰਬੰਧੀ ਪੰਜਾਬ ਦੇ ਰਾਜਪਾਲ ਅਤੇ ਡੀਜੀਪੀ ਨਾਲ ਮੁਲਾਕਾਤ ਕਰਨਗੇ ਤਾਂ ਸਿੱਖਾਂ ਅਤੇ ਦਲਿਤਾਂ ਵਿਚਕਾਰ ਖ਼ੂਨੀ ਟਕਰਾਅ ਕਰਾਉਣ ਦੀਆਂ ਸਾਜ਼ਿਸ਼ਾਂ ਨੂੰ ਰੋਕਿਆ ਜਾ ਸਕੇ।
ਫ਼ਰੰਟ ਦੇ ਆਗੂਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਇਸ ਨੂੰ ਗੰਭੀਰਤਾ ਨਾਲ ਨਾ ਲਿਆ ਅਤੇ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਸੰਵਿਧਾਨ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਤਾਂ ਅਜਿਹੀ ਕਾਰਵਾਈ ਕਦੇ ਵੀ ਸਹਿਣ ਨਹੀ ਕੀਤੀ ਜਾਵੇਗੀ ਅਤੇ ਇਸ ਦਾ ਮੂੰਹ ਤੋੜ ਜੁਆਬ ਦਿੱਤਾ ਜਾਵੇਗਾ।
ਇਸ ਮੌਕੇਂ ਬਲਵਿੰਦਰ ਬੁੱਗਾ, ਜਗਦੀਸ ਦੀਸਾ,ਰਮਨ ਮਾਹੀ, ਦਿਲਬਾਗ ਸੱਲਣ, ਜਗਦੀਸ ਰਾਣਾ, ਜੱਸੀ ਤੱਲ੍ਹਣ, ਜਸਵਿੰਦਰ ਬੱਲ੍ਹ, ਬਾਬਾ ਸੁਖਦੇਵ ਸੁੱਖੀ, ਵਰੁਣ ਕਲੇਰ, ਬਲਵਿੰਦਰ ਬੰਗਾ, ਚੰਦਰ ਕਲੇਰ, ਹੰਸ ਰਾਜ ਢੱਡੇ, ਜਗਜੀਵਨ ਕਠਾਰ, ਰਕੇਸ਼ ਬੱਗਾ, ਕਮਲ ਤੱਲ੍ਹਣ, ਪ੍ਰੇਮਪਾਲ ਕਠਾਰ, ਟੇਕ ਚੰਦ ਆਦਿ ਆਗੂ ਵੀ ਹਾਜ਼ਰ ਸਨ।