ਯੈੱਸ ਪੰਜਾਬ
ਨਵੀਂ ਦਿੱਲੀ, 10 ਫ਼ਰਵਰੀ, 2021:
26 ਜਨਵਰੀ ਨੂੰ ਕਿਸਾਨ ਗਣਤੰਤਰ ਦਿਵਸ ਟਰੈਕਟਰ ਪਰੇਡ ਦੌਰਾਨ ਦਿੱਲੀ ਦੇ ਆਈ.ਟੀ.ਓ. ਇਲਾਕੇ ਵਿੱਚ ਮਾਰੇ ਗਏ 24 ਸਾਲਾ ਨੌਜਵਾਨ ਕਿਸਾਨ ਨਵਰੀਤ ਸਿੰਘ ਦੀ ਮੌਤ ’ਤੇ ਉਂਗਲੀ ਉਠਾਉਂਦਿਆਂ ਉਸਦੇ ਦਾਦਾ ਸ: ਹਰਦੀਪ ਸਿੰਘ ਨੇ ਦਿੱਲੀ ਹਾਈਕੋਰਟ ਦਾ ਰੁਖ਼ ਕੀਤਾ ਹੈ।
ਉੱਤਰ ਪ੍ਰਦੇਸ਼ ਵਿੱਚ ਰਾਮਪੁਰ ਦੇ ਰਹਿਣ ਵਾਲੇ ਸ: ਗੁਰਦੀਪ ਸਿੰਘ ਵੱਲੋਂ ਅੱਜ ਇਸ ਸੰਬੰਧ ਵਿੱਚ ਦਿੱਲੀ ਹਾਈਕੋਰਟ ਵਿੱਚ ਪਟੀਸ਼ਨ ਦਾਖ਼ਲ ਕਰਦਿਆਂ ਨਵਰੀਤ ਦੀ ਮੌਤ ਅਤੇ ਉਸਤੋਂ ਬਾਅਦ ਦਿੱਲੀ ਪੁਲਿਸ ਵੱਲੋਂ ਅਪਨਾਈ ਪ੍ਰਕ੍ਰਿਆ ਬਾਰੇ ਕਈ ਸਵਾਲ ਖੜ੍ਹੇ ਕੀਤੇ ਹਨ।
ਜ਼ਿਕਰਯੋਗ ਹੈ ਕਿ ਅਸਟਰੇਲੀਆ ਤੋਂ ਕੁਝ ਹੀ ਦਿਨ ਪਹਿਲਾਂ ਭਾਰਤ ਆਏ ਅਤੇ 26 ਜਨਵਰੀ ਤੋਂ ਲਗਪਗ 4 ਦਿਨ ਪਹਿਲਾਂ ਦਿੱਲੀ ਪੁੱਜੇ ਨਵਰੀਤ ਦਾ ਟਰੈਕਟਰ ਆਈ.ਟੀ.ਉ. ਵਿਖ਼ੇ ਇਕ ਬੈਰੀਕੇਡ ਵਿੱਚ ਲੱਗ ਕੇ ਪਲਟਿਆ ਸੀ। ਇਸ ਸੰਬੰਧੀ ਇਕ ਵੀਡੀਓ ਵੀ ਵਾਇਰਲ ਹੋਇਆ ਸੀ।
ਜਿੱਥੇ ਇਕ ਪਾਸੇ ਪੁਲਿਸ ਦਾ ਦਾ ਦਾਅਵਾ ਹੈ ਕਿ ਨਵਰੀਤ ਦਾ ਟਰੈਕਟਰ ਆਪਣੇ ਆਪ ਬੈਰੀਕੇਡ ਵਿੱਚ ਵੱਜਚਣ ਮਗਰੋਂ ਪਲਟਿਆ ਸੀ ਜੋ ਉਸਦੀ ਮੌਤ ਦਾ ਕਾਰਨ ਬਣਿਆ ਪਰ ਦੂਜੇ ਬੰਨੇ ਪਰਿਵਾਰ ਅਤੇ ਕੁਝ ਹੋਰ ਲੋਕਾਂ ਦਾ ਕਹਿਣਾ ਹੈ ਕਿ ਨਵਰੀਤ ਨੂੰ ਪੁਲਿਸ ਵੱਲੋਂ ਗੋਲੀ ਮਾਰੀ ਗਈ ਸੀ ਜਿਸ ਕਾਰਨ ਹੀ ਉਸਦਾ ਟਰੈਕਟਰ ਬੈਰੀਕੇਡ ਵਿੱਚ ਵੱਜ ਕੇ ਪਲਟਿਆ ਸੀ।
ਇਸ ਮਾਮਲੇ ਵਿੱਚ ਪਰਿਵਾਰ ਵੱਲੋਂ ਅੱਜ ਸੀਨੀਅਰ ਵਕੀਲ ਵਰਿੰਦਾ ਗਰੋਵਰ, ਸੌਤਿਕ ਬੈਨਰਜੀ, ਮੰਨਤ ਟਿਪਨਿਸ ਅਤੇ ਦੇਵਿਕਾ ਤੁਲਸਿਆਨੀ ਪੇਸ਼ ਹੋਏ। ਇਸ ਮਾਮਲੇ ’ਤੇ ਵੀਰਵਾਰ ਨੂੰ ਸੁਣਵਾਈ ਹੋਣ ਦੀ ਉਮੀਦ ਹੈ।