ਕਬਰਾਂ ਦੇ ਰੁੱਖਾਂ ਹੇਠੋਂ ਛਾਂ ਨੂੰ ਵੀ ਤਰਸੋਗੇ: ਡਾ ਅਮਰਜੀਤ ਟਾਂਡਾ

ਪੰਜਾਬ ਗੁਰ ਪੀਰਾਂ ਦੀ ਛੁਹ ਨੂੰ ਸਮੇਂ-ਸਮੇਂ ਤੇ ਮਾਰਾਂ ਪੈਂਦੀਆਂ ਰਹੀਆਂ ਹਨ ਬੇਸ਼ੱਕ ਉਹ ਅੱਤਵਾਦ ਦਾ ਕਾਲਾ ਦੌਰ ਹੋਵੇ ਪਰ ਫਿਰ ਵੀ ਪੰਜਾਬੀਆਂ ਨੇ ਹਰੇਕ ਸਮੱਸਿਆ ਦਾ ਡਟ ਕੇ ਸਾਹਮਣਾ ਕਰਨਾ ਆਉਂਦਾ ਸੀ। ਇਹ ਹਰੀ ਸਿੰਘ ਨਲੂਆ, ਬੰਦਾ ਸਿੰਘ ਬਹਾਦਰ ਵਰਗੇ ਜਰਨੈਲਾਂ ਦੀ ਧਰਤ ਮਾਂ ਹੈ। ਜਿਨ੍ਹਾਂ ਦੀ ਤਾਕਤ ਦਾ ਕਿਸੇ ਸਮੇਂ ਦੂਰ ਦੂਰ ਤੱਕ ਡੰਕਾ ਵੱਜਦਾ ਸੀ। ਸਿਕੰਦਰ ਵੀ ਪੰਜਾਬ ਤੋਂ ਖਾਲੀ ਹੱਥ ਚਲਾ ਗਿਆ ਸੀ ਜੋ ਸਾਰੇ ਦੇਸ਼ ਨੂੰ ਜਿੱਤਣ ਵਾਲਾ ਸੀ।ਇਹਦੇ ਸੂਰਬੀਰ ਯੋਧੇ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਤੇ ਊਧਮ ਸਿੰਘ ਦੇਸ਼ ਦੀ ਅਜਾਦੀ ਵਿਚ ਵੱਡਾ ਹਿੱਸਾ ਪਾਉਣ ਵਾਲੇ ਸਨ।

ਅੱਜ ਵਿਰਲਾ ਹੀ ਕੋਈ ਪੰਜਾਬ ਦਾ ਬੂਹਾ ਘਰ ਹੋਵੇਗਾ ਜਿੱਥੇ ਪ੍ਰੀਵਾਰ ਨੂੰ ਨਸ਼ੇ ਦਾ ਸੇਕ ਨਾ ਲੱਗਿਆ ਹੋਵੇਗਾ। ਨੌਜਵਾਨੀ ਔਰਤਾਂ ਵੀ ਕੁਰਾਹੇ ਹਨ। ਕਤਲਾਂ, ਲੁੱਟਾਂ, ਚੋਰੀਆਂ ਅਤੇ ਡਾਕਿਆਂ ਦੀ ਰੁੱਤ ਹੈ। ਹੱਸਦੇ ਖੇਡਦੇ ਘਰ ਉੱਜੜ ਰਹੇ ਹਨ । ਖੁਸ਼ ਵਸਦੇ ਵਿਹੜੇ ਘਰ ਖੇਰੂੰ ਖੇਰੂੰ ਹੋ ਗਏ ਹਨ। ਨਸ਼ਿਆਂ ਦੀ ਬੀਮਾਰੀ ਨਾਲ ਸਰੀਰਕ ਤੇ ਮਾਨਸਿਕ ਬੀਮਾਰੀਆਂ ਚ ਵਾਧਾ ਹੋ ਰਿਹਾ ਹੈ।

ਪਿਓ ਨੂੰ ਪੁੱਤ ਦਾ ਕਤਲ ਕਰਨਾ ਪੈ ਗਿਆ ਹੈ ਜਿਹਨੂੰ ਉਸ ਨੇ ਚਾਵਾਂ ਨਾਲ ਪਾਲਿਆ ਸੀ। ਨੌਜਵਾਨ ਵਿਦਿਆਰਥੀ ਵਰਗ ਨੂੰ ਜਾਗਰੂਕ ਕਰਨਾ ਪੈਣਾ ਹੈ। ਨਹੀਂ ਤਾਂ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੈ। ਹਰ ਦਰ ਕਬਰਾਂ ਵੱਲ ਟੁਰਦਾ ਜਾ ਰਿਹਾ ਹੈ।

ਪੰਜਾਬ ਦੇ ਰੰਗ ਘੁਲ ਗਏ ਹਨ। ਸਰਹੱਦੋਂ ਪਾਰ ਆਉਂਦੇ ਨਸ਼ਿਆ ਦੀ ਸਮਗਲਿੰਗ ਨੇ ਦਰਿਆਵਾਂ ਦੀ ਧਰਤੀ ਦਾਨਿਸ਼ਮੰਦਾਂ ਨੂੰ ਵੀ ਹੈਰਾਨ ਕਰ ਕੇ ਰੱਖ ਦਿੱਤਾ ਹੈ। ਰੋਟੀ ਛੱਡ ਮੰਜੇ ਨਸ਼ੇ ਮੰਗ ਰਹੇ ਹਨ। ਮਾਵਾਂ ਨੂੰ ਉਨ੍ਹਾਂ ਚਾਵਾਂ ਦਾ ਫਿਕਰ ਪੈ ਗਿਆ ਹੈ ਜਿਹਨਾਂ ਨੇ ਅਜੇ ਲੋਰੀਆਂ ਦਾ ਵੀ ਮੁੱਲ ਨਹੀ ਮੋੜਿਆ ਹੈ। ਵਿਹੜੇ ਵਿਲਕ ਰਹੇ ਹਨ। ਕੰਧਾਂ ਕੰਬ ਰਹੀਆਂ ਹਨ।

ਤਰਨ ਤਾਰਨ ਜ਼ਿਲ੍ਹੇ ਦੇ ਪੱਟੀ ਤਹਿਸੀਲ ਦੇ 50 ਸਾਲਾ ਮੁਖਤਿਆਰ ਸਿੰਘ ਬਿਜਲੀ ਮਹਿਕਮੇ ਵਿੱਚ ਲਾਈਨਮੈਨ ਹਨ, ਉਨ੍ਹਾਂ ਨੂੰ ਆਪਣੇ ਪੁੱਤਰ ਦੀ ਮੌਤ ਦਾ ਅਜਿਹਾ ਸਦਮਾ ਲੱਗਿਆ ਕਿ ਉਨ੍ਹਾਂ ਨੇ ਇੱਕ ਮੁਹਿੰਮ ਸ਼ੁਰੂ ਕਰ ਦਿੱਤੀ ਜਿਸ ਦਾ ਨਾਂ ਰੱਖਿਆ ‘ਕਫਨ ਬੋਲ ਪਿਆ’। ਆਪਣੇ ਪੁੱਤਰ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਤੈਅ ਕਰ ਲਿਆ ਕਿ ਨਸ਼ੇ ਖ਼ਿਲਾਫ਼ ਲੋਕਾਂ ਦੀ ਜਾਗਰੂਕਤਾ ਵਧਾਉਣਗੇ ਅਤੇ ਕਿਸੇ ਦਾ ਪੁੱਤ ਉਨ੍ਹਾਂ ਤੋਂ ਵੱਖ ਨਹੀਂ ਹੋਣ ਦੇਣਗੇ। ਇਹ ਵੀ ਸਮਾਂ ਆਉਣਾ ਸੀ ਕਿ ਕਬਰਾਂ ਨੇ ਖੂਨ ਨਾਲ ਚੋਣਾ ਸੀ। ਵੈਣ ਨਹੀਂ ਸਨ ਮਿਣੇ ਜਾਣੇ। ਚਿਖਾਵਾਂ ਨਹੀਂ ਸਨ ਚਿਣੀਆਂ ਜਾਣੀਆਂ। ਨੇਤਾਵਾਂ ਨੇ ਲਾਸ਼ਾਂ ਨੇੜਿਓਂ ਵੋਟਾਂ ਗਿਣਦੇ 2 ਲੰਘ ਜਾਣਾ ਸੀ।

ਪੰਜ ਪਾਣੀਆਂ ਨੂੰ ਸਭ ਤੋਂ ਵੱਧ ਮਾਰ ਨਸ਼ਿਆ ਦੇ ਵੱਗਦੇ ਦਰਿਆ ਨੇ ਮਾਰੀ ਹੈ। ਮਾਵਾਂ ਦੇ ਪੁੱਤ, ਭੈਣਾਂ ਦੀਆਂ ਰੱਖੜੀਆ ਬੁਨਾਉਣ ਵਾਲੇ ਗੁੱਟ, ਅਨੇਕ ਧੀਆਂ ਦੇ ਸੁਹਾਗ ਤੇ ਖੁਦ ਨੋਜਵਾਨਾਂ ਦੇ ਸੁਪਨੇ ਇਹਨਾਂ ਵਹਿਣਾਂ ਚ ਰੁੜ ਗਏ ਹਨ। ਇਸ ਦਰਿਆ ਨੂੰ ਅੱਜ ਤੱਕ ਬੰਨ੍ਹ ਨਹੀਂ ਲੱਗਿਆ ਕਿਉਂਕਿ ਇਸ ਦਾ ਵਹਾਅ ਹੀ ਬਹੁਤ ਤੇਜ ਹੈ। ਅਫੀਮ, ਪੋਸਤ, ਸ਼ਰਾਬ ਵਰਗੇ ਪੰਜਾਬ ਵਿਚ ਜਿਥੇ ਰਵਾਇਤੀ ਸਮੇਂ ਬਹੁਤ ਸਮੇਂ ਪਹਿਲਾਂ ਆ ਗਏ ਸਨ ਤੇ ਇਹ ਅੱਜ ਵੀ ਚੱਲ ਰਹੇ ਹਨ।

ਬੇਸ਼ੱਕ ਨਸ਼ਾ ਕਹਿੰਦੇ ਚਾਹ ਦਾ ਵੀ ਚੰਗਾ ਨਹੀਂ ਹੁੰਦਾ ਪਰ ਕੁਝ ਹੱਦ ਤੱਕ ਇੰਨਾਂ ਨਸ਼ਿਆ ਦੇ ਇੰਨੇ ਮਾੜੇ ਪ੍ਰਭਾਵ ਨਹੀਂ ਪਏ ਸਨ। ਅਫੀਮ ਦਵਾਈਆਂ ਵਿਚ ਵਰਤੀ ਜਾਂਦੀ ਸੀ ਉਥੇ ਪੋਸਤ ਖਾ ਕੇ ਲੋਕ ਸਰੀਰਕ ਕੰਮ ਵਧੇਰੇ ਕਰਦੇ ਸਨ। ਇਸ ਨੂੰ ਆਪਣੇ ਉਪਰ ਹਾਵੀ ਨਹੀਂ ਹੋਣ ਦਿੰਦੇ ਸਨ ਤੇ ਸ਼ਰਾਬ ਮਹਿਮਾਨ ਨਿਵਾਜੀ ਤੇ ਵਿਆਹ ਵਰਗੇ ਖੁਸ਼ੀ ਦੇ ਮੌਕਿਆਂ ਤੇ ਵਰਤੀ ਜਾਂਦੀ ਸੀ। ਘਰਾਂ ਵਿਚ ਛੋਟੇ ਬੱਚਿਆਂ ਨੂੰ ਖੰਘ ਦੀ ਦਵਾਈ ਵਜੋਂ ਦਿੱਤੀ ਜਾਂਦੀ ਸੀ।

ਫਿਰ ਸਮੈਕ ਤੇ ਸ਼ੀਸ਼ੀਆਂ ਦਾ ਦੌਰ ਆਇਆ ਇੰਨਾਂ ਨਸ਼ਿਆ ਨੇ ਇਕ ਵਾਰ ਫਿਰ ਪੰਜਾਬ ਦੀ ਨੌਜਵਾਨੀ ਲੀਹੋ ਲਾ ਦਿੱਤੀ। ਅੱਜ ਕੁਝ ਲੋਕ ਅਫੀਮ ਪੋਸਤ ਦੀ ਖੇਤੀ ਦਾ ਸਮਰਥਨ ਕਰ ਰਹੇ ਹਨ ਜੋ ਏਨੇ ਮਾਰੂ ਨਹੀਂ ਹਨ। ਪਰ ਨਸ਼ਿਆ ਦਾ ਇਸ ਤਰ੍ਹਾਂ ਪੈਦਾ ਹੋਣਾ ਪੰਜਾਬ ਦੇ ਹੱਕ ਵਿਚ ਨਹੀਂ ਹੋਵੇਗਾ।

ਸ਼ਰਾਬ ਅੱਜ ਸਰਕਾਰ ਦੀ ਆਮਦਨ ਦਾ ਮੁੱਖ ਸ੍ਰੋਤ ਹੈ ਤੇ ਪੰਜਾਬ ਵਿਚ ਧੜਾਧੜ ਠੇਕੇ ਖੁੱਲ ਰਹੇ ਹਨ। ਕੋਈ ਸ਼ੱਕ ਨਹੀਂ ਕਿ ਇੰਨਾਂ ਨਸ਼ਿਆ ਨਾਲ ਪੀੜਿਤ ਪਰਿਵਾਰਾਂ ਦੇ ਘਰ ਵੀ ਉੱਜੜੇ ਹੋਣਗੇ ਪਰ ਵਰਤਮਾਨ ਸਮੇਂ ਵਿਚ ਜੇਕਰ ਜਵਾਨੀ ਖਤਮ ਕਰ ਰਿਹਾ ਹੈ ਉਹ ਹੈ ਹੈਰੋਇਨ(ਚਿੱਟਾ)। ਅੱਜ ਪੰਜਾਬ ਦੀ ਨੌਜਵਾਨੀ ਵੀ ਚਿੱਟੇ ਦੇ ਨਸ਼ੇ ਦੀ ਗ਼ੁਲਾਮ ਬਣਦੀ ਜਾ ਰਹੀ ਹੈ। ਕਿਸੇ ਸਮੇਂ ਵੱਡੇ-ਵੱਡੇ ਸ਼ਹਿਰਾਂ ਵਿਚ ਸਪਲਾਈ ਹੋਣ ਵਾਲਾ ਇਹ ਨਸ਼ਾ ਹੁਣ ਪਿੰਡਾਂ ਵਿਚ ਵੀ ਘਰ ਘਰ ਪਹੁੰਚ ਰਿਹਾ ਹੈ।

ਸੁਹਿਰਦਤਾ ਬਚਨਵੱਧਤਾ ਤੇ ਸਹਿਯੋਗ ਕੰਮ ਦੇਣਗੇ ਹੁਣ। ਕੁਰੱਪਸ਼ਨ ਮੁੱਕੀ ਨਹੀਂ ਸੀ ਹੋਰ ਕੈਂਸਰ ਲਾ ਲਿਆ ਆਪੇ। ਹੁਣ ਸਭ ਨੂੰ ਰਲ ਮਿਲ ਕੇ ਮਨੁੱਖਤਾ ਦੀ ਸੇਵਾ ਕਰਨੀ ਹੋਵੇਗੀ ।ਕੈਮਿਸਟ ਅਤੇ ਡਰੱਗ ਡੀਲਰ ਫੜੋ। ਇਹ ਘਰਾਂ ਵਿੱਚ ਵੀ ਸਪਲਾਈ ਦੇ ਰਹੇ ਹਨ। ਸਦਾਚਾਰ, ਸਭਿਆਚਾਰ,ਧਰਮ, ਕਰਮ ਅਤੇ ਵਿਰਸੇ ਨੇ ਇੰਜ ਮਰਨਾ ਸੀ-ਪਤਾ ਨਹੀਂ ਸੀ। ਔਰਤਾਂ ਵੱਧ ਨਸ਼ਿਆਂ ਦੀਆਂ ਤਸਕਰ ਹਨ। ਜੇਲ੍ਹਾਂ ਚ ਉਹ ਨਸ਼ੇ ਮਿਲ ਜਾਂਦੇ ਹਨ ਜਿਹੜੇ ਕਦੇ ਬਾਹਰ ਵੀ ਨਹੀਂ ਮਿਲਦੇ। ਕਰੋ ਗੱਲ!

ਨਸ਼ਿਆਂ ਨਾਲ ਨਜਿੱਠਣ ਲਈ ਲੋਕ ਸੁਹਿਰਦਤਾ ਤੇ ਸੰਜੀਦਗੀ ਸਾਰਥਿਕਤਾ ਸਾਬਤ ਹੋਵੇਗੀ। ਈਮਾਨਦਾਰ ਅਫਸਰਾਂ, ਸਿਆਸਤਦਾਨਾ ਅਤੇ ਸੱਚੇ ਸੁੱਚੇ ਲੋਕਾਂ ਦੀ ਪੰਜਾਬ ਵਿਚ ਬਹੁਤ ਘਾਟ ਹੈ। ਸਰਕਾਰੀ ਪ੍ਰਸ਼ਾਸਨ ਦੀ ਈਮਾਨਦਾਰੀ ਤੇ ਮਿਹਨਤ ਕੰਮ ਕਰ ਸਕਦੀ ਹੈ ਪਰ ਮੈਨੂੰ ਹਰ ਕੁਰਸੀ ਬਾਰੀ ਤੇ ਸ਼ੱਕ ਹੈੇ। ਦੋ ਹੱਥਾਂ ਨਾਲ ਹੀ ਤਾੜੀ ਵੱਜਦੀ ਹੈ। ਜੇ ਨਸ਼ੇ ਅਪਰਾਧ ਹਨ ਤਾਂ ਫਿਰ ਹਰ ਮੋੜ ਤੇ ਖੋਲ੍ਹੇ ਗਏ ਠੇਕਿਆਂ ਦੇ ਬੋਰਡ ਕੀ ਹਨ। ਹਰ ਸ਼ਾਮ ਯਾਰ ਮਹਿਫਲਾਂ ਚ ਵੀ ਪੰਜਾਬੀ ਰੋਟੀ ਖਾਂਦਾ ਹੀ ਨਹੀਂ ਦਾਰੂ ਬਗੈਰ।

ਖਜ਼ਾਨੇ ਨੂੰ ਭਰਨ ਲਈ ਵੀ ਹੁਣ ਨੈਤਿਕਤਾ ਜ਼ਿੰਮੇਵਾਰ ਹੈ। ਸ਼ਰਾਬ ਠੇਕਿਆਂ ਕੈਮਿਸਟਾਂ ਤੇ ਨਸ਼ਿਆਂ ਦੀ ਵਿਕਰੀ ਨੂੰ ਕੰਟਰੋਲ ਕਰਨਾ ਪਵੇਗਾ। ਨਸ਼ਾ ਛੁਡਾਊ ਕੇਂਦਰਾਂ ਦੀ ਲੋੜ ਵੀ ਨਹੀਂ ਪਵੇਗੀ।

ਹੁਣ ਸਮਾਜਿਕ ਵਿਚਾਰ ਵਟਾਂਦਰੇ ਕੰਮ ਕਰਨਗੇ। ਕਮਿਸ਼ਨ ਬੇਅਰਥ ਹਨ। ਲੋਕ ਕਮੇਟੀਆਂ ਲਾਹੇਵੰਦ ਹੋ ਸਕਦੀਆਂ ਹਨ। ਹੁਣ ਮਾਪਿਆਂ, ਧਾਰਮਿਕ ਅਦਾਰਿਆਂ, ਸਮਾਜ ਸੇਵੀਆਂ, ਸਿਆਸੀ ਲੀਡਰਾਂ, ਰੋਲ ਮਾਡਲਾਂ, ਮੀਡੀਆ, ਅਤੇ ਨੌਜਵਾਨ ਪੀੜ੍ਹੀ ਸਮੇਤ ਸਾਰੇ ਹੀ ਅਦਾਰਿਆਂ ਦੇ ਯੋਗਦਾਨ ਦੀ ਲੋੜ ਹੈ।

ਵਿੱਦਿਅਕ ਅਦਾਰਿਆਂ ਗੁਰਦੁਆਰਿਆਂ, ਮੰਦਰਾਂ, ਗਿਰਜਾ ਘਰਾਂ, ਸਭਿਆਚਾਰਕ ਕੇਂਦਰਾਂ ਅਤੇ ਪਬਲਿਕ ਥਾਵਾਂ ਤੇ ਨਸ਼ਿਆਂ ਦੇ ਮਾਰੂ ਅਸਰਾਂ ਬਾਰੇ ਜਾਗਰੂਕਤਾ ਮਿਲੇ।
ਨਸ਼ਿਆਂ ਦੇ ਸੁਦਾਗਰਾਂ, ਸਿਆਸਤਦਾਨਾਂ ਅਤੇ ਪ੍ਰਸ਼ਾਸਕਾਂ ਦਾ ਯੋਗਦਾਨ ਵੀ ਜ਼ਰੂਰੀ ਹੈ। ਗੱਲੀਂ ਬਾਤੀਂ ਹੁਣ ਗੱਲ ਨਹੀਂ ਬਣਨੀ। ਨੀਅਤ ਸੰਜੀਦਗੀ ਅਤੇ ਈਮਾਨਦਾਰੀ ਰਾਹ ਲੱਭੇਗੀ ਹੁਣ ।

ਪੰਜਾਬ! ਮੈਥੋਂ ਇਹ ਕੁੱਟਮਾਰ ਨਹੀਂ ਦੇਖੀ ਜਾਂਦੀ। ਮੈਂ ਸਖਤ ਉਲਟ ਹਾਂ। ਤਾਨਾਸ਼ਾਹੀ ਰਾਹ ਵੈਰ ਪੈਦਾ ਕਰਨਗੇ। ਪਿਆਰ ਨਾਲ ਅਗਲੇ ਦੇ ਹੰਝੂ ਕਢਾ ਦਿਓ। ਜੇ ਘਰ 2 ਨਸ਼ਾ ਖਪਤਕਾਰ ਨਹੀਂ ਰਹਿਣਗੇ। ਕਿੱਥੇ, ਕੌਣ, ਕੀ ਕੋਈ ਵੇਚ ਲਵੇਗਾ। ਸਮਝੋ ਤੇ ਸਮਝਾਓ। ਘਰ 2 ਨਸ਼ੇੜੀਆਂ/ ਵੇਚਣ ਵਾਲਿਆਂ ਨੂੰ ਬਾਹਾਂ ‘ਚ ਲੈ ਕੇ ਇਕ ਵਾਰ ਸਮਝਾਓ ਬੈਠ ਕੇ।
ਕੁੱਟਮਾਰ ਪੰਜਾਬ ਦਾ ਹੋਰ ਬੇੜਾ ਗਰਕ ਕਰੇਗੀ। ਕੁੱਟਮਾਰ ਨਹੀਂ ਨਸ਼ੇ ਬੰਦ ਕਰਾਉਣ ਦਾ ਰਾਹ। ਹਰੇਕ ਨੂੰ ਈਮਾਨਦਾਰੀ ਨਾਲ ਕੰਮ ਕਰਨਾ ਪਵੇਗਾ। ਨਹੀਂ ਤਾਂ ਕਬਰਾਂ ਦੇ ਰੁੱਖਾਂ ਹੇਠੋਂ ਛਾਂ ਨੂੰ ਵੀ ਤਰਸੋਗੇ।

Share News / Article

Yes Punjab - TOP STORIES