ਯੈੱਸ ਪੰਜਾਬ
ਕਪੂਰਥਲਾ, 23 ਅਪ੍ਰੈਲ, 2022:
ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀ ਵਿਸ਼ੇਸ਼ ਸਾਰੰਗਲ ਦੀ ਪਹਿਲਕਦਮੀ ਸਦਕਾ ਕਾਂਜਲੀ ਵੈਟਲੈਂਡ ਵਿਖੇ 20 ਸਾਲ ਬਾਅਦ ਲੱਗਾ ਸ਼ਾਨਦਾਰ ‘ਵਿਸਾਖੀ ਮੇਲਾ’ ਵਾਤਾਵਰਣ ਸੰਭਾਲ ਤੇ ਕਾਂਜਲੀ ਨੂੰ ਸੈਰ ਸਪਾਟਾ ਕੇਂਦਰ ਵਜੋਂ ਉਭਾਰਨ ਦਾ ਸੁਨੇਹਾ ਦੇਣ ਵਿਚ ਸਫਲ ਰਿਹਾ।
ਮੇਲੇ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਸ਼ਮਾਂ ਰੌਂਸ਼ਨ ਕਰਕੇ ਕੀਤਾ ਤੇ ਵੈਟਲੈਂਡ ਨੂੰ ਦੁਬਾਰਾ ਸੈਰ ਸਪਾਟੇ ਦੀ ਹੱਬ ਵਜੋਂ ਵਿਕਸਤ ਕਰਨ ਲਈ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਹਰ ਸੰਭਵ ਯਤਨ ਕਰਨ ਦੀ ਵਚਨਬੱਧਤਾ ਦੁਹਰਾਈ। ਉਨ੍ਹਾਂ ਕਿਹਾ ਕਿ ਮੇਲੇ ਦੌਰਾਨ ਪੁਰਾਤਨ ਤੇ ਹੱਥੀਂ ਬਣੀਆਂ ਵਸਤਾਂ ਨੂੰ ਉਤਸ਼ਾਹਿਤ ਕਰਨ ਲਈ ਸਵੈ ਸਹਾਇਤਾ ਗਰੁੱਪਾਂ ਵਲੋਂ ਬਣਾਏ ਉਤਪਾਦ ਵੀ ਪੇਸ਼ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਕਾਂਜਲੀ ਵੈਟਲੈਂਡ ਦੀ ਸਾਫ ਸਫਾਈ ਤੇ ਇਸਦੀ ਪੁਰਾਤਨ ਦਿੱਖ ਵਲ ਵਿਸ਼ੇਸ਼ ਤਵੱਜ਼ੋਂ ਦੇ ਕੇ ਇਸਨੂੰ ਫਿਲਮਾਂ, ਗੀਤ ਸੰਗੀਤ ਦੀ ਸ਼ੂਟਿੰਗ ਲਈ ਵਿਕਸਤ ਕੀਤਾ ਜਾਵੇਗਾ।
ਮੇਲੇ ਵਿਚ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਤੇ ਸੂਫੀ ਸਿਸਟਰਜ਼ ਵਲੋਂ ਕੀਤੀ ਪੇਸ਼ਕਾਰੀ ਨੇ ਲੋਕਾਂ ਨੂੰ ਕੀਲਕੇ ਰੱਖ ਦਿੱਤਾ। ਦਿਆਲਪੁਰੀ ਨੇ ਆਪਣੇ ਪ੍ਰਸਿੱਧ ਗੀਤਾਂ ਰਾਹੀਂ ਪੰਜਾਬ ਦੇ ਵਿਰਸੇ, ਲੋਕ ਨਾਇਕਾਂ ਤੇ ਵਿਸਾਖੀ ਦੀ ਮਹੱਤਤਾ ’ਤੇ ਚਾਨਣਾ ਪਾਇਆ।
ਇਸ ਤੋਂ ਇਲਾਵਾ ਸਕੂਲੀ ਵਿਦਿਆਰਥੀਆਂ ਦੀਆਂ ਵੱਖ-ਵੱਖ ਪੇਸ਼ਕਾਰੀਆਂ ਨੇ ਸਮਾਂ ਬੰਨ੍ਹ ਦਿੱਤਾ। ਗਣੇਸ਼ ਵੰਦਨਾ ਤੇ ਸ਼ਬਦ ਗਾਇਨ ਤੋਂ ਬਾਅਦ ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਜਿਵੇਂ ਕਿ ਭੰਗਤਾ, ਗਿੱਧਾ, ਫੈਂਸੀ ਡਰੈਸ ਮੁਕਾਬਲਿਆਂ , ਨੁੱਕੜ ਨਾਟਕ ਦੀ ਸ਼ਾਨਦਾਰ ਪੇਸ਼ਕਾਰੀ ਹੋਈ।
ਲਾਇਲਪੁਰ ਖਾਲਸਾ ਕਾਲਜ ਕਪੂਰਥਲਾ ਵਲੋਂ ਵਿਸਾਖੀ ਨੂੰ ਸਮਰਪਿਤ ਕੋਰੀਓਗ੍ਰਾਫੀ ਖਿੱਚ ਦਾ ਕੇਂਦਰ ਰਹੀ। ਹਿੰਦੂ ਕੰਨਿਆ ਕਾਲਜ ਦੀਆਂ ਵਿਦਿਆਰਥਣਾਂ ਦੇ ਗਿੱਧੇ ਨੇ ਮੇਲੇ ਨੂੰ ਚਾਰ ਚੰਨ੍ਹ ਲਾ ਦਿੱਤੇ।
ਇਸ ਤੋਂ ਇਲਾਵਾ ਗਾਇਕ ਜੱਸ ਕਾਂਜਲੀ ਨੇ ਵੀ ਆਪਣੀ ਪੇਸ਼ਕਾਰੀ ਦਿੱਤੀ।
ਡਿਪਟੀ ਕਮਿਸ਼ਨਰ ਵਲੋਂ ਮੇਲੇ ਦੌਰਾਨ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਸਨਮਾਨ ਵੀ ਕੀਤਾ ਗਿਆ। ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਸ਼੍ਰੀਮਤੀ ਅਨੁਪਮ ਕਲੇਰ ਦਾ ਮੇਲੇ ਦੀ ਸਫਲਤਾ ਵਿਚ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਗੁਰਸ਼ਰਨ ਸਿੰਘ ਕਪੂਰ, ਐਸ.ਡੀ.ਐਮ. ਡਾ ਜੈ ਇੰਦਰ ਸਿੰਘ ਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ