1984 ’ਚ ਹੋਏ ਬੋਕਾਰੋ ਸਿੱਖ ਕਤਲੇਆਮ ਦੀ ਜਾਂਚ ਮੁੜ੍ਹ ਖੋਲ੍ਹੀ ਜਾਵੇ: ਸੁਖ਼ਬੀਰ ਬਾਦਲ ਵੱਲੋਂ ਝਾਰਖੰਡ ਦੇ ਮੁੱਖ ਮੰਤਰੀ ਨੂੰ ਅਪੀਲ

ਚੰਡੀਗੜ੍ਹ/ ਬੋਕਾਰੋ (ਝਾਰਖੰਡ), ਸਤੰਬਰ 29, 2019:

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਝਾਰਖੰਡ ਦੇ ਮੁੱਖ ਮੰਤਰੀ ਸ੍ਰੀ ਰਘੂਬਰ ਦਾਸ ਨੂੰ ਅਪੀਲ ਕੀਤੀ ਹੈ ਕਿ ਉੁਹ 1984 ਵਿਚ ਬੋਕਾਰੋ ਅੰਦਰ ਹੋਏ ਸਿੱਖ ਕਤਲੇਆਮ ਦੇ ਸਾਰੇ ਕੇਸਾਂ ਨੂੰ ਦੁਬਾਰਾ ਖੋਲ੍ਹਣ ਜਾਂ ਇਹਨਾਂ ਨੂੰ ਸੀਬੀਆਈ ਨੂੰ ਸੌਂਪ ਦੇਣ।

ਇਸ ਦੇ ਨਾਲ ਹੀ ਉਹਨਾਂ ਇਹ ਵੀ ਐਲਾਨ ਕੀਤਾ ਹੈ ਕਿ ਅਕਾਲੀ ਦਲ ਇਹਨਾਂ ਕੇਸਾਂ ਦੇ ਅਧਿਐਨ ਲਈ ਸੁਪਰੀਮ ਕੋਰਟ ਦੇ ਵਕੀਲਾਂ ਦੀ ਇੱਕ ਟੀਮ ਭੇਜੇਗਾ ਅਤੇ ਉਸ ਤੋਂ ਬਾਅਦ ਇਸ ਮਾਮਲੇ ਨੂੰ ਉੱਚ ਪੱਧਰ ਉੱਤੇ ਉਠਾਇਆ ਜਾਵੇਗਾ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਸਮਾਗਮਾਂ ਦੇ ਸੰਬੰਧ ਵਿਚ ਝਾਰਖੰਡ ਵਿਚ ਬੋਕਾਰੋ ਵਿਖੇ ਇੱਕ ਗੁਰਮਤਿ ਸਮਾਗਮ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ 1984 ਵਿਚ ਕਾਂਗਰਸੀ ਗੁੰਡਿਆਂ ਦੇ ਇਸ਼ਾਰੇ ਉੱਤੇ 100 ਤੋ ਵੱਧ ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਸੀ।

ਉਹਨਾ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਮਨੁੱਖਤਾ ਵਿਰੁੱਧ ਕੀਤੇ ਇਸ ਸੰਗੀਨ ਅਪਰਾਧ ਲਈ ਹੁਣ ਤਕ ਇੱਕ ਵੀ ਦੋਸ਼ੀ ਨੂੰ ਸਜ਼ਾ ਨਹੀਂ ਦਿੱਤੀ ਗਈ ਹੈ।

ਉਹਨਾਂ ਕਿਹਾ ਕਿ ਮੈਂ ਝਾਰਖੰਡ ਦੇ ਮੁੱਖ ਮੰਤਰੀ ਨੂੰ 1984 ਦੇ ਸਾਰੇ ਕੇਸਾਂ ਨੂੰ ਦੁਬਾਰਾ ਖੋਲ੍ਹਣ ਵਾਸਤੇ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰਨ ਦੀ ਅਪੀਲ ਕਰਦਾ ਹਾਂ ਤਾਂ ਕਿ ਸਾਰੇ ਕੇਸਾਂ ਦੀ ਮੁੜ ਜਾਂਚ ਕਰਕੇ ਕਿਸੇ ਤਰਕਸੰਗਤ ਨਤੀਜੇ ਉੱਤੇ ਪਹੁੰਚਿਆ ਜਾ ਸਕੇ। ਉਹਨਾਂ ਸਿੱਖਾਂ ਉੱਤੇ ਹੋਏ ਸਾਰੇ ਅੱਤਿਆਚਾਰਾਂ ਦਾ ਇਨਸਾਫ ਲੈਣ ਲਈ ਸਾਰੀ ਸਿੱਖ ਸੰਗਤ ਨੂੰ ਅਕਾਲੀ ਦਲ ਦੇ ਝੰਡੇ ਹੇਠ ਇੱਕਜੁਟ ਹੋਣ ਦੀ ਅਪੀਲ ਕੀਤੀ।

ਦਿੱਲੀ ਅਤੇ ਕਾਨਪੁਰ ਵਿਖੇ ਵਾਪਰੇ ਅਜਿਹੇ ਕੇਸਾਂ ਬਾਰੇ ਬੋਲਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਐਨਡੀਏ ਦੀ ਸਰਕਾਰ ਵੱਲੋਂ ਸੱਜਣ ਕੁਮਾਰ ਵਰਗੇ ਵੱਡੇ ਦੋਸ਼ੀਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ ਅਤੇ ਜਗਦੀਸ਼ ਟਾਈਟਲਰ ਅਤੇ ਕਮਲ ਨਾਥ ਵਰਗਿਆਂ ਖ਼ਿਲਾਫ ਚੱਲਦੇ ਕੇਸਾਂ ਦਾ ਤੇਜ਼ੀ ਨਾਲ ਨਿਬੇੜਾ ਕੀਤਾ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਜਦ ਤਕ ਸਿੱਖ ਕਤਲੇਆਮ ਦੇ ਸਾਰੇ ਦੋਸ਼ੀਆਂ ਨੂੰ ਇਸ ਘਿਨੌਣੇ ਅਪਰਾਧ ਲਈ ਅਦਾਲਤਾਂ ਵੱਲੋਂ ਸਖ਼ਤ ਸਜ਼ਾ ਨਹੀਂ ਦਿੱਤੀ ਜਾਂਦੀ, ਸਿੱਖਾਂ ਦੇ ਮਨ ਵਿਚੋਂ ਗੁੱਸਾ ਨਹੀਂ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਹਰ ਪੀੜਤ ਪਰਿਵਾਰ ਦੀ ਲੜਾਈ ਲੜਾਂਗੇ ਅਤੇ ਉਹਨਾਂ ਨੂੰ ਹਰ ਕੀਮਤ ਉੱਤੇ ਇਨਸਾਫ ਦਿਵਾਇਆ ਜਾਵੇਗਾ।

ਉਹਨਾਂ ਕਿਹਾ ਕਿ ਅਕਾਲੀ ਦਲ ਸੁਪਰੀਮ ਕੋਰਟ ਦੇ ਵਕੀਲਾਂ ਦੀ ਇੱਕ ਟੀਮ ਭੇਜੇਗਾ ਤਾਂ ਕਿ 1984 ਕਤਲੇਆਮ ਦੇ ਸਾਰੇ ਕੇਸਾਂ ਦਾ ਚੰਗੀ ਤਰ੍ਹਾਂ ਅਧਿਐਨ ਕੀਤਾ ਜਾ ਸਕੇ।

ਕਰਤਾਰਪੁਰ ਲਾਂਘਾ ਖੋਲ੍ਹਣ ਬਾਰੇ ਪੁੱਛੇ ਜਾਣ ‘ਤੇ ਸਰਦਾਰ ਬਾਦਲ ਨੇ ਦੱਸਿਆ ਕਿ ਕਰਤਾਰਪੁਰ ਲਾਂਘਾ 9 ਨਵੰਬਰ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੁਆਰਾ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਜਾਵੇਗਾ।

ਇਸ ਨੂੰ ਇੱਕ ਇਤਿਹਾਸਕ ਕਦਮ ਕਰਾਰ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਸ ਨਾਲ ਸਾਰੇ ਸ਼ਰਧਾਲੂਆਂ ਵਾਸਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਤਿਮ ਅਸਥਾਨ ਪਾਕਿਸਤਾਨ ਵਿਚ ਪੈਂਦੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਦਰਸ਼ਨਾਂ ਵਾਸਤੇ ਰਾਹ ਖੁੱਲ੍ਹ ਜਾਵੇਗਾ।

ਇਸ ਦੇ ਨਾਲ ਹੀ ਸਰਦਾਰ ਬਾਦਲ ਨੇ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਇਸ ਪਵਿੱਤਰ ਅਸਥਾਨ ਉੱਤੇ ਜਾਣ ਵਾਲੇ ਹਰ ਸ਼ਰਧਾਲੂ ਕੋਲੋਂ 20 ਡਾਲਰ ਫੀਸ ਵਸੂਲਣ ਦੀ ਨਿਖੇਧੀ ਕੀਤੀ। ਊਹਨਾਂ ਕਿਹਾ ਕਿ ਇਹ ਫੀਸ ਬਿਲਕੁੱਲ ਬੇਤੁਕੀ ਹੈ ਅਤੇ ਤੁਰੰਤ ਵਾਪਸ ਲੈਣੀ ਚਾਹੀਦੀ ਹੈ।

ਅਕਾਲੀ ਦਲ ਪ੍ਰਧਾਨ ਨੇ ਬੋਕਾਰੋ ਦੀ ਸਿੱਖ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਸਮਾਗਮਾਂ ਵਿਚ ਭਾਗ ਲੈਣ ਲਈ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਆਉਣ ਦੀ ਅਪੀਲ ਕੀਤੀ।

ਉਹਨਾਂ ਕਿਹਾ ਕਿ ਤੁਹਾਨੂੰ ਆਪਣੇ ਬੱਚਿਆਂ ਨੂੰ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਬਣਾਈਆਂ ਯਾਦਗਾਰਾਂ ਵਿਖਾ ਕੇ ਉੁਹਨਾਂ ਨੂੰ ਅਮੀਰ ਸਿੱਖ ਵਿਰਾਸਤ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਵਿਰਾਸਤੇ-ਖਾਲਸਾ ਅਤੇ ਬਾਕੀ ਯਾਦਗਾਰਾਂ ਵਿਖਾਉ, ਇਹ ਉਹਨਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਣਗੀਆਂ।

ਇਸ ਦੌਰਾਨ ਸਵੇਰੇ ਰਾਂਚੀ ਵਿਖੇ ਝਾਰਖੰਡ ਦੇ ਸਿੱਖਾਂ ਦਾ ਇੱਕ ਵਫ਼ਦ ਅਕਾਲੀ ਦਲ ਪ੍ਰਧਾਨ ਨੂੰ ਮਿਲਿਆ ਅਤੇ ਉਹਨਾਂ ਨੂੰ ਸੂਬੇ ਅੰਦਰ ਪਾਰਟੀ ਦਾ ਇੱਕ ਯੂਨਿਟ ਸਥਾਪਤ ਕਰਕੇ ਅਕਾਲੀ ਦਲ ਦਾ ਵਿਸਥਾਰ ਕਰਨ ਦੀ ਅਪੀਲ ਕੀਤੀ। ਉਹਨਾਂ ਨੂੰ ਅਕਾਲੀ ਦਲ ਨੂੰ ਅਜਿਹੀ ਇਕਲੌਤੀ ਸਿਆਸੀ ਪਾਰਟੀ ਦੱਸਿਆ, ਜਿਹੜੀ ਪੂਰੇ ਦੇਸ਼ ਅੰਦਰ ਸਿੱਖਾਂ ਦੀ ਨੁੰਮਾਇਦਗੀ ਕਰਦੀ ਹੈ।

ਇਸ ਵਫ਼ਦ ਵਿਚ ਗੁਰਦੁਆਰਾ ਸਾਹਿਬ ਰਾਂਚੀ ਦੇ ਕੈਸ਼ੀਅਰ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ਼ ਫੈਡਰੇਸ਼ਨ ਦੇ ਤਜਿੰਦਰ ਸਿੰਘ ਮੱਕੜ, ਝਾਰਖੰਡ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਹੈਪੀ ਅਤੇ ਜਨਰਲ ਸਕੱਤਰ ਨਵਜੋਤ ਸਿੰਘ ਅਲੱਗ, ਗੁਰਦੁਆਰਾ ਸਾਹਿਬ ਰਾਂਚੀ ਦੇ ਸਾਬਕਾ ਸਕੱਤਰ ਪਰਮਜੀਤ ਸਿੰਘ ਚਾਨਾ, ਗੁਰਦੁਆਰਾ ਸਿੰਘ ਸਭਾ ਰਾਂਚੀ ਦੇ ਗੁਰਮੀਤ ਸਿੰਘ ਪ੍ਰਧਾਨ ਅਤੇ ਜਸਪਾਲ ਸਿੰਘ ਸ਼ਾਮਿਲ ਸਨ।

ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਵੀ ਸੰਬੋਧਨ ਕੀਤਾ।

Share News / Article

Yes Punjab - TOP STORIES