180 ਰੁਪਏ ਦੇ ਢਾਬੇ ਦੇ ਬਿੱਲ ’ਤੇ ਵਿਵਾਦ ਹਿੰਸਕ ਹੋਇਆ, ਕੁੱਟ ਮਾਰ ਕਰਕੇ ਨੌਜਵਾਨ ਗਾਹਕ ਦੀ ਮੌਤ

ਯੈੱਸ ਪੰਜਾਬ

ਭਦੋਹੀ, ਉੱਤਰ ਪ੍ਰਦੇਸ਼, 6 ਸਤੰਬਰ, 2019 –

ਭਦੋਹੀ ਵਿਚ ਸਥਿਤ ਸਰਦਾਰ ਢਾਬੇ ’ਤੇ ਖ਼ਾਣਾ ਖ਼ਾਣ ਆਏ ਇਕ ਨੌਜਵਾਨ ਦੇ ਕੇਵਲ 180 ਰੁਪਏ ਦੇ ਬਿੱਲ ਕਾਰਨ ਹੋਏ ਵਿਵਾਦ ਨੇ ਹਿੰਸਕ ਰੂਪ ਲੈ ਲਿਆ ਅਤੇ ਕਥਿਤ ਤੌਰ ’ਤੇ ਢਾਬਾ ਮਾਲਕਾਂ ਅਤੇ ਮੁਲਾਜ਼ਮਾਂ ਵੱਲੋਂ ਕੀਤੀ ਗਈ ਕੁੱਟਮਾਰ ਕਰਕੇ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਜਾ ਮੌਕੇ ’ਤੋਂ ਭੱਜ ਨਿਕਲਣ ਵਿਚ ਸਫ਼ਲ ਰਿਹਾ।

ਇਸ ਮਾਮਲੇ ਵਿਚ ਪੁਲਿਸ ਨੇ ਢਾਬਾ ਮਾਲਿਕ ਗੁਰਮੇਲ ਸਿੰਘ ਕਾਕਾ ਸਣੇ ਚਾਰ ਲੋਕਾਂ ਨੂੰ ਗਿਰਫ਼ਤਾਰ ਕੀਤਾ ਹੈ ਜਦਕਿ ਇਕ ਹੋਰ ਦੋਸ਼ੀ ਦੀ ਭਾਲ ਜਾਰੀ ਹੈ।

ਮਾਮਲਾ ਉੱਤਰ ਪ੍ਰਦੇਸ਼ ਦੇ ਭਦੋਹੀ ਦਾ ਹੈ ਜਿੱਥੇ ਵਾਰਾਨਸੀ ਮੁੱਖ ਮਾਰਗ ’ਤੇ ਵਿਸ਼ਾਲ ਦੁਬੇ ਨਾਂਅ ਦਾ ਗਾਹਕ ਆਪਣੇ ਡਰਾਈਵਰ ਸੂਰਜ ਸਿੰਘ ਨਾਲ ਸਰਦਾਰ ਢਾਬੇ ’ਤੇ ਖ਼ਾਣਾ ਖ਼ਾਣ ਲਈ ਰੁਕਿਆ।

ਇਸ ਖ਼ਾਣੇ ਦਾ 180 ਰੁਪਏ ਦਾ ਬਿੱਲ ਗਾਹਕ ਨੂੰ ਦਿੱਤੇ ਜਾਣ ਮਗਰੋਂ ਬਿੱਲ ਦੀ ਰਕਮ ’ਤੇ ਕੁਝ ਵਿਵਾਦ ਹੋ ਗਿਆ ਜੋ ਹਿੰਸਕ ਰੂਪ ਧਾਰ ਗਿਆ। ਦੋਸ਼ ਹੈ ਕਿ ਢਾਬਾ ਮਾਲਕਾਂ ਤੇ ਮੁਲਾਜ਼ਮਾਂ ਨੇ ਗਾਹਕ ਅਤੇ ਡਰਾਈਵਰ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਜਿਸ ਦੌਰਾਨ ਵਿਸ਼ਾਲ ਦੂਬੇ ਤਾਂ ਮੌਕੇ ’ਤੋਂ ਨਿਕਲ ਜਾਣ ਵਿਚ ਸਫ਼ਲ ਰਿਹਾ ਪਰ ਸੂਰਾਜ ਸਿੰਘ ਦੇ ਸਿਰ ’ਤੇ ਸੱਟ ਲੱਗ ਗਈ। ਉਸਨੂੰ ਇਲਾਜ ਲਈ ਵਾਰਾਨਸੀ ਲਿਜਾਇਆ ਜਾ ਰਿਹਾ ਸੀ ਪਰ ਉਹ ਰਸਤੇ ਵਿਚ ਹੀ ਦਮ ਤੋੜ ਗਿਆ। ਇਸ ਘਟਨਾ ਦੀ ਸੂਚਨਾ ਢਾਬਾ ਮਾਲਿਕ ਨੇ ਆਪ ਹੀ ਪੁਲਿਸ ਨੂੰ ਦਿੱਤੀ।

ਸੂਰਜ ਸਿੰਘ ਪੁੱਤਰ ਰਾਮਬਲੀ ਸਿੰਘ ਵਾਸੀ ਸਹਸੇਪੁਰ ਦੇ ਭਰਾ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਨ ਉਪਰੰਤ ਪੁਲਿਸ ਨੇ ਢਾਬਾ ਮਾਲਿਕ ਸਣੇ 4 ਵਿਅਕਤੀਆਂ ਨੂੰ ਗਿਰਫ਼ਤਾਰ ਕਰ ਲਿਆ ਹੈ ਜਦਕਿ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ।

Share News / Article

YP Headlines