17 ਮਹੀਨਿਆਂ ’ਚ 13,500 ਛਾਪੇ, 4.5 ਕਰੋੜ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਜ਼ਬਤ ਕੀਤੀਆਂ: ਕਾਹਨ ਸਿੰਘ ਪੰਨੂੰ

ਚੰਡੀਗੜ੍ਹ, 21 ਜੁਲਾਈ, 2019:
ਫੂਡ ਅਤੇ ਡਰੱਗ ਕਮਿਸ਼ਨਰੇਟ ਦੇ ਡਰੱਗ ਪ੍ਰਬੰਧਨ ਵਿੰਗ ਵੱਲੋਂ ਨਸ਼ਿਆਂ ਨੂੰ ਠੱਲ੍ਹ ਪਾਉਣ ਸਬੰਧੀ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਕੇ.ਐਸ ਪੰਨੂ, ਸੀ.ਐਫ.ਡੀ.ਏ. ਨੇ ਦੱਸਿਆ ਕਿ ਜਾਗਰੂਕਤਾ ਮੁਹਿੰਮਾਂ ਅਤੇ ਲੋਕਾਂ ਦਾ ਵਿਸ਼ਵਾਸ ਜਿੱਤਣ ਸਬੰਧੀ ਕਾਰਜਾਂ ਦੀਆਂ ਸ਼ੁਰੂਆਤੀ ਲੜੀਆਂ ਪਿੱਛੋਂ ਕਮਿਸ਼ਨਰੇਟ ਦੇ ਅਧਿਕਾਰੀਆਂ ਵੱਲੋਂ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਨੂੰ ਰੋਕਣ ਅਤੇ ਡਰੱਗ ਤੇ ਕਾਸਮੈਟਿਕ ਐਕਟ ਦੀ ਪਾਲਣਾ ਦੇ ਮੱਦੇਨਜ਼ਰ ਸੂਬੇ ਭਰ ਵਿੱਚ ਛਾਪੇਮਾਰੀਆਂ ਕੀਤੀਆਂ ਗਈਆਂ।

ਜਨਵਰੀ 2018 ਤੋਂ ਮਈ ,2019 ਤੱਕ 17 ਮਹੀਨਿਆਂ ਦੌਰਾਨ 13500 ਛਾਪੇਮਾਰੀਆਂ ਕੀਤੀਆਂ ਗਈਆਂ ਅਤੇ ਨਸ਼ੀਲੀਆਂ ਦਵਾਈਆਂ ਦੇ 5313 ਨਮੂਨੇ ਲਏ ਗਏ। ਜ਼ਬਤ ਕੀਤੀਆਂ ਗਈਆਂ ਨਸ਼ੀਲੀਆਂ ਦਵਾਈਆਂ ਦੀ ਕੁੱਲ ਕੀਮਤ 4.5 ਕਰੋੜ ਰੁਪਏ ਹੈ। ਨਮੂਨਿਆਂ ਦੀ ਜਾਂਚ ਦੌਰਾਨ 11 ਨਮੂਨੇ ਮਿਸ-ਬ੍ਰਾਂਡਡ ਅਤੇ 203 ਨਮੂਨੇ ਘਟੀਆ ਦਰਜੇ ਦੇ ਪਾਏ ਗਏ।

ਅਪਰਾਧਾਂ ਦੀ ਕਿਸਮ ਬਾਰੇ ਦੱਸਦਿਆਂ ਸੀ.ਐਫ.ਡੀ.ਏ. ਨੇ ਦੱਸਿਆ ਕਿ 1414 ਫਰਮਾਂ ਦੇ ਲਾਇਸੰਸ ਮੁਅੱਤਲ ਕਰ ਦਿੱਤੇ ਗਏ ਹਨ ਜਿਨ੍ਹਾਂ ਵਿੱਚੋਂ 1278 ਲਾਇਸੰਸ ਆਮ ਉਲੰਘਣਾਵਾਂ ਤਹਿਤ 136 ਲਾਇਸੰਸ ਆਦਤ ਪਾਉਣ ਵਾਲੀਆਂ ਦਵਾਈਆਂ ਵੇਚਣ ਕਰਕੇ ਮੁਅੱਤਲ ਕੀਤੇ ਗਏ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਪੰਨੂ ਨੇ ਦੱਸਿਆ ਕਿ ਦੋਸ਼ੀਆਂ ਵਿਰੁੱਧ 171 ਮੁਕੱਦਮਾ ਚਲਾਉਣ ਦੇ ਆਦੇਸ਼ ਜਾਰੀ ਕੀਤੇ ਹਨ ਅਤੇ 139 ਮਾਮਲੇ ਸ਼ੁਰੂ ਕੀਤੇ ਜਾ ਚੁੱਕੇ ਹਨ। ਹੁਣ ਤੱਕ 120 ਮਾਮਲਿਆਂ ਦਾ ਨਿਪਟਾਰਾ ਹੋ ਚੁੱਕਾ ਹੈ ਜਿਨ੍ਹਾਂ ਵਿੱਚੋਂ ਦੋਸ਼ੀ ਕਰਾਰ ਦਿੱਤੇ ਗਏ 77 ਵਿਅਕਤੀਆਂ ਨੂੰ 3-5 ਸਾਲ ਦੀ ਕੈਦ ਦੇ ਨਾਲ-ਨਾਲ ਜੁਰਮਾਨਾ ਕੀਤਾ ਗਿਆ ਹੈ ਅਤੇ 14 ਦੋਸ਼ੀਆਂ ਨੂੰ ਭਗੌੜੇ ਘੋਸ਼ਿਤ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਡਰੱਗ ਤੇ ਕਾਸਮੈਟਿਕ ਐਕਟ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਮੈਡੀਕਲ ਸਟੋਰਾਂ ‘ਤੇ ਅਜਿਹੀ ਜਾਂਚ ਨਿਰੰਤਰ ਰੂਪ ਵਿੱਚ ਜਾਰੀ ਰਹੇਗੀ।

ਸੂਬੇ ਦੇ ਸਾਰੇ ਡਰੱਗ ਕੰਟ੍ਰੋਲ ਅਧਿਕਾਰੀਆਂ ਜਿਨ੍ਹਾਂ ਵਿੱਚ 38 ਡਰੱਗ ਇੰਸਪੈਕਟਰ ਅਤੇ ਸੂਬੇ ਦੀਆਂ 6 ਜ਼ੋਨਲ ਲਾਇਸੰਸਿੰਗ ਅਥਾਰਟੀਆਂ ਸ਼ਾਮਲ ਹਨ, ਨੂੰ ਆਪੋ-ਆਪਣੇ ਖੇਤਰ ਵਿੱਚ ਮਿਲਾਵਟੀ/ ਘਟੀਆ ਦਰਜੇ ਦੀਆਂ ਦਵਾਈਆਂ ਦੀ ਵਿਕਰੀ ਨੂੰ ਰੋਕਣ ਅਤੇ ‘ਸ਼ਡਿਊਲ ਐਚ ਡਰੱਗ’ ਦੀ ਘੋਸ਼ਣਾਂ ਰਹਿਤ ਮਿਸ-ਬ੍ਰਾਂਡਡ ਪਦਾਰਥ, ਆਦਤ ਪਾਉਣ ਵਾਲੀਆਂ ਦਵਾਈਆਂ ਦੇ ਗ਼ੈਰ-ਕਾਨੂੰਨੀ ਭੰਡਾਰਾਂ ਤੇ ਤਿੱਖੀ ਨਜ਼ਰ ਰੱਖਣ ਲਈ ਕਿਹਾ ਹੈ।

ਸ੍ਰੀ ਪੰਨੂ ਨੇ ਕਿਹਾ ਐਫ.ਡੀ.ਏ ਨੇ ਲੋਕਾਂ ਨੂੰ ਕਾਲੀਆਂ ਭੇਡਾਂ ਸਬੰਧੀ ਜਾਣਕਾਰੀ ਦੇਣ ਲਈ ਹੈਲਪਲਾਈਨ ਨੰਬਰ 9815206006 ਅਤੇ ਈਮੇਲ ਆਈਡੀ [email protected] ਸ਼ੁਰੂ ਕੀਤੇ ਗਏ ਸਨ ਜੋ ਕਿ ਕਾਫੀ ਮਦਦਗ਼ਾਰ ਸਾਬਤ ਹੋ ਰਹੇ ਹਨ।

Share News / Article

Yes Punjab - TOP STORIES