100 ਤੋਂ ਵੱਧ ਸੰਸਦ ਮੈਂਬਰਾਂ ਨੇ ਬਾਲ ਦਿਵਸ ਚਾਰ ਸਾਹਿਬਜ਼ਾਦਿਆਂ ਦੇ ਨਾਂਅ ’ਤੇ ਮਨਾਉਣ ਦੀ ਤਜ਼ਵੀਜ਼ ਦੀ ਹਮਾਇਤ ਕੀਤੀ: ਸਿਰਸਾ

ਨਵੀਂ ਦਿੱਲੀ, 14 ਨਵਬੰਰ, 2019:

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਹੈ ਕਿ ਬਾਲ ਦਿਵਸ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਨਾਮ ‘ਤੇ ਮਨਾਉਣ ਦੀ ਤਜਵੀਜ਼ ਨੂੰ ਹੁਣ ਤੱਕ 100 ਤੋਂ ਵੱਧ ਸੰਸਦ ਮੈਂਬਰ ਹਮਾਇਤ ਦੇ ਚੁੱਕੇ ਹਨ ਅਤੇ ਇਸ ਮੁੱਦੇ ‘ਤੇ ਲੋਕ ਲਹਿਰ ਚਲਾਈ ਜਾ ਰਹੀ ਹੈ।

ਇਥੇ ਇਕ ਬਿਆਨ ਵਿਚ ਸ੍ਰ ਸਿਰਸਾ ਨੇ ਦੱਸਿਆ ਕਿ ਸੰਸਦ ਮੈਂਬਰ ਪਰਵੇਜ਼ ਸਾਹਿਬ ਸਿੰਘ ਵਰਮਾ ਨੇ ਚਾਰ ਸਾਹਿਬਜ਼ਾਦਿਆਂ ਦੇ ਨਾਂ ‘ਤੇ ਬਾਲ ਦਿਵਸ ਮਨਾਉਣ ਲਈ ਹਸਤਾਖਰ ਮੁਹਿੰਮ ਛੇੜੀ ਹੈ ਜਿਸ ‘ਤੇ ਹੁਣ ਤੱਕ 100 ਤੋਂ ਵੱਧ ਸੰਸਦ ਮੈਂਬਰ ਹਸਤਾਖਰ ਕਰ ਚੁੱਕੇ ਹਨ। ਸੰਸਦ ਮੈਂਬਰਾਂ ਤੋਂ ਹਮਾਇਤ ਇਸ ਵਾਸਤੇ ਲਈ ਜਾ ਰਹੀ ਹੈ ਕਿਉਂਕਿ ਉਹ ਜਨਤਾ ਦੇ ਚੁਣੇ ਨੁਮਾਇੰਦੇ ਹਨ ਅਤੇ ਸੰਸਦ ਵਿਚ ਤੇ ਆਪਣੇ ਹਲਕਿਆਂ ਵਿਚ ਉਹ ਇਸ ਬਾਰੇ ਆਵਾਜ਼ ਬੁਲੰਦ ਕਰ ਸਕਦੇ ਹਨ।

ਸ੍ਰ ਸਿਰਸਾ ਨੇ ਕਿਹਾ ਕਿ ਬਾਲ ਦਿਵਸ ਸਾਰੇ ਸੰਸਾਰ ਵਿਚ ਮਨਾਇਆ ਜਾਂਦਾ ਹੈ ਤੇ ਇਸਦੀ ਸ਼ੁਰੂਆਤ ਸੰਯੁਕਤ ਰਾਸ਼ਟਰ ਨੇ ਕੀਤੀ ਸੀ। ਭਾਰਤ ਵਿਚ ਇਹ ਪੰਡਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਵਸ ‘ਤੇ ਮਨਾਇਆ ਜਾਂਦਾ ਹੈ ਅਤੇ ਉਹ ਇਸਦਾ ਵਿਰੋਧ ਨਹੀਂ ਕਰ ਰਹੇ ਬਲਕਿ ਇਹ ਕਹਿ ਰਹੇ ਹਨ ਕਿ ਪੰਡਤ ਨਹਿਰੂ ਦਾ ਜਨਮ ਦਿਨ 14 ਨਵੰਬਰ ਨੂੰ ਹੀ ਮਨਾਇਆ ਜਾਵੇ ਜਦਕਿ ਬਾਲ ਦਿਵਸ 26 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਲੇ ਦਿਨ ਭਾਰਤ ਵਿਚ ਮਨਾਇਆ ਜਾਵੇ।

ਸ੍ਰ ਸਿਰਸਾ ਨੇ ਕਿਹਾ ਕਿ ਚਾਰ ਸਾਹਿਬਜ਼ਾਦਿਆਂ ਨੇ ਛੋਟੀ ਉਮਰ ਵਿਚ ਆਪਣੀ ਕੁਰਬਾਨੀ ਦਿੱਤੀ ਪਰ ਈਨ ਨਹੀਂ ਮੰਨੀ ਤੇ ਆਪਣਾ ਧਰਮ ਨਹੀਂ ਬਦਲਿਆ। ਉਹਨਾਂ ਕਿਹਾ ਕਿ ਭਾਰਤ ਦੇ ਹਰ ਸੂਬੇ ਦੇ ਲੋਕਾਂ ਨੂੰ ਇਸ ਸ਼ਹਾਦਤ ਬਾਰੇ ਪਤਾ ਲੱਗੇਗਾ ਤਾਂ ਹਰ ਮਾਂ ਪਿਓ ਸੋਚੇਗਾ ਕਿ ਉਸਦਾ ਬੱਚਾ ਸਾਹਿਬਜ਼ਾਦਿਆਂ ਵਰਗਾ ਦਲੇਰ ਹੋਵੇ। ਉਹਨਾਂ ਕਿਹਾ ਕਿ ਜਦੋਂ ਇਹਨਾਂ ਦੀ ਗੌਰਵ ਗਾਥਾ ਬੱਚਿਆਂ ਨੂੰ ਪਤਾ ਲੱਗੇਗੀ ਤਾਂ ਉਹਨਾਂ ਦੀ ਸੋਚ ਬਦਲੇਗੀ।

ਸ੍ਰ ਸਿਰਸਾ ਨੇ ਦੱਸਿਆ ਦਿੱਲੀ ਗੁਰਦੁਆਰਾ ਕਮੇਟੀ ਨੇ ਇਸ ਸ਼ਹਾਦਤ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਵਾਸਤੇ ਵਿਆਪਕ ਮੁਹਿੰਮ ਛੇੜੀ ਹੈ ਅਤੇ ਸੋਸ਼ਲ ਮੀਡੀਆ ‘ਤੇ ਵੀ ਪ੍ਰਚਾਰ ਕੀਤਾ ਹੈ ਜਦਕਿ ਛੋਟੀਆਂ ਛੋਟੀਆਂ ਵੀਡੀਓ ਬਣਾ ਕੇ ਲੋਕਾਂ ਤੱਕ ਪਹੁੰਚਾਈਆਂ ਹਨ।

ਉਹਨਾਂ ਕਿਹਾ ਕਿ ਬਾਲ ਦਿਵਸ ਦਾ ਮਕਸਦ ਬੱਚਿਆਂ ਨੂੰ ਉਹਨਾਂ ਦੇ ਅਧਿਕਾਰਾਂ ਤੋਂ ਜਾਣੂ ਕਰਵਾਉਣਾ ਅਤੇ ਉਹਨਾਂ ਨੂੰ ਮੁੱਖ ਧਾਰਾ ਨਾਲ ਜੋੜਨਾ ਹੁੰਦਾ ਹੈ ਪਰ ਭਾਰਤ ਵਿਚ ਇਹ ਮੰਤਵ ਖਤਮ ਹੋ ਰਿਹਾ ਹੈ, ਇਸ ਲਈ ਇਹ ਬਾਲ ਦਿਵਸ 26 ਦਸੰਬਰ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਲੇ ਦਿਨ ਮਨਾਇਆ ਜਾਣਾ ਚਾਹੀਦਾਹੈ।

Share News / Article

Yes Punjab - TOP STORIES