36.1 C
Delhi
Friday, March 29, 2024
spot_img
spot_img

10 ਜਨਪਥ ਸਿੱਖ ਸ਼ਰਧਾਲੂਆਂ ਦਾ ਅਪਮਾਨ ਨਾ ਕਰੇ, ਸਰਕਾਰ ਹਜ਼ੂਰ ਸਾਹਿਬ ਦੀ ਸੰਗਤ ਸ਼੍ਰੋਮਣੀ ਕਮੇਟੀ ਦੀਆਂ ਸਰਾਵਾਂ ’ਚ ਭੇਜੇ: ਮਜੀਠੀਆ

ਚੰਡੀਗੜ੍ਹ, 03 ਮਈ, 2020:

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਸ੍ਰੀ ਹਜ਼ੂਰ ਸਾਹਿਬ ਤੋਂ ਲਿਆਂਦੀ ਸਾਰੀ ਸੰਗਤ, ਜਿਸ ਨੂੰ ਗੰਦੀਆਂ ਸਰਕਾਰੀ ਇਮਾਰਤਾਂ ਅੰਦਰ ਇਕਾਂਤਵਾਸ ਕੀਤਾ ਗਿਆ ਹੈ, ਨੂੰ ਤੁਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਰਾਵਾਂ ਵਿਚ ਤਬਦੀਲ ਕਰ ਦਿੱਤਾ ਜਾਵੇ, ਜਿੱਥੇ ਸਿੱਖ ਜਥੇਬੰਦੀਆਂ ਅਤੇ ਅਕਾਲੀ ਦਲ ਵੱਲੋਂ ਉਹਨਾਂ ਦੀ ਦੇਖਭਾਲ ਕੀਤੀ ਜਾਵੇਗੀ।

ਪੰਜਾਬ ਅਤੇ ਬਾਹਰੋਂ ਕਾਂਗਰਸੀ ਮੰਤਰੀਆਂ ਵੱਲੋਂ ਕੀਤੀ ਜਾ ਰਹੀ ਘਟੀਆ ਰਾਜਨੀਤੀ ਦੀ ਨਿਖੇਧੀ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਿੱਖ 10 ਜਨਪਥ ਨੂੰ ਆਪਣੇ ਦਿਗਵਿਜੇ ਸਿੰਘ ਜਾਂ ਸਥਾਨਕ ਕਾਂਗਰਸੀ ਆਗੂਆਂ ਵਰਗੇ ਪਿਆਦਿਆਂ ਦੇ ਜ਼ਰੀਏ ਸ਼ਰਧਾਲੂਆਂ ਨੂੰ ਬਦਨਾਮ ਨਹੀਂ ਕਰਨ ਦੇਣਗੇ।

ਸਥਾਨਕ ਕਾਂਗਰਸੀ ਆਗੂ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਸ਼ਰਧਾਲੂਆਂ ਨੂੰ ਬਲੀ ਦੇ ਬੱਕਰੇ ਬਣਾਉੁਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਅਸੀਂ ਕਿਸੇ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਜਾਂ ਸੰਗਤ ਦਾ ਅਪਮਾਨ ਨਹੀਂ ਕਰਨ ਦਿਆਂਗੇ, ਜੋਕਿ ਉਸ ਪਾਵਨ ਧਰਤੀ ਉੱਤੇ ਮੱਥਾ ਟੇਕ ਕੇ ਵਾਪਸ ਪਰਤੀ ਹੈ, ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰਗੱਦੀ ਦਿੱਤੀ ਸੀ।

ਸਰਦਾਰ ਮਜੀਠੀਆ ਨੇ ਕਿਹਾ ਕਿ ਐਸਜੀਪੀਸੀ ਪ੍ਰਧਾਨ ਨੇ ਸਰਾਵਾਂ ਬਾਰੇ ਬਿਆਨ ਦੇ ਦਿੱਤਾ ਹੈ ਕਿ ਇਹਨਾਂ ਨੂੰ ਸ਼ਰਧਾਲੂਆਂ ਨੂੰ ਠਹਿਰਾਉਣ ਲਈ ਇਸਤੇਮਾਲ ਕਰ ਲਿਆ ਜਾਵੇ। ਉਹਨਾਂ ਕਿਹਾ ਕਿ ਸ਼ਰਧਾਲੂਆਂ ਨੂੰ ਤੁਰੰਤ ਇਹਨਾਂ ਸਰਾਂਵਾਂ ਵਿਚ ਤਬਦੀਲ ਕਰਨਾ ਚਾਹੀਦਾ ਹੈ, ਕਿਉਂਕਿ ਜਿਹਨਾਂ ਸਰਕਾਰੀ ਇਮਾਰਤਾਂ ਅੰਦਰ ਸ਼ਰਧਾਲੂਆਂ ਨੂਂੰ ਰੱਖਿਆ ਗਿਆ ਹੈ, ਉਹ ਬਹੁਤ ਹੀ ਗੰਦੀਆਂ ਹਨ ਅਤੇ ਉੱਥੇ ਮੁੱਢਲੀਆਂ ਸਹੂਲਤਾਂ ਵੀ ਨਹੀਂ ਹਨ।

ਉਹਨਾਂ ਨੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਇਹ ਕਹਿਣ ਲਈ ਸਖ਼ਤ ਨਿਖੇਧੀ ਕੀਤੀ ਕਿ ਸ਼ਰਧਾਲੂਆਂ ਨੂੰ ਡੇਰਾ ਬਾਬਾ ਨਾਨਕ ਗੁਰਦੁਆਰਾ ਵਿਖੇ ਜਗ੍ਹਾ ਨਹੀਂ ਦਿੱਤੀ ਗਈ। ਸਰਦਾਰ ਮਜੀਠੀਆ ਨੇ ਕਿਹਾ ਕਿ ਰੰਧਾਵਾ ਇੱਕ ਅਜਿਹਾ ਝੂਠਾ ਵਿਅਕਤੀ ਹੈ, ਜਿਸ ਦੇ ਪਿਤਾ ਨੇ ਇੰਦਰਾ ਗਾਂਧੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹੁਣਾ ਸਹੀ ਠਹਿਰਾਇਆ ਸੀ।

ਬਲਬੀਰ ਸਿੰਘ ਸਿੱਧੂ ਦੀ ਛੁੱਟੀ ਕਰਕੇ ਸਿਹਤ ਮੰਤਰਾਲੇ ਦਾ ਕਾਰਜਭਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੰਭਾਲਣ ਲਈ ਆਖਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਸਿੱਧੂ ਨੇ ਇਹ ਬਿਆਨ ਦੇ ਕੇ ਕਿ ਸ਼ਰਧਾਲੂਆਂ ਨੇ ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੀ ਰੋਕਥਾਮ ਲਈ ਕੀਤੇ ਸਾਰੇ ਚੰਗੇ ਕੰਮ ਉਤੇ ਪਾਣੀ ਫੇਰ ਦਿੱਤਾ ਹੈ, ਸ਼ਰਧਾਲੂਆਂ ਦਾ ਅਪਮਾਨ ਕਰਨਾ ਸ਼ੁਰੂ ਕਰ ਦਿੱਤਾ ਸੀ।

ਉਹਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਕੀਤੇ ਚੰਗੇ ਕੰਮ ਦੀ ਪੋਲ ਸਿਹਤ ਕਾਮਿਆਂ ਦੁਆਰਾ ਪਹਿਲਾਂ ਹੀ ਖੋਲ੍ਹੀ ਜਾ ਚੁੱਕੀ ਹੈ, ਜਿਹਨਾਂ ਨੂੰ ਅਜੇ ਤੀਕ ਪੀਪੀਈ ਕਿਟਾਂ, ਐਂਬੂਲੈਂਸਾਂ ਅਤੇ ਵੈਟੀਲੇਟਰ ਵਰਗੀਆਂ ਮੁੱਢਲੀਆਂ ਸਹੂਲਤਾਂ ਵੀ ਨਹੀਂ ਮਿਲੀਆਂ ਹਨ। ਉਹਨਾਂ ਕਿਹਾ ਕਿ ਬਲਬੀਰ ਸਿੱਧੂ ਇੱਕ ਬੇਹੱਦ ਨਿਕੰਮਾ ਮੰਤਰੀ ਸਾਬਿਤ ਹੋ ਚੁੱਕਿਆ ਹੈ, ਇਸ ਲਈ ਉਸ ਨੂੰ ਤੁਰੰਤ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ ਹੈ।

ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਇੱਕ ਤੱਥ ਹੈ ਕਿ ਪੰਜਾਬ ਸਰਕਾਰ ਨੇ ਸ੍ਰੀ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਨੂੰ ਲਿਆਉਂਦੇ ਸਮੇਂ ਸਿਹਤ ਸੰਬੰਧੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ। ਉਹਨਾਂ ਕਿਹਾ ਕਿ ਨਿਰਧਾਰਿਤ ਨਿਯਮਾਂ ਦੇ ਉਲਟ ਏਅਰ ਕੰਡੀਸ਼ਨਡ ਬੱਸਾਂ ਦੀ ਵਰਤੋਂ ਕੀਤੀ ਗਈ। ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਇਹ ਬੱਸਾਂ ਰੈਡ ਜ਼ੋਨਾਂ ਵਿਚੋਂ ਦੀ ਹੋ ਕੇ ਆਈਆਂ।

ਸਰਕਾਰੀ ਪ੍ਰਬੰਧਾਂ ਵਿਚ ਹੋਈਆਂ ਅਜਿਹੀਆਂ ਕੋਤਾਹੀਆਂ ਕਰਕੇ ਪਿਛਲੇ ਇੱਕ ਮਹੀਂਨੇ ਤੋਂ ਨਾਂਦੇੜ ਵਿਖੇ ਸਿਹਤਮੰਦ ਰਹੇ ਸ਼ਰਧਾਲੂ ਪੰਜਾਬ ਪਹੁੰਚਦੇ ਹੀ ਕੋਵਿਡ-19 ਨਾਲ ਗ੍ਰਸਤ ਹੋ ਗਏ। ਉਹਨਾਂ ਕਿਹਾ ਕਿ ਇਸ ਦੀ ਪੁਸ਼ਟੀ ਮਹਾਂਰਾਸ਼ਟਰ ਦੇ ਕਾਂਗਰਸੀ ਮੰਤਰੀ ਅਸ਼ੋਕ ਚਵਾਨ ਦੁਆਰਾ ਵੀ ਕੀਤੀ ਜਾ ਚੁੱਕੀ ਹੈ, ਜਿਸ ਨੇ ਸ਼ਰਧਾਲੂਆਂ ਦੀ ਦੁਰਦਸ਼ਾ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਇਹ ਟਿੱਪਣੀ ਕਰਦਿਆਂ ਕਿ ਸਾਰੇ ਸ਼ਰਧਾਲੂ ਸਾਡੇ ਭੈਣ-ਭਰਾ ਹਨ, ਸਰਦਾਰ ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪਹਿਲਾਂ ਐਨਆਰਆਈਜ਼ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਹੁਣ ਸਿੱਖਾਂ ਨੂੰ ਬਣਾ ਰਹੀ ਹੈ। ਉਹਨਾਂ ਕਿਹਾ ਕਿ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਇਹਨਾਂ ਸ਼ਰਧਾਲੂਆਂ ਨੂੰ ਵਾਪਸ ਪੰਜਾਬ ਲਿਆਉਣ ਲਈ ਅਸੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਤਕ ਪਹੁੰਚ ਕੀਤੀ ਸੀ। ਇਹ ਸਾਡੀ ਜ਼ਿੰਮੇਵਾਰੀ ਸੀ। ਬਾਕੀ ਸੂਬਿਆਂ ਅਤੇ ਦੇਸ਼ਾਂ ਨੇ ਵੀ ਇਹੀ ਕੀਤਾ ਹੈ।

ਉਹਨਾਂ ਕਿਹਾ ਕਿ ਆਪਣੇ ਨਾਗਰਿਕਾਂ ਦੀ ਦੇਖਭਾਲ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ। ਸਰਕਾਰ ਨੂੰ ਚੰਗਾ ਵਰਤਾਓ ਕਰਨਾ ਚਾਹੀਦਾ ਹੈ। ਜੇਕਰ ਇਸ ਕੋਲੋਂ ਸ਼ਰਧਾਲੂਆਂ ਦੀ ਵਾਪਸੀ ਦੇ ਪ੍ਰਬੰਧਾਂ ਵਿਚ ਕੋਤਾਹੀ ਹੋ ਗਈ ਹੈ ਤਾਂ ਇਸ ਨੂੰ ਦੂਜਿਆਂ ਸਿਰ ਦੋਸ਼ ਨਹੀਂ ਮੜ੍ਹਣਾ ਚਾਹੀਦਾ।

ਸਰਦਾਰ ਮਜੀਠੀਆ ਨੇ ਸਾਬਕਾ ਕਾਂਗਰਸੀ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਸ਼ਰਧਾਲੂਆਂ ਦੀ ਦੇਖਭਾਲ ਕਰਨ ਦੀ ਪੇਸ਼ਕਸ਼ ਦੇਣ ਅਤੇ ਇਹ ਸਵੀਕਾਰ ਲਈ ਸ਼ਲਾਘਾ ਕੀਤੀ ਕਿ ਸਿਹਤ ਵਿਭਾਗ ਸ਼ਰਧਾਲੂਆਂ ਪ੍ਰਤੀ ਆਪਣੇ ਫਰਜ਼ਾਂ ਨੂੰ ਨਿਭਾਉਣ ਵਿਚ ਬੁਰੀ ਤਰ੍ਹਾਂ ਨਾਕਾਮ ਰਿਹਾ ਹੈ।


ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION