ਅੰਮ੍ਰਿਤਸਰ/ਬਿਆਸ, 15 ਨਵੰਬਰ, 2019:
ਪੰਜਾਬ ਸਰਕਾਰ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲੇ ਵਿੱਚ ਕਰਵਾਏ ਗਏ ਦੂਜੇ ਦਿਨ ‘ਫਲੋਟਿੰਗ ਮਲਟੀ ਮੀਡੀਆ ਲਾਈਟ ਐਂਡ ਸਾਊਂਡ’ ਸ਼ੋਅ ਵਿੱਚ ਵੱਡੀ ਗਿਣਤੀ ਵਿੱਚ ਸ਼ੋਅ ਨੂੰ ਦੇਖਣ ਲਈ ਸੰਗਤਾਂ ਪੁੱਜੀਆਂ।
ਦੋ ਦਿਨਾਂ ਦੌਰਾਨ ਹੋਏ 4 ਸ਼ੋਆਂ ਦੌਰਾਨ 10 ਹਜ਼ਾਰ ਤੋਂ ਵੱਧ ਇਲਾਕਾ ਵਾਸੀਆਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਜੀਵਨ ਸਾਖੀਆਂ ਅਤੇ ਉਨਾਂ ਦੇ ਫਲਸਫੇ ਦੀ ਜਾਣਕਾਰੀ ਆਧੁਨਿਕ ਤਕਨੀਕ ਨਾਲ ਹਾਸਲ ਕੀਤੀ। ਪਹਿਲੇ ਸ਼ੋਅ ਦੀ ਤਰਾਂ ਅੱਜ ਦੂਜੇ ਦਿਨ ਬਿਆਸ ਦਰਿਆ ਵਿੱਚ ਕਰਵਾਇਆ ਸ਼ੋਅ ਸਮੁੱਚੀ ਫਿਜ਼ਾ ਨੂੰ ਅਧਿਆਤਮਕਤਾ ਦੇ ਚਾਨਣ ਨਾਲ ਰੁਸ਼ਨਾ ਗਿਆ।
ਐਸ ਡੀ ਐਮ ਬਾਬਾ ਬਕਾਲਾ ਸ੍ਰੀਮਤੀ ਸੁਮਿਤ ਮੁਧ ਨੇ ਆਪਣੇ ਪਰਿਵਾਰ ਸਮੇਤ ਹਾਜ਼ਰੀ ਭਰੀ। ਉਨ੍ਹਾਂ ਸੰਗਤਾਂ ਨੂੰ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਦਾ ਜੀਵਨ ਮਨੁੱਖਤਾ ਲਈ ਚਾਨਣ-ਮੁਨਾਰਾ ਹੈ ਅਤੇ ਗੁਰੂ ਸਾਹਿਬ ਦੇ ਲੜ੍ਹ ਲੱਗ ਕੇ ਹੀ ਅਸੀਂ ਪਾਰ ਉੱਤਰ ਸਕਦੇ ਹਾਂ।
ਉਨਾਂ ਕਿਹਾ ਕਿ ਇਹ ਸ਼ੋਅ ਕਰਵਾਉਣ ਦਾ ਮੁੱਖ ਮੰਤਵ ਨੌਜਵਾਨ ਪੀੜੀ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਫਿਰਕੂ ਸਦਭਾਵਨਾ, ਸ਼ਾਂਤੀ, ਭਾਈਚਾਰੇ ਵਾਲੇ ਫਲਸਫੇ ਤੇ ਜੀਵਨ ਬਾਰੇ ਜਾਣੂ ਕਰਵਾਉਣਾ ਹੈ।
ਭਾਰੀ ਸਰਦੀ ਦੇ ਬਾਵਜੂਦ ਵੀ ਸੰਗਤਾਂ ਵਲੋਂ ਦੂਸਰੀ ਸ਼ਾਮ ਵੀ ‘ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ’ ਨੂੰ ਭਰਵਾਂ ਹੁੰਗਾਰਾ ਦਿੱਤਾ ਅਤੇ ਲੋਕ ਪਿੰਡਾਂ ਵਿੱਚੋਂ ਆਪਣੇ ਵਾਹਨਾਂ ਰਾਹੀਂ ਭਰ-ਭਰ ਕੇ ਪਹੁੰਚੇ ਹੋਏ ਸਨ ਅਤੇ ਵੱਡੀ ਗਿਣਤੀ ਵਿੱਚ ਆਰਮੀ ਦੇ ਜਵਾਨ ਵੀ ਪੁੱਜੇ ਹੋਏ ਸਨ।
ਇਸ ਸ਼ੋਅ ਨੂੰ ਦੇਖਣ ਲਈ ਨੌਜਵਾਨ, ਬਜ਼ੁਰਗ ਅਤੇ ਬੱਚੇ ਵੀ ਸ਼ਾਮਲ ਸਨ। ਬਹੁਤ ਵੱਡੀ ਗਿਣਤੀ ਵਿੱਚ ਔਰਤਾਂ ਨੇ ਦੋਵੇਂ ਸ਼ਾਮ ਇਸ ਸ਼ੋਅ ਨੂੰ ਦੇਖਿਆ। ਸਾਰੀਆਂ ਹੀ ਸੰਗਤਾਂ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸਰਾਹਨਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ।
ਮਨੁੱਖਤਾ ਨੂੰ ਆਪਸੀ ਪਿਆਰ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦਿੰਦਾ ਇਹ ਸ਼ੋਅ 16 ਨਵੰਬਰ ਸ਼ਾਮ 7:15 ਵਜੇ ਤੋਂ ਰਾਤ 8:00 ਵਜੇ ਤੱਕ ਅਤੇ ਰਾਤ 8:15 ਵਜੇ ਤੋਂ 9:00 ਵਜੇ ਤੱਕ ਚੱਲੇਗਾ।
ਇਸ ਮੌਕੇ ਤਹਿਸੀਲਦਾਰ ਸ: ਮਨਜੀਤ ਸਿੰਘ, ਨਾਇਬ ਤਹਿਸੀਲਦਾਰ ਸ: ਸੁਖਦੇਵ ਸਿੰਘ ਅਤੇ ਸ: ਰਤਨਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਕਾਰੀ ਅਤੇ ਮੋਹਤਬਰ ਵੀ ਹਾਜ਼ਰ ਸਨ।