ਯੈੱਸ ਪੰਜਾਬ
ਸੰਗਰੂਰ, 11 ਜੂਨ, 2019:
ਲੱਖਾਂ ਦੁਆਵਾਂ, ਅਰਦਾਸਾਂ ਅਤੇ ਅੱਧਕਚਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਫ਼ਤਹਿਵੀਰ ਸਿੰਘ ਨੂੰ ਫ਼ਤਹਿ ਨਸੀਬ ਨਹੀਂ ਹੋਇਆ।
ਫ਼ਤਹਿਵੀਰ ਨਹੀਂ ਰਿਹਾ। ਦੋ ਵਰਿ੍ਹਆਂ ਦੇ ਇਸ ਬੱਚੇ ਨੂੰ ਇਸ ਦੇ ਜਨਮ ਦਿਨ ਤੋਂ ਅਗਲੀ ਸਵੇਰ, ਮੰਗਲਵਾਰ ਸਵੇਰੇ ਬੋਰਵੈਲ ਵਿਚੋਂ ਕੱਢ ਕੇ ਪੀ.ਜੀ.ਆਈ. ਚੰਡੀਗੜ੍ਹ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ।
ਫ਼ਤਹਿਵੀਰ ਦੀ ਮੌਤ ਦੀ ਖ਼ਬਰ ਉਸ ਦੇ ਇਲਾਕੇ ਵਿਚ ਹੀ ਨਹੀਂ ਸਗੋਂ ਪੰਜਾਬ ਅਤੇ ਹੋਰ ਥਾਈਂ ਰਹਿੰਦੇ ਸੰਵੇਦਨਸ਼ੀਲ ਲੋਕਾਂ ਲਈ ਦੁੱਖ ਅਤੇ ਗਮ ਤੋਂ ਇਲਾਵਾ ਗੁੱਸੇ ਦਾ ਅਹਿਸਾਸ ਲੈ ਕੇ ਆਈ ਹੈ ਕਿਉਂਕਿ ਇਹ ਪਹਿਲਾਂ ਹੀ ਨਜ਼ਰ ਆ ਰਿਹਾ ਸੀ ਕਿ ਜਿਸ ਤਰ੍ਹਾਂ ਨਾਲ ਬੱਚੇ ਨੂੰ ਬਚਾਉਣ ਲਈ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਅਤੇ ਜਿਸ ਤਰ੍ਹਾਂ ਇਹ ਅਪਰੇਸ਼ਨ ਲੰਬਾ ਹੁੰਦਾ ਜਾ ਰਿਹਾ ਹੈ, ਉਸ ਨਾਲ ਬੱਚੇ ਦਾ ਬਚ ਸਕਣਾ ਮੁਸ਼ਕਿਲ ਹੋਵੇਗਾ। ਅੰਤਾਂ ਦੀ ਗਰਮੀ ਵਿਚ ਦੋ ਵਰਿ੍ਹਆਂ ਦਾ ਬੱਚਾ 5 ਦਿਨਾਂ ਤਾਈਂ ਭੁੱਖਾ ਪਿਆਸਾ ਬਚ ਸਕੇਗਾ ਇਹ ਸੰਭਵ ਨਹੀਂ ਸੀ ਜਾਪ ਰਿਹਾ।
ਅੱਜ ਸਵੇਰੇ ਲਗਪਗ 5.15 ਵਜੇ ਨੈਸ਼ਨਲ ਡਿਸਾਸਟਰ ਰਿਸਪਾਂਸ ਫ਼ੋਰਸ ਦੀ ਟੀਮ ਨੇ ਲਗਪਗ 150 ਫੁੱਟ ਡੂੰਘੇ ਬੋਰਵੈਲ ਵਿਚੋਂ ਬੱਚੇ ਨੂੰ ਕੱਢਣ ਵਿਚ ‘ਸਫ਼ਲਤਾ’ ਹਾਸਿਲ ਕਰ ਲਈ । ਫ਼ਤਹਿਵੀਰ ਵੀਰਵਾਰ 6 ਜੂਨ ਨੂੰ ਖ਼ੇਡਦੇ ਹੋਏ ਇਸ ਬਿਨਾਂ ਢਕੇ ਹੋਏ ਬੋਰਵੈਲ ਵਿਚ ਜਾ ਡਿੱਗਾ ਸੀ।
ਕਦੇ 200 ਫੁੱਟ ਕਦੇ ਕੁਝ ਤੇ ਕਦੇ ਕੁਝ ਹੇਠਾਂ ਬੱਚੇ ਨੂੰ ਫ਼ਸੇ ਹੋਏ ਦੱਸਿਆ ਗਿਆ ਪਰ ਪਤਾ ਲੱਗਾ ਹੈ ਕਿ ਫ਼ਤਹਿਵੀਰ 110 ਫੁੱਟ ਦੀ ਡੂੰਘਾਈ ’ਤੇ ਇਸ 9 ਇੰਚੀ ਡਾਇਮੀਟਰ ਵਾਲੇ ਬੋਰਵੈਲ ਵਿਚ ਫ਼ਸਿਆ ਹੋਇਆ ਸੀ।
ਜਿਵੇਂ ਹੀ ਐਨ.ਡੀ.ਆਰ.ਐਫ. ਦੀ ਟੀਮ ਨੇ ਫ਼ਤਹਿਵੀਰ ਨੂੰ ਬਾਹਰ ਕੱਢਿਆ ਤਾਂ ਮੌਕੇ ’ਤੇ ਮੌਜੂਦ ਡਾਕਟਰੀ ਟੀਮ ਐਂਬੂਲੈਂਸ ਵਿਚ ਉਸਨੂੰ ਲੈ ਕੇ ਰਵਾਨਾ ਹੋ ਗਈ ਪਰ ਭਾਣਾ ਵਾਪਰ ਚੁੱਕਾ ਸੀ।