22.1 C
Delhi
Friday, March 29, 2024
spot_img
spot_img

ਜ਼ਿਲ੍ਹੇ ਨੂੰ ਜਲ ਸੰਭਾਲ ਵਿੱਚ ਰਾਸ਼ਟਰੀ ਪੁਰਸਕਾਰ, ਉੱਤਰੀ ਜ਼ੋਨ ਵਿੱਚ ਸਰਵੋਤਮ ਦੂਜੇ ਜ਼ਿਲ੍ਹੇ ਵਜੋਂ ਕੀਤਾ ਗਿਆ ਸਨਮਾਨਿਤ

ਯੈੱਸ ਪੰਜਾਬ
ਨਵਾਂਸ਼ਹਿਰ, 29 ਮਾਰਚ, 2022:
ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਮੰਗਲਵਾਰ ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਤੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਪਾਣੀ ਦੀ ਸੰਭਾਲ ਲਈ ਅਣਥੱਕ ਯਤਨ ਕਰਨ ਲਈ ਵੱਕਾਰੀ ਰਾਸ਼ਟਰੀ ਪੁਰਸਕਾਰ ਪ੍ਰਾਪਤ ਕੀਤਾ।

ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨੂੰ ਜਲ ਸ਼ਕਤੀ /ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਵਿਭਾਗ ਦੁਆਰਾ ਤੀਜੇ ਰਾਸ਼ਟਰੀ ਜਲ ਪੁਰਸਕਾਰਾਂ ਲਈ ਉੱਤਰੀ ਜ਼ੋਨ ਵਿੱਚ ਸਭ ਤੋਂ ਵਧੀਆ ਦੂਜਾ ਜ਼ਿਲ੍ਹਾ ਚੁਣਿਆ ਗਿਆ ਹੈ।

ਇਸ ਐਵਾਰਡ ਨੂੰ ਜ਼ਿਲ੍ਹੇ ਦੇ ਲੋਕਾਂ ਅਤੇ ਪ੍ਰਸ਼ਾਸਨ ਲਈ ਗੌਰਵਮਈ ਅਤੇ ਇਤਿਹਾਸਕ ਪਲ ਕਰਾਰ ਦਿੰਦਿਆਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਨਵਾਂਸ਼ਹਿਰ ਪੰਜਾਬ ਦਾ ਇਕਲੌਤਾ ਜ਼ਿਲ੍ਹਾ ਹੈ, ਜਿਸ ਨੂੰ ਅੱਜ ਇਹ ਸਨਮਾਨ ਮਿਲਿਆ ਹੈ।

ਉਨ੍ਹਾਂ ਕਿਹਾ ਕਿ ਇਹ ਐਵਾਰਡ ਉਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਅਤੇ ਸੁਹਿਰਦ ਲੋਕਾਂ ਦਾ ਸਨਮਾਨ ਹੈ, ਜਿਨ੍ਹਾਂ ਨੇ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਬਚਾਉਣ ਅਤੇ ਪਾਣੀ ਦੀ ਸੰਭਾਲ ਲਈ ਜ਼ਿਲ੍ਹੇ ਵਿੱਚ ਲੋਕ ਲਹਿਰ ਚਲਾਉਣ ਲਈ ਜੋਸ਼ ਨਾਲ ਕੰਮ ਕੀਤਾ ਹੈ।

ਸ੍ਰੀ ਸਾਰੰਗਲ ਨੇ ਦੱਸਿਆ ਕਿ ਇਸ ਮਾਣਮੱਤੇ ਸਫ਼ਰ ਨੂੰ ਤੈਅ ਕਰਨ ਲਈ ਜ਼ਿਲ੍ਹੇ ਨੇ ਨਦੀਆਂ/ਪਾਣੀ ਦੇ ਸੋਮਿਆਂ ਨੂੰ ਪੁਨਰ ਸੁਰਜੀਤ ਕਰਨ ਅਤੇ ਕੰਢਿਆਂ ਦੀ ਮੁਰੰਮਤ ਅਤੇ ਚਰਾਣ ਡਰੇਨ, ਰਾਹੋਂ ਡਰੇਨ, ਫਾਂਬੜਾ ਡਰੇਨ, ਈਸਟ ਬੇਈਂ ਡਰੇਨ, ਲੰਗੜੋਆ ਡਰੇਨ, ਸਿੰਬਲੀ ਡਰੇਨ, ਬੜਵਾ ਡਰੇਨ, ਟੋਂਸਾ ਚੋਅ ਅਤੇ ਬੰਗਾ-ਗੋਪਾਲਪੁਰ ਡਰੇਨ ਦੀ ਸਫ਼ਾਈ ’ਤੇ ਆਪਣਾ ਮੁੱਖ ਧਿਆਨ ਕੇਂਦਰਿਤ ਕੀਤਾ ਹੈ।

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਬਣਾਵਟੀ ਰੀਚਾਰਜ ਢਾਂਚੇ ਬਣਾਉਣ, ਮੌਜੂਦਾ ਰੀਚਾਰਜ ਸਿਸਟਮ, ਰੇਤ (ਸਿਲਟ) ਨੂੰ ਰੋਕਣ ਵਾਲੇ ਢਾਂਚੇ, ਸਿੰਚਾਈ ਲਈ ਪਾਣੀ ਦੀ ਕੁਸ਼ਲ ਵਰਤੋਂ ਅਤੇ ਵੰਡ ਨੂੰ ਯਕੀਨੀ ਬਣਾਉਣ ਲਈ ਖੇਤੀਬਾੜੀ ਲਈ ਪਾਈਪਲਾਈਨ ਪ੍ਰਣਾਲੀ ਅਪਣਾਉਣ, ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ, ਤੁਪਕਾ/ਫੁਹਾਰਾ ਸਿੰਚਾਈ ਪ੍ਰਣਾਲੀ, ਛੱਤਾਂ ’ਤੇ ਬਰਸਾਤੀ ਪਾਣੀ ਨੂੰ ਜ਼ਮੀਨ ’ਚ ਲਿਜਾਣ ਲਈ ਰੂਫ਼ਟਾਪ ਵਾਟਰ ਹਾਰਵੈਸਟਿੰਗ ਸਿਸਟਮ, ਸਕੂਲਾਂ ਵਿੱਚ ਗਲਣਸ਼ੀਲ ਸਮੱਗਰੀ ਲਈ ਸੋਕ ਪਿੱਟਸ ਬਣਾਉਣਾ, ਸ਼ਹਿਰ ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ, ਪਿੰਡਾਂ ਵਿੱਚ ਛੱਪੜਾਂ ਨੂੰ ਸੀਚੇਵਾਲ ਮਾਡਲ ’ਤੇ ਵਿਕਸਿਤ ਕਰਨਾ, ਵਿਆਪਕ ਪੱਧਰ ’ਤੇ ਬੂਟੇ ਲਗਾਉਣ ਦੀ ਮੁਹਿੰਮ, ਪੰਚਾਇਤਾਂ ਅਤੇ ਸ਼ਹਿਰੀ ਸੰਸਥਾਂਵਾਂ ਨਾਲ ਜਲ ਅੰਦੋਲਨ ਮੀਟਿੰਗਾਂ ਕਰਕੇ ਜਾਗਰੂਕ ਕਰਨਾ, ਸਕੂਲਾਂ ਵਿੱਚ ਜਲ ਸੰਭਾਲ ਮੁਕਾਬਲੇ ਅਤੇ ਹੋਰ ਤਰੀਕਿਆਂ ਨਾਲ ਇਸ ਦਿਸ਼ਾ ਵਿੱਚ ਸਮਾਜਿਕ ਲਹਿਰ ਚਲਾ ਕੇ ਸਾਰਥਕ ਨਤੀਜੇ ਯਕੀਨੀ ਬਣਾਉਣ ਆਦਿ ’ਤੇ ਜ਼ੋਰ ਦਿੱਤਾ।

ਉਨ੍ਹਾਂ ਦੱਸਿਆ ਕਿ ਜਲ ਸੰਭਾਲ ਮੁਹਿੰਮ ਤਹਿਤ ਹੀ ਜ਼ਿਲ੍ਹੇ ਵਿੱਚ ਪ੍ਰਸ਼ਾਸਨ ਨੇ 25 ਛੱਪੜਾਂ ਤੋਂ ਕਬਜ਼ੇ ਹਟਾਏ ਅਤੇ ਛੱਪੜਾਂ ਦੇ ਆਲੇ-ਦੁਆਲੇ 122 ਦੀਵਾਰਾਂ ਬਣਾਈਆਂ ਹਨ।

ਸ੍ਰੀ ਸਾਰੰਗਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹੁਣ ਭਵਿੱਖ ਵਿੱਚ ਹੋਰ ਵੀ ਨਿਮਰਤਾ ਅਤੇ ਲਗਨ ਨਾਲ ਲੋਕਾਂ ਦੀ ਸੇਵਾ ਕਰਨ ਲਈ ਹੋਰ ਉਪਰਾਲੇ ਕਰੇਗਾ ਅਤੇ ਉਨ੍ਹਾਂ ਨੂੰ ਲੋਕ ਹਿੱਤੂ ਮੁਹਿੰਮਾਂ ਜਿਵੇਂ ਜਲ ਸੰਭਾਲ, ਵਾਤਾਵਰਣ ਸੰਭਾਲ ਆਦਿ ਨਾਲ ਜੋੜੇਗਾ।

ਉਨ੍ਹਾਂ ਕਿਹਾ ਕਿ ਇਹ ਐਵਾਰਡ ਲੋਕਾਂ ਨੂੰ ਗੰਭੀਰ ਜਨਤਕ ਮਹੱਤਤਾ ਵਾਲੇ ਮੁੱਦਿਆਂ ਬਾਰੇ ਹੋਰ ਸਾਰਥਿਕ ਢੰਗ ਨਾਲ ਜਾਗਰੂਕ ਕਰਨ ਵਿੱਚ ਵੀ ਸਹਾਈ ਹੋਵੇਗਾ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਾਣੀ ਦੀ ਬੱਚਤ ਅਤੇ ਵਾਤਾਵਰਣ ਦੀ ਸੰਭਾਲ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਪੀਣ ਲਈ ਸ਼ੁੱਧ ਪਾਣੀ ਪ੍ਰਾਪਤ ਕਰ ਸਕਣ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION