ਯੈੱਸ ਪੰਜਾਬ
ਨਵੀਂ ਦਿੱਲੀ, 4 ਨਵੰਬਰ, 2019:
ਗਾਇਕੀ ਤੋਂ ਰਾਜਨੀਤੀ ਵਿਚ ਆਏ ਸੂਫ਼ੀ ਗਾਇਕ ਅਤੇ ਭਾਜਪਾ ਦੇ ਲੋਕ ਸਭਾ ਮੈਂਬਰ ਪਦਸ਼੍ਰੀ ਹੰਸ ਰਾਜ ਹੰਸ ਦੇ ਦਿੱਲੀ ਸਥਿਤ ਦਫ਼ਤਰ ਦੇ ਬਾਹਰ ਅੱਜ ਇਕ ਅਣਪਛਾਤੇ ਵਿਅਕਤੀ ਵੱਲੋਂ ਫ਼ਾਇਰਿੰਗ ਕੀਤੀ ਗਈ ਪਰ ਇਸ ਵਿਚ ਕਿਸੇ ਦੇ ਵੀ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ।
ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਸਨੇ ਹਮਲਾਵਰ ਦੀ ਪਛਾਣ ਕਰ ਲਈ ਹੈ।
ਘਟਨਾ ਹੰਸ ਰਾਜ ਹੰਸ ਦੇ ਦਿੱਲੀ ਵਿਚ ਰੋਹਨੀ ਸਥਿਤ ਦਫ਼ਤਰ ਵਿਖ਼ੇ ਵਾਪਰੀ ਜਿਹੜਾ ਅੱਜ ਸੰਜੋਗਵੱਸ਼ ਬੰਦ ਸੀ।
ਕਾਰ ਵਿਚ ਆਏ ਇਕ ਵਿਅਕਤੀ, ਜਿਸ ਬਾਰੇ ਦੱਸਿਆ ਗਿਆ ਹੈ ਕਿ ਉਸਨੇ ਕੁਰਤਾ ਪਜਾਮਾ ਅਤੇ ਭਗਵਾ ਕੁਰਤਾ ਪਾਇਆ ਹੋਇਆ ਸੀ, ਨੇ ਦਫ਼ਤਰ ਦੇ ਬਾਹਰ ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਫ਼ਰਾਰ ਹੋਣ ਵਿਚ ਸਫ਼ਲ ਹੋ ਗਿਆ।
ਜ਼ਿਕਰਯੋਗ ਹੈ ਕਿ 2016 ਵਿਚ ਭਾਜਪਾ ਵਿਚ ਸ਼ਾਮਿਲ ਹੋਏ ਹੰਸ ਰਾਜ ਹੰਸ ਨੇ ਦਿੱਲੀ ਦੀ ਉੱਤਰ ਪੱਛਮ ਸੀਟ ਤੋਂ ਪਾਰਲੀਮਾਨੀ ਚੋਣ ਲੜਦਿਆਂ ‘ਆਮ ਆਦਮੀ ਪਾਰਟੀ’ ਦੇ ਉਮੀਦਵਾਰ ਨੂੰ 6 ਲੱਖ ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ।
ਰੋਹਿਨੀ ਦੇ ਡੀ.ਸੀ.ਪੀ. ਸ੍ਰੀ ਐਸ.ਡੀ.ਮਿਸ਼ਰਾ ਦਾ ਕਹਿਣਾ ਹੈ ਕਿ ਹਮਲਾਵਰ ਦੀ ਪਛਾਣ ਕਰ ਲਈ ਗਈ ਹੈ ਅਤੇ ਉਸਦੀ ਭਾਲ ਕੀਤੀ ਜਾ ਰਹੀ ਹੈ।