ਅੱਜ-ਨਾਮਾ
ਹੋ ਗਿਆ ਸੈਸ਼ਨ ਹੈ ਸ਼ੁਰੂ ਅਸੰਬਲੀ ਦਾ,
ਪੂਰਾ ਹਫਤਾ ਹੀ ਪੈਣੀ ਆ ਖੱਪ ਮਿੱਤਰ।
ਹੰਗਾਮਾ ਕਰ-ਕਰ ਕੇ ਧਿਰ ਵਿਰੋਧ ਵਾਲੀ,
ਕਰਦੀ ਰਹਿਣਾ ਹੈ ਕੰਮ ਸਭ ਠੱਪ ਮਿੱਤਰ।
ਆਏ ਬੱਜਟ ਦੀ ਕਿਸੇ ਨਾ ਗੱਲ ਕਰਨੀ,
ਰੌਲਾ ਹੋਊਗਾ ਡਾਊਨ ਜਾ ਅੱਪ ਮਿੱਤਰ।
ਮੈਂਬਰ ਇੰਨੇ ਸਰਕਾਰ ਦੀ ਤਰਫ ਲੱਭਦੇ,
ਵਿਰੋਧੀ ਧਿਰਾਂ ਨੂੰ ਰੱਖਣਗੇ ਨੱਪ ਮਿੱਤਰ।
ਬਹਿਸ ਹੋਊ ਰਿਵਾਇਤ ਦੇ ਵਾਂਗ ਮਿੱਤਰ,
ਨੁਕਤਾ ਲੱਭਣਾ ਕੋਈ ਨਹੀਂ ਖਾਸ ਮਿੱਤਰ।
ਮਿਹਣੇਬਾਜ਼ੀ ਨਹੀਂ ਹੁੰਦੀ ਨੇ ਰੋਕ ਸਕਣਾ,
ਬੱਜਟ ਹੋਣਾ ਆਵਾਜ਼ ਨਾਲ ਪਾਸ ਮਿੱਤਰ।
-ਤੀਸ ਮਾਰ ਖਾਂ
ਮਾਰਚ 02, 2021