30.6 C
Delhi
Thursday, April 25, 2024
spot_img
spot_img

ਹੋਰ ਗੁਰਧਾਮਾਂ ਦੇ ਦਰਸ਼ਨਾਂ ਦਾ ਮਾਮਲਾ ਪਾਕਿਸਤਾਨ ਕੋਲ ਉਠਾਉਣ ਲਈ ਮੋਦੀ ਤਾਂਈਂ ਪਹੁੰਚ ਕਰਾਂਗਾ: ਕੈਪਟਨ

ਚੰਡੀਗੜ੍ਹ/ਸੁਲਤਾਨਪੁਰ ਲੋਧੀ, 12 ਨਵੰਬਰ, 2019:

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਲਾਨ ਕੀਤਾ ਕਿ ਭਾਰਤੀ ਸ਼ਰਧਾਲੂਆਂ ਨੂੰ ਸਰਹੱਦ ਪਾਰ ਹੋਰ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਦੀ ਖੁੱਲ੍ਹ ਦੇਣ ਦਾ ਮਸਲਾ ਪਾਕਿਸਤਾਨ ਸਰਕਾਰ ਕੋਲ ਉਠਾਉਣ ਲਈ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੋਲ ਪਹੁੰਚ ਕਰਨਗੇ।

ਮੁੱਖ ਮੰਤਰੀ ਨੇ ਇਹ ਐਲਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕੀਤਾ ਅਤੇ ਇਸ ਮੌਕੇ ਕਰਵਾਏ ਸਮਾਗਮ ਵਿੱਚ ਮੁੱਖ ਮੰਤਰੀ ਨਾਲ ਮੁਲਕ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੀ ਸ਼ਾਮਲ ਹੋਏ। ਅੱਜ ਇੱਥੇ ਗੁਰਪੁਰਬ ਮੌਕੇ ਕਰਵਾਏ ਰਾਜ ਪੱਧਰ ਸਮਾਗਮ ਦੌਰਾਨ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਸਮੇਤ ਉੱਘੀਆਂ ਸ਼ਖਸੀਅਤਾਂ ਸ਼ਾਮਲ ਹੋਈਆਂ।

ਇਸ ਮੌਕੇ ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਦਰਸ਼ਾਂ ਮੁਤਾਬਕ ਸੱਚੀ ਭਾਵਨਾ ਨਾਲ ਸੇਵਾਵਾਂ ਨਿਭਾਉਣ ਵਾਲੇ ਪੁਲੀਸ ਮੁਲਾਜ਼ਮਾਂ ਨੂੰ ‘ਪ੍ਰਕਾਸ਼ ਪੁਰਬ ਤਗਮੇ (ਮੈਡਲ)’ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੀਤੇ ਸਾਲ ਸ਼ੁਰੂ ਹੋਏ ਸਮਾਗਮਾਂ ਨੂੰ ਨਵੰਬਰ, 2020 ਤੱਕ ਜਾਰੀ ਰੱਖਿਆ ਜਾਵੇਗਾ।

ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਤਿਹਾਸਕ ਮੌਕੇ ‘ਤੇ 550 ਕੈਦੀਆਂ ਦੀ ਅਗਾਊਂ ਰਿਹਾਈ ਕਰਨ ਦਾ ਫੈਸਲਾ ਕੀਤਾ ਹੈ ਅਤੇ ਇਨ੍ਹਾਂ ਵਿੱਚੋਂ 450 ਕੈਦੀਆਂ ਨੂੰ ਰਿਹਾਅ ਕੀਤਾ ਜਾ ਚੁੱਕਾ ਹੈ ਜਦਕਿ ਬਾਕੀਆਂ ਨੂੰ ਅਗਲੇ ਕੁਝ ਮਹੀਨਿਆਂ ਤੱਕ ਰਿਹਾਅ ਕੀਤਾ ਜਾਵੇਗਾ।

ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਉਣ ਉਪਰੰਤ ਧਾਰਮਿਕ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਦੇਸ਼-ਵਿਦੇਸ਼ ਤੋਂ ਧਾਰਮਿਕ ਉਤਸ਼ਾਹ ਅਤੇ ਪੂਰੇ ਜਾਹੋ-ਜਲਾਲ ਸੁਲਤਾਨਪੁਰ ਲੋਧੀ ਵਿਖੇ ਨਤਮਸਤਕ ਹੋਣ ਪਹੁੰਚੀ ਲੱਖਾਂ ਦੀ ਗਿਣਤੀ ਵਿੱਚ ਸੰਗਤ ਦਾ ਸਵਾਗਤ ਕੀਤਾ। ਇੱਥੇ ‘ਗੁਰੂ ਨਾਨਕ ਦਰਬਾਰ ਪੰਡਾਲ’ ਵਿਖੇ ਪੰਜਾਬ ਦੇ ਲੋਕਾਂ ਦੀ ਤਰਫੋਂ ਸ੍ਰੀ ਸਹਿਜ ਪਾਠ ਦਾ ਪ੍ਰਕਾਸ਼ ਪੰਜਾਬ ਸਰਕਾਰ, ਸੰਤ ਸਮਾਜ ਅਤੇ ਵੱਖ-ਵੱਖ ਧਾਰਮਿਕ ਜਥੇਬੰਦੀਆਂ ਵੱਲੋਂ 5 ਨਵੰਬਰ ਨੂੰ ਕਰਵਾਇਆ ਗਿਆ ਸੀ।

ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰਨ ਦੀ ਆਗਿਆ ਦੇਣ ਵਿੱਚ ਪੂਰਨ ਸਹਿਯੋਗ ਦੇਣ ਲਈ ਮੁੱਖ ਮੰਤਰੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਇਕ ਵਾਰ ਫਿਰ ਧੰਨਵਾਦ ਕੀਤਾ।

ਕੈਪਟਨ ਅਮਰਿੰਦਰ ਸਿੰਘ ਨੇ ਉਮੀਦ ਜ਼ਾਹਰ ਕੀਤੀ ਕਿ ਭਾਰਤੀ ਸ਼ਰਧਾਲੂਆਂ ਨੂੰ ਪਾਕਿਸਤਾਨ ਵਿੱਚ ਅਜਿਹੇ ਬਾਕੀ ਗੁਰਧਾਮਾਂ ਦੇ ਦਰਸ਼ਨ-ਦੀਦਾਰੇ ਕਰਨ ਦੀ ਵੀ ਖੁੱਲ੍ਹ ਮਿਲੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਸਥਿਤ ਪੰਜਾ ਸਾਹਿਬ ਅਤੇ ਨਨਕਾਣਾ ਸਾਹਿਬ ਵਰਗੇ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾਂ ਲਈ ਸਿੱਖ ਭਾਈਚਾਰੇ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਮਦਦ ਕਰਨ ਲਈ ਇਮਰਾਨ ਖਾਨ ਕੋਲ ਇਸ ਮਸਲੇ ਨੂੰ ਉਠਾਉਣ ਵਾਸਤੇ ਉਹ ਸ੍ਰੀ ਮੋਦੀ ਕੋਲ ਪਹੁੰਚ ਕਰਨਗੇ।

ਕੈਪਟਨ ਅਮਰਿੰਦਰ ਸਿੰਘ ਨੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਨੂੰ ਸਫਲ ਬਣਾਉਣ ਲਈ ਕੇਂਦਰ ਸਰਕਾਰ ਵੱਲੋਂ ਦਿੱਤੇ ਸਹਿਯੋਗ ਦਾ ਜ਼ਿਕਰ ਕਰਦਿਆਂ ਖੁਸ਼ੀ ਜ਼ਾਹਰ ਕੀਤੀ ਕਿ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਜੁੜੇ ਲੋਕਾਂ ਨੇ ਇਨ੍ਹਾਂ ਸਮਾਗਮਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲਿਆ ਜੋ ਪਹਿਲੀ ਪਾਤਸ਼ਾਹੀ ਜੀ ਨੂੰ ਸੱਚੀ ਸ਼ਰਧਾਂਜਲੀ ਹੈ ਜਿਨ੍ਹਾਂ ਨੇ ਸਦਾ ਹੀ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ।

Îਮੁੱਖ ਮੰਤਰੀ ਨੇ ਕਿਹਾ ਕਿ ਨਾਨਕ ਲੇਵਾ ਸੰਗਤ ਸਿਰਫ ਪੰਜਾਬ ਤੇ ਭਾਰਤ ਵਿੱਚ ਹੀ ਨਹੀਂ ਸਗੋਂ ਸੰਸਾਰ ਭਰ ਵਿੱਚ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ‘ਤੇ ਜ਼ੋਰ ਦਿੰਦਿਆਂ ਗੁਰੂ ਸਾਹਿਬ ਜੀ ਦੇ ਪ੍ਰਵਚਨ ‘ਵਿਦਿਆ ਵੀਚਾਰੀ ਤਾਂ ਪਰਉਪਕਾਰੀ£’ ਦੇ ਮੁਤਾਬਕ ਸਿੱਖਿਆ ਦੇ ਮਹੱਤਵ ਨੂੰ ਦਰਸਾਇਆ। ਉਨ੍ਹਾਂ ਨੇ ਸਾਰਿਆਂ ਨੂੰ ਮਹਾਨ ਗੁਰੂ ‘ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ’ ਦੇ ਸੰਦੇਸ਼ ਨੂੰ ਅਪਨਾਉਣ ਦਾ ਸੱਦਾ ਦਿੱਤਾ।

Îਮੁੱਖ ਮੰਤਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ‘ਪਵਣ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ£’ ਦੀ ਅਹਿਮੀਅਤ ਨੂੰ ਦਰਸਾਉਂਦਿਆਂ ਕਿਹਾ ਕਿ ਸਾਡੀਆਂ ਭਵਿੱਖੀ ਪੀੜ੍ਹੀਆਂ ਲਈ ਵਾਤਾਵਰਣ ਦੀ ਰਾਖੀ ਕੀਤੀ ਜਾਵੇ। ਉਨ੍ਹਾਂ ਨੇ ਤੇਜ਼ੀ ਨਾਲ ਡਿੱਗ ਰਹੇ ਧਰਤੀ ਹੇਠਲੇ ਪਾਣੀ ਦੀ ਸੁਚੱਜੀ ਵਰਤੋਂ ਕਰਨ, ਪਰਾਲੀ ਨਾ ਸਾੜਣ ਅਤੇ ਖਾਦਾਂ ਤੇ ਕੀਟਨਾਸ਼ਕਾਂ ਦੀ ਬੇਲੋੜੀ ਵਰਤੋਂ ਨਾ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਸਾਰਿਆਂ ਨੂੰ ਕੁਦਰਤ ਅਤੇ ਕੁਦਰਤੀ ਵਸੀਲਿਆਂ ਦੀ ਸੰਭਾਲ ਕਰਨ ਦੀ ਅਪੀਲ ਕੀਤੀ ਤਾਂ ਕਿ ਪੰਜਾਬ ਨੂੰ ਹਰਿਆ-ਭਰਿਆ ਤੇ ਪ੍ਰਦੂਸ਼ਣ ਮੁਕਤ ਬਣਾਇਆ ਜਾ ਸਕੇ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 550ਵੇਂ ਪ੍ਰਕਾਸ਼ ਪੁਰਬ ਸਮਾਗਮ ਮਨਾਉਣ ਲਈ ਸੂਬਾ ਸਰਕਾਰ ਵੱਲੋਂ ਲਾਗੂ ਕੀਤੇ ਗਏ ਕੁਝ ਵੱਡੇ ਪ੍ਰੋਜੈਕਟਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਵਿੱਚ ਖਾਸਕਰ ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਵਿਖੇ ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਵਿਖੇ ਮੁਢਲੇ ਢਾਂਚੇ ਦਾ ਵਿਕਾਸ, ਭਾਰਤ ਸਰਕਾਰ ਦੀ ਮਦਦ ਨਾਲ ਸੁਲਤਾਨਪੁਰ ਲੋਧੀ ਨੂੰ ਵਿਰਾਸਤੀ ਸ਼ਹਿਰ ਦੀ ਦਿੱਖ ਦੇਣਾ, ਦੋਵਾਂ ਸ਼ਹਿਰਾਂ ਵਿੱਚ ਟੈਂਟ ਸਿਟੀ ਸਥਾਪਤ ਕਰਨਾ, ਆਵਾਜ਼ ਤੇ ਰੌਸ਼ਨੀ ਦੇ ਸ਼ੋਅ, ਸਤਲੁਜ ਤੇ ਬਿਆਸ ਦਰਿਆਵਾਂ ਵਿੱਚ ਤੈਰਦੇ ਆਵਾਜ਼ ਤੇ ਰੌਸ਼ਨੀ ਸ਼ੋਅ, ਪ੍ਰਦਰਸ਼ਨੀਆਂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੰਤਰ-ਧਰਮ ਸੰਮੇਲਨ, ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਨਵੀਂ ਓਪਨ ਯੂਨੀਵਰਸਿਟੀ ਸਥਾਪਤ ਕਰਨਾ, ਵੱਖ-ਵੱਖ ਯੂਨੀਵਰਸਿਟੀਆਂ ਵਿਚ ਗੁਰੂ ਨਾਨਕ ਚੇਅਰ ਸਥਾਪਤ ਕਰਨਾ ਅਤੇ ਮੱਲਾਂ ਮਾਰਨ ਵਾਲੇ ਪੰਜਾਬੀਆਂ ਦਾ ਸਨਮਾਨ ਆਦਿ ਸ਼ਾਮਲ ਹੈ।

ਉਨ੍ਹਾਂ ਨੇ ਇਨ੍ਹਾਂ ਸਮਾਗਮਾਂ ਦੀ ਕਾਮਯਾਬੀ ਲਈ ਸਾਲ ਤੋਂ ਵੀ ਵੱਧ ਸਮੇਂ ਤੋਂ ਕੰਮ ਕਰ ਰਹੇ ਪੰਜਾਬ ਸਰਕਾਰ ਦੇ ਮੰਤਰੀਆਂ, ਵਿਧਾਇਕਾਂ, ਅਧਿਕਾਰੀਆਂ, ਇੰਜੀਨੀਅਰਾਂ, ਕਾਮਿਆਂ ਅਤੇ ਹੋਰਨਾਂ ਨੂੰ ਕਾਮਯਾਬੀ ਲਈ ਵਧਾਈ ਦਿੱਤੀ।

ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਜਿਨ੍ਹਾਂ ਦਾ ਮੁੱਖ ਮੰਤਰੀ ਤੇ ਰਾਜਪਾਲ ਨੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਵਿੱਚ ਸ਼ਿਰਕਤ ਕਰਨ ਲਈ ਸੁਲਤਾਨਪੁਰ ਲੋਧੀ ਪੁੱਜਣ ‘ਤੇ ਹੈਲੀਪੈਡ ਉਪਰ ਨਿੱਘਾ ਸਵਾਗਤ ਕੀਤਾ, ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪਿਆਰ, ਸ਼ਾਂਤੀ, ਸਦਭਾਵਨਾ, ਸਮਾਨਤਾ, ਦਇਆ ਤੇ ਧਾਰਮਿਕ ਸਹਿਣਸ਼ੀਲਤਾ ਦਾ ਮੋਢੀ ਆਖਿਆ।

ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਸਰਲ ਤੇ ਸਪੱਸ਼ਟ ਬਾਣੀ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਫਲਸਫੇ ਦਾ ਪ੍ਰਚਾਰ ਤੇ ਪਸਾਰ ਕਰਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਜੀ ਨੂੰ ਸੱਚੀ ਅਕੀਦਤ ਇਹੋ ਹੈ ਕਿ ਸਿੱਖਿਆਵਾਂ ਤੇ ਫਲਸਫੇ ਉਤੇ ਚੱਲਦਿਆਂ ਸਰਬੱਤ ਦੇ ਭਲੇ ਲਈ ਕੰਮ ਕੀਤਾ ਜਾਵੇ।

ਉਨ੍ਹਾਂ ਪਹਿਲੀ ਪਾਤਸ਼ਾਹੀ ਨੂੰ ਸਾਂਝੀ ਧਰੋਹਰ ਦੱਸਿਆ ਜਿਹੜੇ ਹਰੇਕ ਦੇ ਸਰਬ ਸਾਂਝੇ ਗੁਰੂ ਹਨ। ਰਾਸ਼ਟਰਪਤੀ ਨੇ ਪੰਜਾਬ ਦੇ ਮੁੱਖ ਮੰਤਰੀ ਦਾ ਇਸ ਇਤਿਹਾਸਕ ਸਮਾਗਮ ਲਈ ਸੱਦਾ ਪੱਤਰ ਦੇਣ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।

ਪੰਜਾਬ ਦੇ ਮੁੱਖ ਮੰਤਰੀ ਨੇ ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੇ ਰਾਜਪਾਲ ਵੀ.ਪੀ.ਸਿੰਘ ਬਦਨੌਰ ਦੇ ਨਾਲ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਸ੍ਰੀ ਸਾਹਿਬ, ਯਾਦਗਾਰੀ ਸਿੱਕੇ, ਸਨਮਾਨ ਚਿੰਨ੍ਹ, ਸ਼ਾਲ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਅਤੇ ਸਿੱਖਿਆਵਾਂ ‘ਤੇ ਆਧਾਰਿਤ ਕਿਤਾਬਾਂ ਦੇ ਸੈੱਟ ਨਾਲ ਸਨਮਾਨਿਤ ਕੀਤਾ।

ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਨੇ ਦੇਸ਼ ਦੀ ਪ੍ਰਥਮ ਮਹਿਲਾ ਸਵਿਤਾ ਕੋਵਿੰਦ ਨੂੰ ਸਨਮਾਨਿਤ ਕੀਤਾ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੰਤ ਸਮਾਜ ਦੇ ਆਗੂਆਂ ਅਤੇ ਵੱਖ-ਵੱਖ ਧਾਰਮਿਕ ਜਥੇਬੰਦੀਆਂ ਅਤੇ ਸੰਪਰਦਾਵਾਂ ਦੇ ਸੰਤ ਮਹਾਂਪੁਰਸ਼ਾਂ ਦਾ ਸਨਮਾਨ ਕੀਤਾ।

ਇਸ ਤੋਂ ਪਹਿਲਾਂ ਅੱਜ ਸਵੇਰੇ ਮੁੱਖ ਮੰਤਰੀ ਨੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਰੁਮਾਲਾ ਸਾਹਿਬ, ਚੌਰ ਸਾਹਿਬ ਭੇਟ ਕਰਦਿਆਂ ਕੜਾਹ-ਪ੍ਰਸ਼ਾਦ ਦੀ ਦੇਗ ਚੜ੍ਹਾਈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਮੁੱਖ ਮੰਤਰੀ ਨੂੰ ਸਿਰੋਪਾਓ ਬਖਸ਼ਿਸ਼ ਕੀਤਾ।

ਮੁੱਖ ਮੰਤਰੀ ਗੁਰਦੁਆਰਾ ਸਾਹਿਬ ਵਿਖੇ ਪੁੱਜੀ ਸੰਗਤ ਨੂੰ ਨਿੱਜੀ ਤੌਰ ‘ਤੇ ਮਿਲੇ ਅਤੇ ਉਨ੍ਹਾਂ ਨੂੰ 550ਵੇਂ ਪ੍ਰਕਾਸ਼ ਪੁਰਬ ਦੀ ਵਧਾਈ ਵੀ ਦਿੱਤੀ ਜਿਸ ਦੇ ਜਵਾਬ ਵਿੱਚ ਸੰਗਤ ਨੇ ਖਾਲਸਾਈ ਜਾਹੋ-ਜਲਾਲ ਨਾਲ ਜੈਕਾਰਿਆਂ ਦੀ ਗੂੰਜ ਵਿੱਚ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਆਖ ਕੇ ਵਧਾਈ ਕਬੂਲੀ।

ਇਸ ਮੌਕੇ ਸੰਸਦ ਮੈਂਬਰ ਪਰਨੀਤ ਕੌਰ, ਮੁੱਖ ਮੰਤਰੀ ਦੇ ਨਾਲ ਕੁੱਲ ਹਿੰਦ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਆਸ਼ਾ ਕੁਮਾਰੀ, ਕੈਬਨਿਟ ਮੰਤਰੀ ਓ.ਪੀ.ਸੋਨੀ ਤੇ ਸੁੰਦਰ ਸ਼ਾਮ ਅਰੋੜਾ, ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਵਿਧਾਇਕ ਰਾਣਾ ਗੁਰਜੀਤ ਸਿੰਘ ਵੀ ਹਾਜ਼ਰ ਸਨ।

ਗੁਰੂ ਨਾਨਕ ਦਰਬਾਰ ਪੰਡਾਲ ਵਿਖੇ ਮੁੱਖ ਸਮਾਗਮ ਵਿੱਚ ਸੱਭਿਆਚਾਰ ਤੇ ਸੈਰ ਸਪਾਟਾ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੇਸ਼ ਦੇ ਰਾਸ਼ਟਰਪਤੀ ਸਣੇ ਪੁੱਜੀਆਂ ਸਮੂਹ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਜੀ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਸੰਤ ਸਮਾਜ ਦੀ ਰਹਿਨੁਮਾਈ ਤੇ ਸੰਗਤਾਂ ਦੇ ਸਹਿਯੋਗ ਨਾਲ ਪ੍ਰਕਾਸ਼ ਪੁਰਬ ਸਮਾਗਮ ਨੇਪਰੇ ਚਾੜ੍ਹੇ ਗਏ।

ਅੰਤ ਵਿੱਚ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਅਤੇ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਸਮੁੱਚੀ ਸਾਧ ਸੰਗਤ ਦਾ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਵਿੱਚ ਹੁੰਮ-ਹੁਮਾ ਕੇ ਪੁੱਜਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੰਤ ਸਮਾਜ ਦੇ ਰਿਣੀ ਹੈ ਜਿਨ੍ਹਾਂ ਨੇ ਇਸ ਮਹਾਨ ਸਮਾਗਮ ਲਈ ਹਰੇਕ ਤਰ੍ਹਾਂ ਨਾਲ ਸਹਿਯੋਗ ਦਿੱਤਾ।

ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸੁਲਤਾਨਪੁਰ ਲੋਧੀ ਦੇ ਸਰਵਪੱਖੀ ਵਿਕਾਸ ਲਈ ਮੁੱਖ ਮੰਤਰੀ ਜੀ ਦਾ ਉਚੇਚੇ ਤੌਰ ‘ਤੇ ਧੰਨਵਾਦ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਯੋਜਨਾ ਬੋਰਡ ਦੀ ਵਾਈਸ ਚੇਅਰਪਰਸਨ ਰਾਜਿੰਦਰ ਕੌਰ ਭੱਠਲ, ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਓ.ਪੀ. ਸੋਨੀ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸਾਧੂ ਸਿੰਘ ਧਰਮਸੋਤ, ਵਿਜੇ ਇੰਦਰ ਸਿੰਗਲਾ, ਗੁਰਪ੍ਰੀਤ ਸਿੰਘ ਕਾਂਗੜ, ਬਲਬੀਰ ਸਿੰਘ ਸਿੱਧੂ, ਸੁਖਬਿੰਦਰ ਸਿੰਘ ਸਰਕਾਰੀਆ, ਭਾਰਤ ਭੂਸ਼ਣ ਆਸ਼ੂ ਤੇ ਸੁੰਦਰ ਸ਼ਾਮ ਅਰੋੜਾ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ, ਸੰਸਦ ਮੈਂਬਰ ਪਰਨੀਤ ਕੌਰ, ਜਸਬੀਰ ਸਿੰਘ ਡਿੰਪਾ, ਚੌਧਰੀ ਸੰਤੋਖ ਸਿੰਘ ਤੇ ਡਾ. ਅਮਰ ਸਿੰਘ, ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਨਵਤੇਜ ਸਿੰਘ ਚੀਮਾ, ਮੁੱਖ ਮੰਤਰੀ ਦੇ ਰਾਜਸੀ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ, ਪ੍ਰਮੁੱਖ ਸਕੱਤਰ ਸੱਭਿਆਚਾਰ ਤੇ ਸੈਰ ਸਪਾਟਾ ਵਿਕਾਸ ਪ੍ਰਤਾਪ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਤੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ ਹਾਜ਼ਰ ਸਨ।

ਇਸ ਮੌਕੇ ਸੰਤ ਮਹਾਂਪੁਰਸ਼ਾਂ ਤੇ ਸੰਤ ਸਮਾਜ ਦੇ ਆਗੂਆਂ ਵਾਲੀ ਸਟੇਜ ਉਪਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਤਇੰਦਰ ਸਿੰਘ, ਸੰਤ ਬਾਬਾ ਨਰਿੰਦਰ ਸਿੰਘ ਜੀ ਗੁਰਦੁਆਰਾ ਸੰਤ ਨਿਧਾਨ ਸਿੰਘ ਜੀ ਤਖ਼ਤ ਸ੍ਰੀ ਹਜ਼ੂਰ ਸਾਹਿਬ ਵੱਲੋਂ ਜਥੇਦਾਰ ਮੇਜਰ ਸਿੰਘ, ਬਾਬਾ ਤਾਰਾ ਸਿੰਘ ਸਰਹਾਲੀ ਵਾਲਿਆਂ ਦੇ ਜਥੇ ਦੇ ਮੁਖੀ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਵਾਲੇ, ਬਾਬਾ ਹਾਕਮ ਸਿੰਘ, ਜਥੇਦਾਰ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਮੁਖੀ ਬੁੱਢਾ ਦਲ ਨਿਹੰਗ ਸਿੰਘ ਜਥੇਬੰਦੀ ਵੱਲੋਂ ਬਾਬਾ ਜੱਸਾ ਸਿੰਘ, ਸੰਤ ਬਾਬਾ ਘਾਲਾ ਸਿੰਘ ਜੀ ਨਾਨਕਸਰ, ਅਬਚਲ ਨਗਰ ਗਿਆਨੀ ਬਲਜਿੰਦਰ ਸਿੰਘ ਜੀ ਹਜ਼ੂਰ ਸਾਹਿਬ, ਸੰਤ ਕਸ਼ਮੀਰਾ ਸਿੰਘ ਜੀ ਗੜ੍ਹੇ ਵਾਲੇ, ਸੰਤ ਦੇਵਿੰਦਰ ਸਿੰਘ ਤਰਨ ਤਾਰਨ, ਬਾਬਾ ਦਣਿਆ ਸਿੰਘ ਟਾਹਲੀ ਸਾਹਿਬ ਵਾਲੇ, ਸ੍ਰੀ ਮਹੰਤ ਗਿਆਨ ਦੇਵ ਸਿੰਘ ਜੀ ਨਿਰਮਲ ਪੰਚਾਇਤੀ ਅਖਾੜਾ ਹਰਿਦੁਆਰ, ਸੰਤ ਗੁਰਵਿੰਦਰ ਸਿੰਘ ਜੀ ਮਾਂਡੀ ਵਾਲੇ ਉਦਾਸੀ ਸੰਪਰਦਾ, ਗਿਆਨੀ ਗਗਨ ਦੀਪ ਸਿੰਘ ਨਿਰਮਲੇ ਜੰਡਾਲੀ ਵਾਲੇ, ਬਾਬਾ ਅਵਤਾਰ ਸਿੰਘ ਜੀ ਮੁਖੀ ਦਲ-ਪੰਥ ਬਿਧੀ ਚੰਦ, ਨਿਹੰਗ ਸਿੰਘ ਜਥੇਬੰਦੀ ਵੱਲੋਂ ਬਾਬਾ ਪ੍ਰੇਮ ਸਿੰਘ ਜੀ, ਸ੍ਰੀ ਦਰਸ਼ਨ ਸਿੰਘ ਸ਼ਾਸਤਰੀ ਜੀ ਕਾਸ਼ੀ, ਸੰਤ ਸੁਖਦੇਵ ਮੁਲੀ ਸੰਘੇੜਾ, ਸੰਤ ਚਰਨ ਦਾਸ ਜੀ ਉਦਾਸੀ ਡੇਰੇ ਦੇ ਮਹੰਤ ਮਹਾਤਮਾ ਮੁਨੀ ਖੇੜਾ ਬੇਟ, ਸੰਤ ਬਾਬਾ ਜਸਪਾਲ ਸਿੰਘ ਨਿਹਾਲ ਕੁਟੀਆ ਜੌਹਲਾਂ, ਸੰਤ ਜਸਵਿੰਦਰ ਸਿੰਘ ਹਰਿਦੁਆਰ, ਸੰਤ ਗੁਰਚਰਨ ਸਿੰਘ ਪੰਡਵਾ, ਸੰਤ ਅਮਰੀਕ ਸਿੰਘ ਜੀ ਖੁਖਰੈਣ ਸੁਸ਼ੋਭਿਤ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION