26.7 C
Delhi
Friday, April 19, 2024
spot_img
spot_img

ਹਸਪਤਾਲਾਂ ਚ ਗ਼ੈਰ-ਜ਼ਰੂਰੀ ਆਪ੍ਰੇਸ਼ਨਾਂ ਨੂੰ ਬੰਦ ਕਰਕੇ ਕੋਵਿਡ ਮਰੀਜ਼ਾਂ ਲਈ 75 ਫੀਸਦੀ ਬੈੱਡ ਰਾਖਵੇਂ ਕੀਤੇ ਜਾਣ: ਮੁੱਖ ਸਕੱਤਰ ਵਿਨੀ ਮਹਾਜਨ

ਯੈੱਸ ਪੰਜਾਬ
ਚੰਡੀਗੜ, 21 ਅਪ੍ਰੈਲ, 2021 –
ਸੂਬੇ ਵਿੱਚ ਕੋਵਿਡ-19 ਦੇ ਮਰੀਜ਼ਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਾਸਤੇ ਪੰਜਾਬ ਦੇ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਸਾਰੇ ਹਸਪਤਾਲਾਂ ਵਿੱਚ ਗ਼ੈਰ-ਜ਼ਰੂਰੀ ਆਪ੍ਰੇਸ਼ਨ ਤੁਰੰਤ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸਦੇ ਨਾਲ ਹੀ ਉਹਨਾਂ ਨੇ ਕੋਵਿਡ ਦੀ ਦੂਜੀ ਲਹਿਰ ਨੂੰ ਪ੍ਰਭਾਵੀ ਢੰਗ ਨਾਲ ਨਜਿੱਠਣ ਲਈ ਪ੍ਰਾਈਵੇਟ ਹਸਪਤਾਲਾਂ ਵਿੱਚ ਕੋਵਿਡ ਮਰੀਜ਼ਾਂ ਲਈ 75 ਫੀਸਦੀ ਬੈੱਡ ਰਾਖਵੇਂ ਕਰਨ ਲਈ ਨਿਰਦੇਸ਼ ਜਾਰੀ ਕੀਤੇ ਹਨ।

ਪ੍ਰਸ਼ਾਸਕੀ ਸਕੱਤਰਾਂ, ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼ ਨਾਲ ਰਾਜ ਵਿੱਚ ਕੋਵਿਡ-19 ਦੀ ਸਥਿਤੀ ਬਾਰੇ ਇੱਕ ਜਾਇਜ਼ਾ ਮੀਟਿੰਗ ਦੌਰਾਨ ਮੁੱਖ ਸਕੱਤਰ ਨੇ ਲੋਕਾਂ ਨੂੰ ਕੋਵਿਡ ਵੈਕਸੀਨ ਲਵਾਉਣ ਵਾਸਤੇ ਅੱਗੇ ਆਉਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਇਹ ਵੈਕਸੀਨ ਪੂਰੀ ਸੁਰੱਖਿਅਤ ਹੈ ਅਤੇ ਮਹਾਂਮਾਰੀ ਨੂੰ ਹਰਾਉਣ ਵਾਸਤੇ ਇੱਕੋ-ਇੱਕ ਰਾਹ ਹੈ।

ਸ੍ਰੀਮਤੀ ਮਹਾਜਨ ਨੇ ਦੱਸਿਆ ਕਿ ਭਲਕੇ ਵੀਰਵਾਰ ਨੂੰ ਕੋਵੀਸ਼ੀਲਡ ਵੈਕਸੀਨ ਦੀਆਂ 4 ਲੱਖ ਤੋਂ ਵੱਧ ਖੁਰਾਕਾਂ ਪੰਜਾਬ ਪਹੁੰਚ ਜਾਣਗੀਆਂ। ਉਹਨਾਂ ਨੇ ਸਿਹਤ ਵਿਭਾਗ ਨੂੰ ਟੀਕਾਕਰਨ ਮੁਹਿੰਮ ਵਿੱਚ ਹੋਰ ਤੇਜ਼ੀ ਲਿਆਉਣ ਦੇ ਨਿਰਦੇਸ਼ ਵੀ ਦਿੱਤੇ।

ਉਹਨਾਂ ਨੇ ਕੋਵਿਡ ਕਾਰਨ ਪਾਜ਼ਿਟਿਵ ਆਏ ਮਰੀਜ਼ਾਂ ਨੂੰ ਇਕਾਂਤਵਾਸ ਦੌਰਾਨ ‘ਕਰੋਨਾ ਫਤਿਹ ਕਿੱਟ’ ਅਤੇ ‘ਫੂਡ ਕਿੱਟ’ ਉਸੇ ਦਿਨ ਹੀ ਮੁਹੱਈਆ ਕਰਵਾਉਣ ਲਈ ਆਖਿਆ।

ਕੋਵਿਨ ਪੋਰਟਲ ਨੂੰ ਰੋਜ਼ਮਰਾ ਦੇ ਅਧਾਰ ’ਤੇ ਅੱਪਡੇਟ ਕਰਨ ਨੂੰ ਯਕੀਨੀ ਬਣਾਉਣ ਵਾਸਤੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੰਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਨਿਯਮਤ ਤੌਰ ’ਤੇ ਕੋਵਿਡ ਪੋਰਟਲ ਨੂੰ ਅਪਡੇਟ ਕਰਨ ਨਾਲ ਵੈਕਸੀਨ ਦੀ ਉਪਲਬਧਤਾ ਦੀ ਮੌਜੂਦਾ ਸਥਿਤੀ ਨੂੰ ਜਾਨਣ ਵਿੱਚ ਮਦਦ ਮਿਲੇਗੀ। ਉਹਨਾਂ ਕਿਹਾ ਕਿ ਵੈਕਸੀਨ ਦੀ ਬਰਬਾਦੀ ਘਟਾਈ ਜਾਵੇ ਅਤੇ ਕੋਵੈਕਸੀਨ ਵੈਕਸੀਨੇਸ਼ਨ ਸੈਂਟਰ ਵਿੱਚ ਸਥਾਪਤ ਕੀਤੇ ਜਾਣ। ਉਹਨਾਂ ਕਿਹਾ ਕਿ ਵੈਕਸੀਨੇਸ਼ਨ ਸੈਂਟਰ ਲੋਕਾਂ ਦੇ ਵਧੇਰੇ ਟੀਕਾਕਰਨ ਵਾਸਤੇ ਢੁਕਵੇਂ ਹਨ ਅਤੇ ਪ੍ਰਤੀ ਸੈਸ਼ਨ ਘੱਟੋ-ਘੱਟ 100 ਲਾਭਪਾਤਰੀਆਂ ਨੂੰ ਇਸ ਤਹਿਤ ਲਿਆਉਣਾ ਚਾਹੀਦਾ ਹੈ।

ਉਹਨਾਂ ਨੇ ਸਬੰਧਤ ਵਿਭਾਗਾਂ ਨੂੰ ਇਹ ਯਕੀਨੀ ਬਣਾਉਣ ਵਾਸਤੇ ਆਖਿਆ ਕਿ ਜੇ ਵੈਕਸੀਨ ਦੀ ਵਰਤੋਂ ਵੱਖ-ਵੱਖ ਥਾਵਾਂ ਉੱਤੇ ਨਹੀਂ ਹੁੰਦੀ ਤਾਂ ਇਹ ਜ਼ਿਲਾ, ਸਬ-ਡਵੀਜ਼ਨ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਨੂੰ ਜਾਰੀ ਕੀਤੀ ਜਾਵੇ। ਸਾਰੇ ਪੇਰੀਫੇਰੀਅਲ ਸੈਂਟਰ ਇਹਨਾਂ ਸੈਂਟਰਾਂ ਉੱਤੋਂ ਸਪਲਾਈ ਪ੍ਰਾਪਤ ਕਰਨ ਅਤੇ ਨਾ ਵਰਤੀ ਗਈ ਵੈਕਸੀਨ ਇਹਨਾਂ ਸਟੋਰਾਂ ਨੂੰ ਹੀ ਵਾਪਸ ਕੀਤੀ ਜਾਵੇ।

ਕੋਵਿਡ ਵਿਰੁੱਧ ਜੰਗ ਵਿੱਚ ਧਾਰਮਿਕ ਅਤੇ ਸਮਾਜਕ ਆਗੂਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਜਾਰੀ ਕਰਦੇ ਹੋਏ ਸ੍ਰੀਮਤੀ ਮਹਾਜਨ ਨੇ ਦੱਸਿਆ ਕਿ ਐਸ.ਜੀ.ਪੀ.ਸੀ. ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸ ਬਿਮਾਰੀ ਨਾਲ ਲੜਨ ਲਈ ਆਪਣਾ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ ।

ਸਿਹਤ ਵਿਭਾਗ ਦੇ ਪ੍ਰਮੱਖ ਸਕੱਤਰ ਸ੍ਰੀ ਹੁਸਨ ਲਾਲ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ ਇਸ ਸਮੇਂ ਰੋਜ਼ਾਨਾ 54,000 ਟੈਸਟ ਕੀਤੇ ਜਾ ਰਹੇ ਹਨ ਅਤੇ ਇਹਨਾਂ ਵਿੱਚ ਹੋਰ ਵਾਧਾ ਕੀਤਾ ਜਾਵੇਗਾ।

ਸਿਹਤ ਅਤੇ ਮੋਹਰਲੀ ਕਤਾਰ ਦੇ ਵਰਕਰਾਂ ਦੀ ਆਪਣੀ ਡਿਊਟੀ ਅਤਿ- ਸੰਜੀਦਗੀ ਅਤੇ ਸਮਰਪਣ ਦੀ ਭਾਵਨਾ ਨਿਭਾਉਣ ਲਈ ਪਿੱਠ ਥਾਪੜਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਓਪੀਡੀ ਮਰੀਜ਼ਾਂ ਨੂੰ ਟੈਸਟਿੰਗ ਅਤੇ ਵੈਕਸੀਨੇਸ਼ਨ ਲਈ ਉਤਸ਼ਾਹਿਤ ਕੀਤਾ ਜਾਵੇ।

ਆਪਣੇ ਘਰਾਂ ਅੰਦਰ ਇਕਾਂਤਵਾਸ ਵਿੱਚ ਰਹਿ ਰਹੇ ਅਤਿ-ਜੋਖਮ ਵਾਲੇ ਮਰੀਜ਼ਾਂ ਦੇ ਘਰਾਂ ਵਿੱਚ ਸਿਹਤ ਟੀਮਾਂ ਵਲੋਂ ਹਰੇਕ ਦੋ ਦਿਨਾਂ ਬਾਅਦ ਦੌਰਾ ਕੀਤਾ ਜਾਵੇ। ਇਸ ਦੇ ਨਾਲ ਹੀ ਉਹਨਾਂ ਨੇ ਸੈਂਪਲਿੰਗ ਟੀਮਾਂ ਨੂੰ ਮਜਬੂਤ ਬਣਾਉਣ ਅਤੇ ਪਾਜ਼ੇਟਿਵ ਦਰ 5 ਫੀਸਦੀ ਤੋਂ ਘੱਟ ਲਿਆਉਣ ਲਈ ਵੀ ਆਖਿਆ।

ਆਕਸੀਜ਼ਨ ਦੀ ਕਮੀ ਦੀਆਂ ਅਫ਼ਵਾਹਾਂ ਦੇ ਸਬੰਧ ਵਿੱਚ ਉਹਨਾਂ ਕਿਹਾ ਕਿ ਸੂਬੇ ਕੋਲ ਢੁਕਵੀਂ ਮਾਤਰਾ ਵਿੱਚ ਮੈਡੀਕਲ ਆਕਸੀਜ਼ਨ ਮੌਜੂਦ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਗ਼ੈਰ ਕਾਨੂੰਨੀ ਢੰਗ ਨਾਲ ਆਕਸੀਜ਼ਨ ਦੀ ਜ਼ਖ਼ੀਰੇਬਾਜ਼ੀ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਗੈਰ-ਕਾਨੂੰਨੀ ਸਰਗਰਮੀਆਂ ਵਿੱਚ ਸ਼ਾਮਲ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਜ਼ਿਲਾ ਪ੍ਰਸ਼ਾਸਕਾਂ ਨੂੰ ਰੋਜ਼ਮਰਾ ਦੇ ਅਧਾਰ ’ਤੇ ਆਕਸੀਜ਼ਨ ਦੀ ਮੰਗ ਅਤੇ ਸਪਲਾਈ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਵਾਸਤੇ ਆਖਿਆ।

ਮੁੱਖ ਸਕੱਤਰ ਨੇ ਵੈਕਸੀਨੇਸ਼ਨ ਵਾਸਤੇ ਯੋਗ ਵਿਅਕਤੀਆਂ ਦੀ ਲਾਮਬੰਦੀ ਲਈ ਦਿਹਾਤੀ ਇਲਾਕਿਆਂ ਵਿੱਚ ਬੀਐਲਓ ਤਾਇਨਾਤ ਕਰਨ ਲਈ ਆਖਿਆ। ਡਿਪਟੀ ਕਮਿਸ਼ਨਰਾਂ ਨੂੰ ਕੋਵਿਡ ਦੇ ਪ੍ਰਬੰਧਨ ਲਈ ਹੋਰਾਂ ਵਿਭਾਗਾਂ ਤੋਂ ਮਾਨਵੀ ਸ਼ਕਤੀ ਦੀ ਵਰਤੋਂ ਕਰਨ ਵਾਸਤੇ ਅਧਿਕਾਰਤ ਕੀਤਾ ਹੈ ਅਤੇ ਸਾਰੇ ਆਰਐਓਜ਼ ਅਤੇ ਫਾਰਮਾਸਿਸਟ ਕੇਵਲ ਸਿਵਲ ਸਰਜਨਾਂ ਦੇ ਡਿਸਪੋਜ਼ਲ ’ਤੇ ਹੋਣਗੇ।

ਪੰਜਾਬ ਪੁਲਿਸ ਦੇ ਡਾਇਰੈਕਟਰ ਸ੍ਰੀ ਦਿਨਕਰ ਗੁਪਤਾ ਨੇ ਮੀਟਿੰਗ ਦੌਰਾਨ ਦੱਸਿਆ ਕਿ ਸੂਬਾ ਪੁਲਿਸ ਰਾਜ ਸਰਕਾਰ ਵਲੋਂ ਹਾਲ ਹੀ ਵਿਚ ਐਲਾਨੀਆਂ ਗਈਆਂ ਪਾਬੰਦੀਆਂ ਨੂੰ ਸਖਤ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾ ਰਹੀ ਹੈ। ਰਾਤ ਦੇ ਕਰਫਿਊ ਅਤੇ ਸਾਰੇ ਤਰਾਂ ਦੇ ਇਕੱਠਾਂ ਦੀ ਸੀਮਾ ਦੇ ਸਬੰਧ ਵਿਚ ਪਾਬੰਦੀਆਂ ਨੂੰ ਢੁਕਵੇਂ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ।

ਉਹਨਾਂ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਸੂਬੇ ਭਰ ਵਿੱਚ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ 130 ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਪੁਲਿਸ ਨੇ 18 ਅਪੈਲ ਤੋਂ ਮੈਰਿਜ ਪੈਲਸਾਂ, ਮਾਲਜ਼, ਹੋਟਲਾਂ ,ਰੈਸਟੋਰੈਂਟਾਂ ਆਦਿ ਦੇ 189 ਮਾਲਕਾਂ ਵਿਰੁੱਧ ਕਰਫਿਊ ਸਮੇਂ ਅਤੇ ਇਕੱਠ ਦੀ ਸੀਮਾਂ ਦੀ ਉਲੰਘਣਾ ਕਰਨ ਲਈ ਮਾਮਲੇ ਦਰਜ ਕੀਤੇ ਹਨ।

ਮੀਟਿੰਗ ਵਿੱਚ ਸਿਹਤ ਵਿਭਾਗ ਦੇ ਸਲਾਹਕਾਰ ਡਾ. ਕੇ.ਕੇ ਤਲਵਾੜ, ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਅਤੇ ਪ੍ਰੋ ਰਾਜੇਸ਼ ਕੁਮਾਰ, ਪ੍ਰਮੁੱਖ ਸਕੱਤਰ (ਉਦਯੋਗ) ਸ੍ਰੀ ਆਲੋਕ ਸ਼ੇਖਰ, ਪ੍ਰਮੁੱਖ ਸਕੱਤਰ (ਡਾਕਟਰੀ ਸਿੱਖਿਆ ਤੇ ਖੋਜ) ਸ੍ਰੀ ਡੀਕੇ ਤਿਵਾੜੀ, ਐਮ.ਡੀ (ਐਨਐਚਐਮ) ਪੰਜਾਬ ਸ੍ਰੀ ਕੁਮਾਰ ਰਾਹੁਲ, ਐਮ.ਡੀ (ਪੀਐਚਐਸਸੀ) ਤਨੂ ਕਸ਼ਅੱਪ, ਵਿਸ਼ੇਸ਼ ਸਕੱਤਰ (ਸਿਹਤ) ਸ੍ਰੀ ਅਮਿਤ ਕੁਮਾਰ, ਡਾਇਰੈਕਟਰ (ਸਿਹਤ ਸੇਵਾਵਾਂ) ਡਾ. ਜੀ.ਬੀ ਸਿੰਘ, ਨੋਡਲ ਅਫਸਰ (ਕੋਵਿਡ-19) ਡਾ. ਰਾਜੇਸ਼ ਭਾਸਕਰ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION