35.1 C
Delhi
Thursday, April 25, 2024
spot_img
spot_img

ਹਰਸਿਮਰਤ ਬਾਦਲ ਵੱਲੋਂ ਭਾਰਤੀ ਪਵਾਰ ਨੂੰ ਏਮਜ਼ ਬਠਿੰਡਾ ਵਿਖੇ ਟਰੋਮਾ ਸਹੂਲਤਾਂ ਅਪਗ੍ਰੇਡ ਕਰਨ ਵਾਸਤੇ ਫੰਡਾਂ ਦੀ ਪ੍ਰਵਾਨਗੀ ਦੇਣ ਦੀ ਅਪੀਲ

ਯੈੱਸ ਪੰਜਾਬ
ਚੰਡੀਗੜ੍ਹ, 29 ਮਾਰਚ, 2022:
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਸਿਹਤ ਮੰਤਰੀ ਡਾ. ਭਾਰਤੀ ਪਵਾਰ ਨੁੰ ਬੇਨਤੀ ਕੀਤੀ ਕਿ ਉਹ ਏਮਜ਼ ਬਠਿੰਡਾ ਵਿਖੇ ਟਰੋਮਾ ਸੈਂਟਰ ਸਹੂਲਤਾਂ ਵਧਾ ਕੇ 300 ਬੈਡਾਂ ਤੱਕ ਕਰਨ ਲਈ ਲੋੜੀਂਦੇ ਫੰਡਾਂ ਜਾਰੀ ਕਰਨ ਲਈ ਪ੍ਰਵਾਨਗੀ ਦੇਣ।

ਬਠਿੰਡਾ ਦੇ ਐਮ ਪੀ, ਜਿਹਨਾਂ ਨੇ ਇਸ ਸਬੰਧ ਵਿਚ ਕੇਂਦਰੀ ਸਿਹਤ ਮੰਤਰੀ ਨਾਲ ਅੱਜ ਮੁਲਾਕਾਤ ਕੀਤੀ, ਨੇ ਮੰਤਰੀ ਨੂੰ ਦੱਸਿਆ ਕਿ ਏਮਜ਼ ਬਠਿੰਡਾ ਵਿਖੇ ਐਮਰਜੰਸੀ ਬਲਾਕ ਸਿਰਫ 30 ਐਮਰਜੰਸੀ ਮਾਮਲਿਆਂ ਨਾਲ ਨਜਿੱਠਣ ਦੇ ਸਮਰਥ ਹੈ। ਉਹਨਾਂ ਕਿਹਾ ਕਿ ਹੋਰ ਸਾਰੀਆਂ ਏਮਜ਼ ਸੰਸਥਾਵਾਂ ਵਿਖੇ ਪਹਿਲੇ ਫੇਜ਼ ਵਿਚ ਹੀ ਟਰੋਮਾ ਤੇ ਐਮਰਜੰਸੀ ਕੇਸਾਂ ਲਈ 200 ਤੋਂ 300 ਬੈਡਾਂ ਦੀ ਵਿਵਸਥਾ ਕੀਤੀ ਜਾਂਦੀ ਹੈ।

ਹਰਸਿਮਰਤ ਬਾਦਲ ਨੇ ਕਿਹਾ ਕਿ ਕਿਉਂਕਿ ਮਾਲਵਾ ਖਿੱਤੇ ਵਿਚ ਹੋਰ ਕੋਈ ਪ੍ਰਮੁੱਖ ਟਰੋਮਾ ਸੈਂਟਰ ਨਹੀਂ ਹੈ, ਇਸ ਲਈ ਏਮਜ਼ ਟਰੋਮਾ ਸੈਂਟਰ ਨੂੰ ਅਪ੍ਰਗੇਡ ਕਰ ਕੇ 300 ਐਮਰਜੰਸੀ ਮਾਮਲਿਆਂ ਨਾਲ ਨਜਿੱਠਣ ਦੇ ਸਮਰਥ ਬਣਾਉਣਾ ਚਾਹੀਦਾ ਹੈ ਇਸ ਵਿਚ ਟਰੋਮਾ ਤੇ ਐਮਰਜੰਸੀ ਬਲਾਕ ਹੋਣਾ ਚਾਹੀਦਾ ਹੈ।

ਹਰਸਿਮਰਤ ਬਾਦਲ ਨੇ ਕਿਹਾ ਕਿ ਨਵੇਂ ਨਿਯਮਾਂ ਦੇ ਮੁਤਾਬਕ ਇਹ ਲਾਜ਼ਮੀ ਹੈ ਕਿ ਹਰ ਮੈਡੀਕਲ ਸੰਸਥਾ ਵਿਚ ਇਕ ਐਮਰਜੰਸੀ ਮੈਡੀਸਿਨ ਵਿਭਾਗ ਅਤੇ ਇਕ ਸਕਿੱਲ ਲੈਬਾਰਟਰੀ ਹੋਵੇ। ਉਹਨਾਂ ਕਿਹਾ ਕਿ ਦੋਹੇਂ ਵਿਵਸਥਾਵਾਂ ਵਾਸਤੇ ਫੰਡਾਂ ਤੋਂ ਇਲਾਵਾ ਲੋੜੀਂਦਾ ਸਾਜ਼ੋ ਸਮਾਨ ਤੇ ਸੁਪਰ ਸਪੈਸ਼ਲਟੀ ਪੋਸਟਾਂ ਵੀ ਇਸ ਸੰਸਥਾ ਲਈ ਪ੍ਰਵਾਨ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

ਬਠਿੰਡਾ ਦੇ ਐਮ ਪੀ ਨੇ ਕੇਂਦਰੀ ਮੰਤਰੀ ਦੇ ਇਹ ਵੀ ਧਿਆਨ ਵਿਚ ਲਿਆਂਦਾ ਕਿ ਸਾਰੇ ਏਮਜ਼ ਇਸ ਵੇਲੇ ਮਿਆਰੀ ਦਵਾਈਆਂ ਤੇ ਡਾਇਗਨੋਸਟਿਕ ਸਹੂਲਤਾਂ ਵਾਜਬ ਰੇਟਾਂ ’ਤੇ ਪ੍ਰਦਾਨ ਕਰਨ ਦੇ ਮਾਮਲੇ ਵਿਚ ਮੁਸ਼ਕਿਲਾਂ ਝੱਲ ਰਹੇ ਹਨ। ਉਹਨਾਂ ਸੁਝਾਅ ਦਿੱਤਾ ਕਿ ਸਿਹਤ ਮੰਤਰਾਲਾ ਦਵਾਈਆਂ ਦੀ ਖਰੀਦ ਅਤੇ ਜਾਂਚ ਲੈਬਾਰਟਰੀਆਂ ਸਥਾਪਿਤ ਕਰਨ ਦੀ ਘੋਖ ਕਰੇ ਜਿਵੇਂ ਕਿ ਟਾਟਾ ਮੈਮੋਰੀਅਲ ਹਸਪਤਾਲ ਮੁੰਬਈ ਵੱਲੋਂ ਕੀਤਾ ਜਾਂਦਾ ਹੈ ਤੇ ਇਹਨਾਂ ਨੂੰ ਏਮਜ਼ ਸਹੂਲਤਾਂ ਲਈ ਲਾਗੂ ਕਰੇ।

ਹਰਸਿਮਰਤ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਏਮਜ਼ ਬਠਿੰਡਾ ਸਟਾਫ ਦੀ ਘਾਟ ਨਾਲ ਜੂਝ ਰਿਹਾ ਹੈ ਤੇ ਸੀਨੀਅਰ ਅਤੇ ਜੂਨੀਅਰ ਰੈਜ਼ੀਡੈਂਟਸ ਦੀਆਂ ਪੋਸਟਾਂ 750 ਬੈਡਾਂ ਵਾਲੇ ਹਸਪਤਾਲ ਦੇ ਹਿਸਾਬ ਨਾਲ ਪ੍ਰਵਾਨ ਹੋਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਮਰੀਜ਼ਾਂ ਦੀ ਸਾਂਭ ਸੰਭਾਲ ਵੱਖ ਵੱਖ ਸੁਪਰ ਸਪੈਸ਼ਲਟੀ ਵਿਭਾਗਾਂ ਦੇ ਕੰਮਕਾਜ ’ਤੇ ਨਿਰਭਰ ਕਰਦੀ ਹੈ ਤੇ ਇਹਨਾਂ ਵਾਸਤੇ ਪ੍ਰਵਾਨਗੀ ਤੁਰੰਤ ਦੇਣੀ ਚਾਹੀਦੀ ਹੈ।

ਇਸ ਮੀਟਿੰਗ ਵਿਚ ਇਹ ਵੀ ਦੱਸਿਆ ਗਿਆ ਕਿ ਏਮਜ਼ ਬਠਿੰਡਾ ਵਿਚ ਫੈਕਲਟੀ ਵਾਸਤੇ ਸਿਰਫ 22 ਹਾਊਸਿੰਗ ਯੂਨਿਟ ਹਨ ਜਦੋਂ ਕਿ ਫੈਕਲਟੀ ਨੂੰ ਢੁਕਵੀਂ ਰਿਹਾਇਸ਼ ਵਾਸਤੇ ਸੰਘਰਸ਼ ਕਰਨਾ ਪੈ ਰਿਹਾ ਹੈ। ਸਿਹਤ ਮੰਤਰੀ ਨੂੰ ਬੇਨਤੀ ਕੀਤੀ ਗਈ ਕਿ ਬਾਕੀ ਰਹਿੰਦੀਆਂ ਰਿਹਾਇਸ਼ੀ ਸਹੂਲਤਾਂ ਦਾ ਨਿਰਮਾਣ ਪ੍ਰਾਜੈਕਟ ਲਈ ਅਣਵਰਤੇ ਪੈਸੇ ਨਾਲ ਕਰਨ ਦੀ ਪ੍ਰਵਾਨਗੀ ਦਿੱਤੀ ਜਾਵੇ।

ਮੰਤਰਾਲੇ ਨੇ ਦੱਸਿਆ ਕਿ 100 ਐਮ ਬੀ ਬੀ ਐਸ, 50 ਐਮ ਡੀ, ਐਮ ਐਸ ਪੋਸਟ ਗਰੈਜੂਏਟ ਵਿਦਿਆਰਥੀਆਂ ਤੇ 69 ਬੀ ਐਸ ਸੀ ਨਰਸਿੰਗ ਲਈ ਅਕਾਦਮਿਕ ਸੈਸ਼ਨ ਪਹਿਲਾਂ ਹੀ ਸ਼ੁਰੂ ਹੋ ਗਈਆਂ ਹਨ। ਉਹਨਾਂ ਦੱਸਿਆ ਕਿ ਏਮਜ਼ ਬਠਿੰਡਾ ਵਿਚ ਵੱਡੀ ਗਿਣਤੀ ਵਿਚ ਮਰੀਜ਼ ਆ ਰਹੇ ਹਨ ਤੇ ਰੋਜ਼ਾਨਾ 1500 ਮਰੀਜ਼ਾਂ ਦੀ ਓ ਪੀ ਡੀ ਹੈ।

ਇਸ ਮੀਟਿੰਗ ਵਿਚ ਏਮਜ਼ ਬਠਿੰਡਾ ਦੇ ਕਾਰਜਕਾਰੀ ਡਾਇਰੈਕਟਰਡਾ. ਡੀ ਕੇ ਸਿੰਘ ਵੀ ਮੌਜੂਦ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION