32.8 C
Delhi
Wednesday, April 24, 2024
spot_img
spot_img

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅੰਮ੍ਰਿਤਸਰ ਵਿਚ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

ਅੰਮ੍ਰਿਤਸਰ, 14 ਅਕਤੂਬਰ, 2019:
ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਾਰਮਿਕ ਸਭਾ-ਸੁਸਾਇਟੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਅੱਜ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਾਰਿਆਂ, ਜੈਕਾਰਿਆਂ ਅਤੇ ਨਰਸਿੰਙਿਆਂ ਦੀ ਗੂੰਜ ਵਿਚ ਨਗਰ ਕੀਰਤਨ ਦੀ ਆਰੰਭਤਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਉਪਰੰਤ ਹੋਈ।

ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਕਰਨ ਦੀ ਸੇਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨ ਜਗਤਾਰ ਸਿੰਘ ਨੇ ਨਿਭਾਈ। ਹਜ਼ਾਰਾਂ ਦੀ ਗਿਣਤੀ ਵਿਚ ਪੁੱਜੀਆਂ ਸੰਗਤਾਂ ਨੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਚੌਥੇ ਪਾਤਸ਼ਾਹ ਜੀ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਨਗਰ ਕੀਰਤਨ ਦੇ ਸਤਿਕਾਰ ’ਚ ਪੁਲਿਸ ਬੈਂਡ, ਸਕੂਲੀ ਬੈਂਡ ਅਤੇ ਗਤਕਾ ਪਾਰਟੀਆਂ ਨੇ ਵੀ ਸ਼ਮੂਲੀਅਤ ਕੀਤੀ।

ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ, ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ, ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਮੇਤ ਵੱਖ-ਵੱਖ ਧਾਰਮਿਕ ਜਥੇਬੰਦੀਆਂ, ਸਭਾ-ਸੁਸਾਇਟੀਆਂ ਦੇ ਨੁਮਾਇੰਦੇ, ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰ ਅਤੇ ਮੁਲਾਜ਼ਮ ਵੀ ਮੌਜੂਦ ਸਨ।

ਦੱਸਣਯੋਗ ਹੈ ਕਿ ਚੌਥੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇਹ ਨਗਰ ਕੀਰਤਨ ਬੀਤੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਹਿਰ ਦੇ ਪੁਰਾਤਨ ਦਰਵਾਜ਼ਿਆਂ ਦੁਆਲੇ ਸਜਾਇਆ ਗਿਆ।

ਨਗਰ ਕੀਰਤਨ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ, ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਭਾਈ ਮਨਜੀਤ ਸਿੰਘ ਤੇ ਸ. ਖੁਸ਼ਵਿੰਦਰ ਸਿੰਘ ਭਾਟੀਆ, ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ, ਮੇਅਰ ਸ. ਕਰਮਜੀਤ ਸਿੰਘ ਰਿੰਟੂ, ਪੁਲਿਸ ਕਮਿਸ਼ਨਰ ਸ. ਸੁਖਚੈਨ ਸਿੰਘ ਗਿੱਲ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਭਾਈ ਰਾਮ ਸਿੰਘ, ਸ. ਬਲਦੇਵ ਸਿੰਘ ਚੂੰਘਾ, ਸ. ਗੁਰਮੀਤ ਸਿੰਘ ਬੂਹ, ਸ. ਹਰਜਾਪ ਸਿੰਘ ਸੁਲਤਾਨਵਿੰਡ, ਸ. ਬਾਵਾ ਸਿੰਘ ਗੁਮਾਨਪੁਰਾ, ਸ. ਅਮਰਜੀਤ ਸਿੰਘ ਬੰਡਾਲਾ, ਸ. ਬਲਵਿੰਦਰ ਸਿੰਘ ਵੇਈਂਪੂਈਂ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਸ. ਮਨਜੀਤ ਸਿੰਘ ਬਾਠ, ਸ. ਮਹਿੰਦਰ ਸਿੰਘ ਆਹਲੀ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ, ਬਾਬਾ ਵੱਸਣ ਸਿੰਘ ਮੜ੍ਹੀਆਂ ਵਾਲੇ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ ਤੇ ਸ. ਪ੍ਰਤਾਪ ਸਿੰਘ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਸਤਿੰਦਰ ਸਿੰਘ, ਸ. ਗੁਰਮੀਤ ਸਿੰਘ ਬੁੱਟਰ, ਸ. ਗੁਰਿੰਦਰ ਸਿੰਘ ਮਥਰੇਵਾਲ, ਸ. ਸਕੱਤਰ ਸਿੰਘ, ਸਾਬਕਾ ਸਕੱਤਰ ਦਿਲਜੀਤ ਸਿੰਘ ਬੇਦੀ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਸਤਨਾਮ ਸਿੰਘ, ਸ. ਮਲਕੀਤ ਸਿੰਘ ਬਹਿੜਵਾਲ ਸੁਪ੍ਰਿੰਟੈਂਡੈਂਟ, ਬਾਬਾ ਜੱਸਾ ਸਿੰਘ ਆਦਿ ਮੌਜੂਦ ਸਨ।

ਨਗਰ ਕੀਰਤਨ ਦਾ ਸੰਗਤ ਵੱਲੋਂ ਭਰਵਾਂ ਸਵਾਗਤ
ਨਗਰ ਕੀਰਤਨ ਦੇ ਸਾਰੇ ਰਸਤੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਵੱਖ-ਵੱਖ ਥਾਵਾਂ ’ਤੇ ਬਣੇ ਸਵਾਗਤੀ ਗੇਟ ਖੂਬਸੂਰਤ ਦ੍ਰਿਸ਼ ਪੇਸ਼ ਕਰ ਰਹੇ ਸਨ। ਇਤਿਹਾਸਕ 12 ਦਰਵਾਜ਼ਿਆਂ ਨੂੰ ਵੀ ਸਜਾਇਆ ਗਿਆ। ਵੱਖ-ਵੱਖ ਸਭਾ-ਸੁਸਾਇਟੀਆਂ ਦੇ ਨੁਮਾਇੰਦਿਆਂ ਅਤੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਟ ਕੀਤੇ ਅਤੇ ਪੰਜ ਪਿਆਰੇ ਅਤੇ ਨਿਸ਼ਾਨਚੀ ਸਿੰਘਾਂ ਨੂੰ ਸਿਰੋਪਾਓ ਦੇ ਕੇ ਨਿਵਾਜਿਆ।

ਨਗਰ ਕੀਰਤਨ ਦੇ ਰਸਤੇ ਸਕੂਲਾਂ ਕਾਲਜਾਂ ਦੇ ਹਜ਼ਾਰਾਂ ਵਿਦਿਆਰਥੀਆਂ ਕਤਾਰਾਂ ਬਣਾ ਕੇ ਖੜ੍ਹੇ ਹੋਏ ਸਨ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸਮੂਹ ਮੁਲਾਜ਼ਮਾਂ ਨੇ ਪੀਲੀਆਂ ਦਸਤਾਰਾਂ ਤੇ ਧੰਨ ਸ੍ਰੀ ਗੁਰੂ ਰਾਮਦਾਸ ਜੀ ਲਿਖੀਆਂ ਪੱਟੀਆਂ ਸਜ਼ਾ ਕੇ ਨਗਰ ਕੀਰਤਨ ਵਿਚ ਸ਼ਮੂਲੀਅਤ ਕੀਤੀ।

ਸ਼੍ਰੋਮਣੀ ਕਮੇਟੀ ਵੱਲੋਂ ਸਾਰੇ ਰਸਤੇ ਨੂੰ ਚਾਰ ਪੜਾਵਾਂ ’ਚ ਵੰਡ ਕੇ ਲੰਗਰ ਅਤੇ ਜਲ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਸੀ। ਬੀਬੀ ਕੌਲਾਂ ਜੀ ਭਲਾਈ ਕੇਂਦਰ, ਕਾਰ ਸੇਵਾ ਭੂਰੀਵਾਲੇ, ਗੁਰਦੁਆਰਾ ਬਾਬਾ ਬਕਾਲਾ ਸਾਹਿਬ ਪਾਤਸ਼ਾਹੀ ਨੌਵੀਂ ਨੇ ਵੀ ਲੰਗਰਾਂ ਦੀ ਸੇਵਾ ਕੀਤੀ।

ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਪ੍ਰਬੰਧਾਂ ਦੀ ਨਿਗਰਾਨੀ ਕੀਤੀ ਗਈ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁਲਾਜ਼ਮਾਂ ਦੀ ਐਸੋਸੀਏਸ਼ਨ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦਾ ਜੀਵਨ ਅਤੇ ਉਨ੍ਹਾਂ ਦੇ ਉਪਦੇਸ਼ਾਂ ਨੂੰ ਦਰਸਾਉਂਦੇ ਕਿਤਾਬਚੇ ਵੰਡਣ ਦੀ ਸੇਵਾ ਕੀਤਾ ਗਈ। ਇਹ ਟ੍ਰੈਕਟ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਵਿਚ ਸਨ। ਨਗਰ ਕੀਰਤਨ ਵਿਚ ਵੱਖ-ਵੱਖ ਸੂਬਿਆਂ ਤੋਂ ਪੁੱਜੀ ਸੰਗਤ ਨੇ ਸ਼ਮੂਲੀਅਤ ਕੀਤੀ।

ਭਾਈ ਲੌਂਗੋਵਾਲ ਤੇ ਸਿੰਘ ਸਾਹਿਬਾਨ ਵੱਲੋਂ ਸੰਗਤ ਨੂੰ ਪ੍ਰਕਾਸ਼ ਪੁਰਬ ਦੀ ਵਧਾਈ
ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਚੌਥੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਵਧਾਈ ਦਿੱਤੀ।

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦਾ ਜੀਵਨ ਮਨੁੱਖਤਾ ਨੂੰ ਅਗਵਾਈ ਦੇਣ ਵਾਲਾ ਹੈ। ਗੁਰੂ ਸਾਹਿਬ ਵੱਲੋਂ ਵਸਾਇਆ ਅੰਮ੍ਰਿਤਸਰ ਸ਼ਹਿਰ ਅੱਜ ਪੂਰੀ ਦੁਨੀਆਂ ਲਈ ਖਿੱਚ ਦਾ ਕੇਂਦਰ ਹੈ, ਕਿਉਂਕਿ ਇਥੇ ਸਥਿਤ ਮਨੁੱਖਤਾ ਦੇ ਅਧਿਆਤਮਿਕ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸੋਭਾ ਲਾਸਾਨੀ ਹੈ। ਉਨ੍ਹਾਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਨੁਸਾਰ ਜੀਵਨ ਬਤੀਤ ਕਰਨ ਦੀ ਅਪੀਲ ਕਰਦਿਆਂ ਸਿੱਖੀ ਦੀ ਚੜ੍ਹਦੀ ਕਲਾ ਲਈ ਕਾਰਜਸ਼ੀਲ ਰਹਿਣ ਲਈ ਕਿਹਾ।

ਨਗਰ ਕੀਰਤਨ ਦੌਰਾਨ ਹਵਾਈ ਜਹਾਜ਼ ਰਾਹੀਂ ਫੁੱਲਾਂ ਦੀ ਵਰਖਾ
ਚੌਥੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਗਏ ਨਗਰ ਕੀਰਤਨ ਦੌਰਾਨ ਹਵਾਈ ਜਹਾਜ਼ ਦੁਆਰਾ ਕੀਤੀ ਗਈ ਫੁੱਲਾਂ ਦੀ ਵਰਖਾ ਸੰਗਤਾਂ ਲਈ ਖਿੱਚ ਦਾ ਕੇਂਦਰ ਬਣੀ ਰਹੀ। ਲੰਮੇ ਅਰਸੇ ਬਾਅਦ ਜਹਾਜ਼ ਰਾਹੀਂ ਫੁੱਲਾਂ ਦੀ ਵਰਖਾ ਦਾ ਸੰਗਤਾਂ ਨੇ ਮੁੜ ਨਜ਼ਾਰਾ ਤੱਕਿਆ।

ਦੱਸਣਯੋਗ ਹੈ ਕਿ ਕਾਫੀ ਸਾਲ ਬਾਅਦ ਨਗਰ ਕੀਰਤਨ ਦੌਰਾਨ ਹਵਾਈ ਜਹਾਜ਼ ਰਾਹੀਂ ਫੁੱਲਾਂ ਦੀ ਵਰਖਾ ਹੋਈ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧੀ ਵਿਸ਼ੇਸ਼ ਯਤਨ ਕੀਤੇ ਗਏ ਸਨ। ਅੱਜ ਨਗਰ ਕੀਰਤਨ ਦੌਰਾਨ ਕਰੀਬ 40 ਮਿੰਟ ਹਵਾਈ ਜਹਾਜ਼ ਨੇ ਰੰਗ-ਬਿਰੰਗੇ ਫੁੱਲਾਂ ਦੀ ਵਰਖਾ ਕੀਤੀ। ਇਹ ਦ੍ਰਿਸ਼ ਬੇਹੱਦ ਮਨਮੋਹਕ ਸੀ, ਜਿਸ ਦਾ ਸੰਗਤ ਨੇ ਅਨੰਦ ਮਾਣਿਆ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION