26.1 C
Delhi
Saturday, April 20, 2024
spot_img
spot_img

ਸੋਮਵਾਰ ਤੋਂ ਖੁਲ੍ਹਣਗੇ ਪੰਜਾਬ ਦੇ ਸਰਕਾਰੀ ਸਕੂਲ, ਕੈਪਟਨ ਵੱਲੋਂ ਉ.ਪੀ.ਡੀ. ਸੇਵਾਵਾਂ ਤੇ ਚੋਣਵੀਆਂ ਸਰਜਰੀਆਂ ਬਹਾਲ ਕਰਨ ਦੇ ਆਦੇਸ਼

ਯੈੱਸ ਪੰਜਾਬ
ਚੰਡੀਗੜ੍ਹ, 15 ਅਕਤੂਬਰ, 2020:
ਸੂਬੇ ਵਿੱਚ ਕੋਵਿਡ ਕੇਸਾਂ ਦੀ ਘਟਦੀ ਗਿਣਤੀ ਦੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਆਮ ਓ.ਪੀ.ਡੀ. ਸੇਵਾਵਾਂ ਅਤੇ ਚੋਣਵੀਆਂ ਸਰਜਰੀਆਂ ਵਿਆਪਕ ਇਹਤਿਆਤਾਂ ਦੇ ਨਾਲ ਬਹਾਲ ਕਰਨ ਦੇ ਆਦੇਸ਼ ਦਿੱਤੇ ਹਨ ਪਰ ਇਸ ਦੇ ਨਾਲ ਹੀ ਉਨ੍ਹਾਂ ਮਹਾਂਮਾਰੀ ਦੀ ਦੂਜੀ ਲਹਿਰ ਦੀ ਸੰਭਾਵਨਾ ਨੂੰ ਦੇਖਦਿਆਂ ਅਵੇਸਲੇ ਨਾ ਹੋਣ ਬਾਰੇ ਸਾਵਧਾਨ ਵੀ ਕੀਤਾ।

ਮੁੱਖ ਮੰਤਰੀ ਨੇ 19 ਅਕਤੂਬਰ (ਸੋਮਵਾਰ) ਤੋਂ ਸਰਕਾਰੀ ਸਕੂਲ ਵੀ ਖੋਲ੍ਹਣ ਦੀ ਆਗਿਆ ਦਿੱਤੀ ਪਰ ਇਸ ਦੇ ਨਾਲ ਹੀ ਸਕੂਲਾਂ ਦੀ ਪੂਰੀ ਸਾਫ ਸਫਾਈ ਤੇ ਵਿਸ਼ਾਣੂੰ ਮੁਕਤ ਕਰਨ ਦੀ ਪ੍ਰਕਿਰਿਆ, ਮਾਪਿਆਂ ਦੀ ਸਹਿਮਤੀ ਸਣੇ ਸਾਰੀਆਂ ਨਿਰਧਾਰਤ ਸੰਚਾਲਨ ਵਿਧੀਆਂ ਦੀ ਪਾਲਣਾ ਯਕੀਨੀ ਬਣਾਈ ਜਾਵੇ ਜਿਸ ਵਿੱਚ ਵਿਦਿਆਰਥੀਆਂ ਦੀ ਗਿਣਤੀ ਅਤੇ ਸਕੂਲ ਖੁੱਲ੍ਹਣ ਦੇ ਘੰਟੇ ਵੀ ਨਿਰਧਾਰਤ ਕੀਤੇ ਜਾਣ। ਸੂਬੇ ਵਿੱਚ ਕੁਝ ਪ੍ਰਾਈਵੇਟ ਸਕੂਲ ਅੱਜ ਖੱਲ੍ਹ ਗਏ ਹਨ।

ਸਿਹਤ ਤੇ ਮੈਡੀਕਲ ਮਾਹਿਰਾਂ ਵੱਲੋਂ ਸੂਬੇ ਵਿੱਚ ਤਿਉਹਾਰਾਂ ਦੇ ਸੀਜ਼ਨ ਜਾਂ ਸਰਦੀ ਦੇ ਮਹੀਨਿਆਂ ਦੌਰਾਨ ਮਹਾਂਮਾਰੀ ਦੀ ਦੂਜੀ ਲਹਿਰ ਦੀ ਮਾਰ ਪੈਣ ਦੀ ਸੰਭਾਵਨਾਂ ਬਾਰੇ ਕੀਤੀ ਚਿਤਾਵਨੀ ਉਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਆਗਾਮੀ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦਿਆਂ ਸਥਿਤੀਆਂ ਕੰਟੋਰਲ ਵਿੱਚ ਰੱਖਣਾ ਯਕੀਨੀ ਬਣਾਉਣ ਲਈ ਸਾਰੇ ਕਦਮ ਚੁੱਕੇ ਜਾਣ। ਉਨ੍ਹਾਂ ਸਿਹਤ ਤੇ ਮੈਡੀਕਲ ਸਿੱਖਿਆ ਵਿਭਾਗ ਨੂੰ ਮਾਰਕੀਟ ਕਮੇਟੀਆਂ ਦੇ ਨਾਲ ਮਿਲ ਕੇ ਵੱਡੇ ਪੱਧਰ ‘ਤੇ ਮਾਸਕ ਵੰਡਣ, ਲੋਕਾਂ ਨੂੰ ਮਾਸਕ ਪਹਿਨਣ ਅਤੇ ਸਮਾਜਿਕ ਵਿੱਥ ਦੇ ਨਿਯਮਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ।

ਮੁੱਖ ਮੰਤਰੀ ਜੋ ਕੋਵਿਡ ਦੀ ਸਥਿਤੀ ਦੀ ਸਮੀਖਿਆ ਕਰਨ ਲਈ ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ, ਨੇ ਵਿਭਾਗਾਂ ਨੂੰ ਆਖਿਆ ਕਿ ਮੈਡੀਕਲ ਸਟਾਫ ਨੂੰ ਪ੍ਰੇਰਿਤ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਤਕਨੀਸ਼ੀਅਨਾਂ ਆਦਿ ਦੀਆਂ ਖਾਲੀ ਅਸਾਮੀਆਂ ਤੁਰੰਤ ਭਰ ਲਈਆਂ ਜਾਣ ਤਾਂ ਜੋ ਮਹਾਂਮਾਰੀ ਦੀ ਸਥਿਤੀ ਦੌਰਾਨ ਆਮ ਓ.ਪੀ.ਡੀ. ਸੇਵਾਵਾਂ ਤੇ ਚੋਣਵੀਆਂ ਸਰਜਰੀਆਂ ਸੁਚਾਰੂ ਤਰੀਕੇ ਨਾਲ ਕੀਤੀਆਂ ਜਾ ਸਕਣ।

ਸਿਹਤ ਤੇ ਮੈਡੀਕਲ ਖੋਜ ਵਿਭਾਗ ਦੇ ਸਕੱਤਰਾਂ ਨੇ ਮੁੱਖ ਮੰਤਰੀ ਨੂੰ ਓ.ਪੀ.ਡੀਜ਼, ਵਾਰਡ, ਆਪ੍ਰੇਸ਼ਨ ਥਇਏਟਰ ਵਿੱਚ ਇਹਤਿਆਤ ਯਕੀਨੀ ਬਣਾਏ ਰੱਖਣ ਲਈ ਸਾਰੇ ਕਦਮ ਚੁੱਕੇ ਜਾਣਗੇ ਅਤੇ ਨਿਰਧਾਰਤ ਸੰਚਾਲਨ ਵਿਧੀ ਅਤੇ ਲਾਗ ਰੋਕਣ ਲਈ ਰੋਕਥਾਮ ਅਤੇ ਨਿਯੰਤਰਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਮ ਕੀਤਾ ਜਾਵੇਗਾ।

ਡੀ.ਜੀ.ਪੀ. ਦਿਨਕਰ ਗੁਪਤਾ ਨੇ ਮੀਟਿੰਗ ਵਿੱਚ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਪ੍ਰਬੰਧਨ ਕਰਨ ਲਈ ਪੂਰੀ ਤਿਆਰੀ ਕੀਤੀ ਗਈ ਹੈ ਜਿਸ ਵਿੱਚ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨੇ ਅਤੇ ਬਜ਼ਾਰਾਂ, ਰਾਮ ਲੀਲਾ ਵਾਲੇ ਸਥਾਨਾਂ ਉਤੇ ਕੋਵਿਡ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨੀ ਯਕੀਨੀ ਬਣਾਈ ਜਾਵੇਗੀ। ਡੀ.ਜੀ.ਪੀ. ਨੇ ਕਿਹਾ ਕਿ ਪੁਲਿਸ ਫਿਲਹਾਲ ਕਿਸਾਨਾਂ ਦੇ ਵਧਦੇ ਰੋਸ ਪ੍ਰਦਰਸ਼ਨਾਂ ਦੇ ਨਾਲ ਭਾਜਪਾ ਅਤੇ ਆਰ.ਐਸ.ਐਸ. ਆਗੂਆਂ ਦੇ ਘਿਰਾਓ ਉਤੇ ਧਿਆਨ ਕੇਂਦਰਿਤ ਕਰ ਰਹੀ ਹੈ।

ਡੀ.ਜੀ.ਪੀ. ਅਨੁਸਾਰ ਸਤਬੰਰ ਮਹੀਨੇ ਦੌਰਾਨ ਕੋਵਿਡ ਕਾਰਨ 22 ਪੁਲਿਸ ਮੁਲਾਜ਼ਮਾਂ ਨੇ ਆਪਣੀ ਜਾਨ ਗੁਆਈ ਹੈ ਜਿਸ ਨਾਲ ਮ੍ਰਿਤਕ ਪੁਲਿਸ ਮੁਲਾਜ਼ਮਾਂ ਦੀ ਕੁੱਲ ਗਿਣਤੀ 39 ਹੋ ਗਈ। ਇਸ ਵੇਲੇ ਤੱਕ ਕੁੱਲ 434 ਪੁਲਿਸ ਕਰਮੀ ਪਾਜ਼ੇਟਿਵ ਪਾਏ ਗਏ ਹਨ ਅਤੇ ਸਤੰਬਰ ਮਹੀਨੇ ਦੌਰਾਨ 72 ਕੇਸ ਪ੍ਰਤੀ ਦਿਨ ਆਏ ਸਨ ਜੋ ਗਿਣਤੀ ਹੁਣ 10 ਉਤੇ ਆ ਗਈ।

ਸੂਬੇ ਦੀ ਸਿਹਤ ਬਾਰੇ ਮਾਹਿਰਾਂ ਦੀ ਸਲਾਹਕਾਰੀ ਕਮੇਟੀ ਦੇ ਮੁਖੀ ਡਾ. ਕੇ.ਕੇ. ਤਲਵਾੜ ਨੇ ਕਿਹਾ ਕਿ ਭਾਵੇਂ ਪਾਜ਼ੇਟਿਵ ਦਰ ਘਟ ਕੇ 2.60 ਫੀਸਦੀ ਹੋ ਜਾਣਾ ਚੰਗਾ ਸੰਕੇਤ ਹੈ ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਪੰਜਾਬ ਵਿੱਚ ਦੂਜੀ ਲਹਿਰ ਆਉਣ ਬਾਰੇ ਵੀ ਸਾਵਧਾਨ ਕੀਤਾ ਹੈ।

ਉਨ੍ਹਾਂ ਕਿਹਾ ਕਿ ਇਸ ਵੇਲੇ ਇਕ ਦਿਨ ਵਿੱਚ ਸਿਰਫ 500 ਤੋਂ ਵੱਧ ਕੇਸ ਹਨ ਅਤੇ ਅਗਲੇ ਕੁਝ ਦਿਨਾਂ ਦੀਆਂ ਸੰਭਾਵਨਾਵਾਂ ਵੀ ਸਾਕਾਰਤਮਕ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਅਗਾਮੀ ਤਿਉਹਾਰਾਂ ਅਤੇ ਸਿਹਤ ਪ੍ਰਣਾਲੀ ਵਿੱਚ ਚੁਣੌਤੀਆਂ ਦੇ ਨਾਲ ਪੰਜਾਬ ਛੇਤੀ ਹੀ ਦੂਜੀ ਲਹਿਰ ਦੇਖ ਸਕਦਾ ਹੈ।

ਦੁਨੀਆਂ ਦੇ ਵੱਖ-ਵੱਖ ਮੁਲਕਾਂ ਅਤੇ ਇੱਥੋਂ ਤੱਕ ਕਿ ਦਿੱਲੀ ਵਿੱਚ ਦੂਜੀ ਲਹਿਰ ਦੀਆਂ ਘਟਨਾਵਾਂ ਦਾ ਹਵਾਲਾ ਦਿੰਦਿਆਂ ਡਾ. ਤਲਵਾੜ ਨੇ ਕਿਹਾ ਕਿ ਪੰਜਾਬ ਨੂੰ ਉਨ੍ਹਾਂ ਦੇ ਤਜਰਬਿਆਂ ਤੋਂ ਸਬਕ ਲੈਂਦਿਆਂ ਉਸੇ ਮੁਤਾਬਕ ਤਿਆਰੀਆਂ ਕਰਨੀਆਂ ਚਾਹੀਦੀਆਂ ਹਨ। ਸਿਹਤ ਵਿਭਾਗ ਦੀ ਕੋਵਿਡ ਮਾਹਿਰ ਕਮੇਟੀ ਦੇ ਮੈਂਬਰ ਡਾ. ਰਾਜੇਸ਼ ਕੁਮਾਰ ਨੇ ਕਿਹਾ ਕਿ ਭਾਵੇਂ ਨਵੰਬਰ ਮਹੀਨੇ ਸਥਿਤੀ ਸਥਾਈ ਤੌਰ ‘ਤੇ ਕਾਬੂ ਵਿੱਚ ਰਹੇ ਪਰ ਸਰਦ ਰੁੱਤ ਦੀ ਸ਼ੁਰੂਆਤ ਵਿੱਚ ਕੇਸਾਂ ਵਿੱਚ ਵਾਧਾ ਹੋ ਸਕਦਾ ਹੈ।

ਡਾ. ਤਲਵਾੜ ਨੇ ਸੁਝਾਅ ਦਿੱਤਾ ਕਿ ਆਸ਼ਾ ਵਰਕਰਾਂ ਨੂੰ ਆਕਸੀਮੀਟਰ ਮੁਹੱਈਆ ਕਰਵਾਏ ਜਾਣ ਤਾਂ ਕਿ ਉਹ ਆਪੋ-ਆਪਣੇ ਇਲਾਕਿਆਂ ਵਿੱਚ ਜਾਂਚ ਕਰ ਸਕਣ। ਉਨ੍ਹਾਂ ਨੇ ਅੱਗੇ ਦੱਸਿਆ ਕਿ ਹਰੇਕ ਹਸਪਤਾਲ ਵਿੱਚ ਮੌਤ ਦਰ ਦਾ ਆਡਿਟ ਕਰਨ ਲਈ ਮਾਹਿਰਾਂ ਦੀਆਂ ਟੀਮਾਂ ਦਾ ਗਠਨ ਕੀਤਾ ਜਾ ਰਿਹਾ ਹੈ ਤਾਂ ਕਿ ਅੰਤਰ ਦੀ ਸ਼ਨਾਖਤ ਕੀਤੀ ਜਾ ਸਕੇ ਕਿਉਂਕਿ ਸੂਬੇ ਵਿੱਚ ਮੌਤ ਦੀ ਦਰ ਅਜੇ ਵੀ ਵੱਧ ਚੱਲ ਰਹੀ ਹੈ ਜੋ ਕਿ 3.1 ਫੀਸਦੀ ਹੈ।

ਉਨ੍ਹਾਂ ਕਿਹਾ ਕਿ ਇਹ ਇਸ ਤੱਥ ਦੇ ਬਾਵਜੂਦ ਕਿ ਇਕ ਅਕਤੂਬਰ ਨੂੰ ਰਿਕਵਰੀ ਦਰ ਇਕ ਅਕਤੂਬਰ ਨੂੰ 82 ਫੀਸਦੀ ਸੀ ਜੋ 13 ਅਕਤੂਬਰ ਨੂੰ90.3ਫੀਸਦੀ ਤੱਕ ਪਹੁੰਚ ਗਈ ਹੈ ਜਦੋਂ ਸੂਬੇ ਵਿੱਚ ਪੁਸ਼ਟੀ ਕੀਤੇ ਗਏ ਕੇਸਾਂ ਦੀ ਕੁੱਲ ਗਿਣਤੀ 123211 ਸੀ।

ਸਿਹਤ ਸਕੱਤਰ ਹੁਸਨ ਲਾਲ ਨੇ ਕਿਹਾ ਕਿ ਕੇਸਾਂ ਦੀ ਮੌਤ ਦਰ ਅਜੇ ਵੀ ਵੱਧ ਹੈ ਜੋ ਕੌਮੀ ਔਸਤ 81 ਦੇ ਵਿਰੁੱਧ 131 ਹੈ। ਉਨ੍ਹਾਂ ਨੇ ਮੀਟਿੰਗ ਦੌਰਾਨ ਦੱਸਿਆ ਕਿ ਆਉਂਦੇ ਹਫ਼ਤਿਆਂ ਅਤੇ ਮਹੀਨਿਆਂ ਵਿੱਚ ਆਕਸੀਜਨ ਦੀ ਸਪਲਾਈ ਦੀ ਢੁਕਵੀਂ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਪਹਿਲੇ ਪੜਾਅ ਲਈ ਸਪਲਾਈ ਵਧਾਉਣ ਲਈ ਟੈਂਡਰਿੰਗ ਪ੍ਰਕ੍ਰਿਆ ਅਧੀਨ ਹੈ।

ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਨੇ ਮੈਡੀਕਲ ਆਕਸੀਜਨ ਦੀਆਂ ਦਰਾਂ ਤੈਅ ਕੀਤੀਆਂ ਸਨ ਜਿਸ ਵਿੱਚ ਆਕਸੀਜਨ ਸਿਲੰਡਰਾਂ ਦੀ ਆਵਾਜਾਈ ਵੀ ਸ਼ਾਮਲ ਹੈ, ਹਾਲਾਂਕਿ ਅਜੇ ਲਿਕੁਅਡ ਆਕਸੀਜਨ ਦੀ ਆਵਾਜਾਈ ਦੀਆਂ ਦਰਾਂ ਤੈਅ ਨਹੀਂ ਕੀਤੀਆਂ ਗਈਆਂ।

ਪਹਿਲੇ ਪੜਾਅ ਵਿੱਚ ਜਲੰਧਰ, ਲੁਧਿਆਣਾ ਦੇ ਜ਼ਿਲ੍ਹਾ ਹਸਪਤਾਲਾਂ ਅਤੇ ਪਟਿਆਲਾ, ਅੰਮ੍ਰਿਤਸਰ ਅਤੇ ਫਰੀਦਕੋਟ ਦੇ ਮੈਡੀਕਲ ਕਾਲਜਾਂ ਵਿੱਚ ਆਕਸੀਜਨ ਦਾ ਉਤਪਾਦਨ ਕਰਨ ਵਾਲੇ ਪਲਾਂਟ ਸਥਾਪਤ ਕੀਤੇ ਜਾਣਗੇ ਜਿਸ ਤੋਂ ਦੂਜੇ ਪੜਾਅ ਵਿੱਚ ਮਾਨਸਾ, ਸੰਗਰੂਰ, ਬਠਿੰਡਾ ਅਤੇ ਪਟਿਆਲਾ ਦੇ ਜ਼ਿਲ੍ਹਾ ਹਸਪਤਾਲਾਂ ਅਤੇ ਤੀਜੇ ਪੜਾਅ ਵਿੱਚ ਰੋਪੜ, ਫਿਰੋਜ਼ਪੁਰ, ਗੁਰਦਾਸਪੁਰ ਦੇ ਜ਼ਿਲ੍ਹਾ ਹਸਪਤਾਲਾਂ ਵਿੱਚ ਸਥਾਪਤ ਕੀਤੇ ਜਾਣਗੇ।

ਹੁਸਨ ਲਾਲ ਨੇ ਕਿਹਾ ਕਿ ਜਿੱਥੋਂ ਤੱਕ ਪੋਸਟ-ਕੋਵਿਡ ਕਿੱਟਾਂ ਦਾ ਸਬੰਧ ਹੈ, ਸਰਕਾਰੀ ਹਸਪਤਾਲਾਂ ਤੋਂ ਸਿਹਤਯਾਬ ਹੋ ਚੁੱਕੇ ਸਾਰੇ ਮਰੀਜ਼ਾਂ ਨੂੰ ਵੰਡੇ ਜਾਣ ਲਈ ਹੁਣ ਤੱਕ ਵੱਖ-ਵੱਖ ਜ਼ਿਲ੍ਹਿਆਂ ਨੂੰ 10,000 ਕਿੱਟਾਂ ਭੇਜੀਆਂ ਜਾ ਚੁੱਕੀਆਂ ਹਨ।

ਮੈਡੀਕਲ ਸਿੱਖਿਆ ਦੇ ਪ੍ਰਮੁੱਖ ਸਕਤਰ ਡਾ. ਡੀ.ਕੇ. ਤਿਵਾੜੀ ਨੇ ਮੀਟਿੰਗ ਵਿੱਚ ਸਰਕਾਰੀ ਹਸਪਤਾਲਾਂ ਅਤੇ ਪਲਾਜ਼ਮਾ ਸੈਂਟਰਾਂ ਦੀ ਸਥਿਤੀ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION