26.1 C
Delhi
Saturday, April 20, 2024
spot_img
spot_img

ਸੂਰਜ ਦੀ ਸੋਚ, ਸਰਘੀ ਦਾ ਸੁਪਨਾ ਤੇ ਤਲਵਾਰ ਦਾ ਆਸ਼ਕ: ਡਾ. ਅਮਰਜੀਤ ਟਾਂਡਾ

ਗੁਰੂ ਗੋਬਿੰਦ ਸਿੰਘ ਸੂਰਜ ਦੀ ਸੋਚ , ਸਰਘੀ ਦਾ ਸੁਪਨਾ ਤੇ ਅਰਸ਼ ਜੇਡਾ ਬਲੀਆਂ ਦਾ ਦਾਨੀ-ਸ਼ਾਸਤਰ ਅਤੇ ਸ਼ਸਤਰ ਦਾ ਸੁਮੇਲ ਹੈ, ਮਾਡਲ ਹੈ- ਉਹ ਤਲਵਾਰ ਦਾ ਤੇ ਵਾਰ ਦਾ ਧਨੀ, ਬਾਪੂ ਨੂੰ ਕੁਰਬਾਨੀ ਦਾ ਰਾਹ ਦਸਦਾ-ਆਪ ਵੀ ਲਾਡਲੇ ਕੌਮ ਦੇ ਲੇਖੇ ਲਾ ਗਿਆ-ਨਿੱਕੀ ਜੇਹੀ ਉਮਰੇ ਅਰਸ਼ਾਂ ਵਰਗੇ ਉੱਚੇ ਕਰਤਵ ਸ਼ਾਇਦ ਇਸ ਸੂਰਮੇ ਦੇ ਹੀ ਹਿੱਸੇ ਆਏ ਸਨ-ਬਾਪ ਪਾਗਲ ਹੋ ਜਾਂਦੇ ਹਨ, ਮਾਵਾਂ ਮਰ ਮਿਟਦੀਆਂ ਹਨ- ਲਾਡਲਿਆਂ ਦੇ ਵਿਛੜਣ ਤੇ-ਪਰ ਉਹ ਪਤਾ ਨਹੀ ਕਿਸ ਮਿੱਟੀ ਚੋਂ ਉਪਜਿਆ-ਤੀਰਾਂ ਦਾ ਨਿਸ਼ਾਨਚੀ, ਖੰਜ਼ਰ ਦਾ ਪਿਤਾਮਾ, ਤਲਵਾਰ ਦਾ ਆਸ਼ਕ-ਉਹਨੇ ਇੱਕ ਹੰਝੂ ਵੀ ਨਾ ਕੇਰਿਆ।ਵਿਸਾਖੀ -ਪੰਜਾਬ ਦਾ ਉੱਤਮ ਤੇ ਪ੍ਰਸਿੱਧ ਤਿਉਹਾਰ ਹੈ- ਗਿੱਧੇ, ਭੰਗੜੇ ਰਾਹੀਂ ਖੁਸ਼ੀ ਨੂੰ ਜ਼ੋਰ-ਸ਼ੋਰ ਨਾਲ ਮਨਾਉਂਣ ਨੂੰ ਕਿਹਦਾ ਦਿੱਲ ਨਹੀ ਕਰਦਾ।

ਕਣਕਾਂ ਨਾਲ ਭੜੋਲੇ ਕੋਠੀਆਂ ਤਾਂ ਭਰਦੀਆਂ ਹੀ ਹਨ-ਨਾਲ ਦੀ ਨਾਲ ਅੰਨ ਦਾਤਾ, ਖੇਤਾਂ ਦਾ ਸ਼ਹਿਨਸ਼ਾਹ ਲੋਕਾਈ ਦੀ ਵੀ ਭੁੱਖ ਦੂਰ ਕਰਦਾ ਆਪ ਵੀ ਹਿੱਕ ਕੱਢ ਕੇ ਚਾਰ ਦਿਨ ਟੁਰਦਾ ਹੈ, ਗੋਬਿੰਦ ਦੀ ਫ਼ੌਜ਼ ਦਾ ਸੈਨਕ। ਗੁਰੂ ਗੋਬਿੰਦ ਸਿੰਘ ਪਹਿਲਾਂ ਤੋਂ ਹੀ ਇਸ ਦੇ ਸਿਰਜਕ ਰਹੇ ਹਨ ਅਤੇ ਇਸੇ ਹੀ ਤਿਉਹਾਰ ਦੇ ਆਗਮਨ ‘ਤੇ ਖ਼ਾਲਸਾ ਪੰਥ ਦੀ ਸਿਰਜਣਾ ਦਾ ਅਨੋਖਾ, ਸੱਚਾ ਸੁੱਚਾ ਤੇ ਇਨਕਲਾਬੀ ਰਿਸ਼ਮਾਂ ਵਾਲਾ ਸੰਸਕਾਰ ਉਹਨੇ ਹੀ ਪਹਿਲੀ ਵਾਰ ਸਾਜਿਆ।

ਇੱਕ ਖਾਲਸ–ਸੱਚੀ ਸੁੱਚੀ ਫ਼ੌਜ਼ ਦਾ ਰਚੇਤਾ,ਲੀਡਰ ਮੁੜ ਲੱਭਣਾ ਕਠਨ ਹੋ ਗਿਆ ਹੈ। ਕਾਲ ਦੇ ਭੈਅ ਤੋਂ ਉਹਦਾ ਖਾਲਸਾ ਮੁਕਤ ਹੋ ਕੇ ਅਕਾਲ ਸ਼ਕਤੀ ਵਿਚ ਤਰੰਗਿਤ ਹੋ ਜਾਂਦਾ ਹੈ-ਸ਼ਾਸਤਰ ਨੂੰ ਸ਼ਸਤਰ ਦੀ ਹੋਂਦ ਮਿਲ ਗਈ-ਥਿੜਕਦੀ ਕੌਮ ਦੀ ਨੀਂਹ ਬਲਵਾਨ ਬਣ ਗਈ। ਅਕਾਲ ਜੋ ਰਾਖਾ, ਕਿਰਪਾਲੂ ਤੇਗ ਦਾ ਧਨੀ ਵੀ ਹੈ- ‘ਗਰਬ ਗੰਜਨ ਦੁਸ਼ਟ ਸੂਰਜ ਸ਼ਕਤੀ ਵੀ ਹੈ-ਉਹਦੇ ਨਾਲ ਰਚਮਿਚ ਸਾਰੇ ਸੰਸੇ ਖਤਮ ਹੋ ਜਾਂਦੇ ਹਨ–

ਗੋਬਿੰਦ ਸ਼ਬਦ ਸੁਚੇਤ ਪੱਧਰ ਤੋਂ ਉਪਰ ਬੈਠਾ ਹੈ- ਗੋਬਿੰਦ ਨੇ ਵਿਭਿੰਨ ਭ੍ਰਾਂਤੀਆਂ ਅਤੇ ਹੀਣ-ਭਾਵਨਾਵਾਂ ਵਾਲਿਆਂ ਨੂੰ ਸ਼ਬਦ ਤੇ ਤੀਰ ਵੰਡੇ। ਉਹਨੇ ਕੌਮ ਦੀ ਮਾਨਸਿਕਤਾ ਚੋਂ ਗੁਲਾਮੀ ਮਾਰੀ ਤੇ ਯੋਧਿਆਂ ਦੇ ਸਿਰਤਾਜ ਬਣੇ। ਸੱਚ ਦੇ ਸਫਿ਼ਆਂ ਚੋਂ ਖਾਲਸਾ ਸਾਜ ਕੇ ਨਵਾਂ ਨਿਰਾਲਾ ਜੇਹਾ ਵਰਕਾ ਥੱਲਿਆ। ਖਾਲਸੇ ਦੇ ਸੰਕਲਪ ਵਿਚੋਂ ਹੀ ਗੋਬਿੰਦ ਸ਼ਬਦ ਉਪਜਿਆ ਸੀ ਕਦੇ।

ਲ਼ੋਕੋ ਲੱਭ ਕੇ ਲਿਆਓ ਕਿਤਿਓਂ-ਉਹ ਲੀਡਰ-ਨਹੀਂ ਤਾਂ ਇਹ ਕੌਮ ਖਿੰਡ ਚੱਲੀ ਹੈ- ਕਿਤਿਓਂ ਭਾਲੋ ਉਹੀ ਇਖਲਾਕ ਦਾ ਚਿਹਰਾ ਜੋ ਅੱਜ ਦੇ ਸਵੇਰਿਆਂ ਚ ਨਵਾਂ ਜੇਹਾ ਸੂਰਜ ਬਣ ਕੇ ਉਦੈ ਹੋਵੇ-!!!!!!

ਗੋਬਿੰਦ ਜਾਇਆ ਨਾ ਕਿਸੇ ਦੀ ਈਨ ਪ੍ਰਵਾਨ ਕਰੇ ਨਾ ਹੀ ਈਨ ਮੰਨਵਾਏ। ਉਹਦਾ ਕਰਮ ਸ਼ੁੱਭ ਅਮਲ ਦੀਆਂ ਪੈੜਾਂ ਤੇ ਪੱਬ ਧਰਦਾ ਹੈ। ਜਦੋਂ ਸ਼ੁੱਭ ਕਰਮ ਜੂਝ ਮਰਨਾ ਹੋ ਜਾਵੇ-ਮਨ ਚਿੱਤ ਚ ਦਰਿੜ ਇਰਾਦਾ ਉੱਗ ਆਵੇ, ਸੇਧ ਤੇ ਤਲਵਾਰ ਗੋਬਿੰਦ ਦੀ ਹੋਵੇ, ਜਿੱਤ ਨਿਸ਼ਚੈ ਹੀ ਹੋ ਜਾਂਦੀ ਹੈ- ਦਰਿੜਤਾ ਇੱਕ ਕਰਮ ਹੈ ਸੱਚਾ ਸੁੱਚਾ-ਇਸ਼ਕ ਹੈ ਗੋਬਿੰਦ ਸ਼ਬਦ ਦਾ, ਮੁਹੱਬਤ ਹੈ-ਸੱਥਰਾਂ ਤੇ ਸੌਣ ਵਾਲੇ ਨਾਲ।

‘ਜਬ ਆਵ ਕੀ ਅਉਧ ਨਿਦਾਨ ਬਨੈ, ਅਤ ਹੀ ਰਨ ਮੈਂ ਤਬ ਜੂਝ ਮਰੋ।’ ਜਦੋਂ ਸੀਨੇ ਚ ਗੋਬਿੰਦ ਸ਼ਬਦ ਹੋਵੇ ਤੇ ਕਰਮ ਵਿਚ ਜੂਝਣ ਦਾ ਚਾਓ ਚਮਕੇ-ਓਦੋਂ ਹਰ ਪਾਸੇ ਹੀ ਜਿੱਤ ਹੁੰਦੀ ਹੈ। ਓਦੋਂ ਹੀ ਜ਼ਫਰਨਾਮਾ ਜਨਮ ਲੈਂਦਾ ਹੈ-ਦੋਸਤੋ। ਗੋਬਿੰਦ ਮਾਡਲ ਸ਼ਾਸਤਰ ਅਤੇ ਸ਼ਸਤਰ ਚੜ੍ਹਦੀ ਕਲਾ ਵਾਲਾ ਹੈ ਜੋ ਭਵਿੱਖਮੁਖੀ, ਨਵੀਂ ਪੈੜ੍ਹ ਤੇ ਸਰੋਂ੍ਹ ਦੇ ਫੁੱਲਾਂ ਵਰਗਾ ਤਾਰੀਖ਼ ਦਾ ਪੰਨਾ ਹੈ।

ਗੋਬਿੰਦ ਸ਼ਬਦ ਸ਼ਕਤੀ ਦਾ ਰਹੱਸ ਹੈ ਕਿ ਉਨ੍ਹਾਂ ਸੰਕਲਪਾਂ ਨੂੰ ਵਿਹਾਰਕ ਝਰੋਖੇ ‘ਚੋਂ ਉਸਾਰਕੇ ਇਤਿਹਾਸ ਦੇ ਪੰਨਿਆਂ ਤੇ ਜੜ੍ਹ ਦਿਤਾ- ਜੋ ਇਨਸਾਨੀਅਤ ਦਾ ਗੌਰਵ ਅਤੇ ਸਵੈ-ਮਾਣ ਬਣਿਆ-ਰਾਹ ਉਕਰਿਆ, ਪੈੜ ਪਾਈ ਗਈ। ਚਿੰਤਨ ਅਤੇ ਚੇਤਨਾ ਚ ਗੋਬਿੰਦ ਨੇ ਨਿਵੇਕਲੇ ਜੇਹੇ ਸਫ਼ੇ ਸਿਰਜੇ-ਜਿਨ੍ਹਾਂ ਦੀ ਪ੍ਰਾਸੰਗਿਕਤਾ ਵਰਤਮਾਨ ਸਮੇਂ ਦੇ ਸੀਨੇ ਉਪਰ ਵੀ ਅਰਸ਼ ਵਰਗਾ ਹੀ ਸਤੰਬ ਹੈ-ਮੀਨਾਰ ਹੈ ਅੰਬਰ ਦੇ ਬਨੇਰੇ ‘ਤੇ।

ਤਾਰੀਖ ਦੇ ਪੰਨੇ ਤੇ ਚਿੰਤਨ ਅਤੇ ਚੇਤਨ ਵਿਚ ਜਿਹੜਾ ਨਵਾਂ ਅਧਿਆਇ ਗੋਬਿੰਦ ਨੇ ਸ਼ੁਰੂ ਕੀਤਾ ਸੀ-ਉਹਦਾ ਕਿਤੇ ਵੀ ਨਿਸ਼ਾਨ ਨਹੀ ਮਿਲਦਾ –ਜੋ ਰੁਲਦਾ ਜਾ ਰਿਹਾ ਹੈ ਲੋਕੋ! ਜੇ ਇਹੀ ਸਾਡੇ ਵਿਹੜਿਆਂ ਚ ਸੋਚ ਬਣੀ ਰਹੀ, ਜੋ ਅੱਜਕਲ ਵਿਚਰ ਵਾਪਰ ਰਿਹਾ ਹੈ ਤਾਂ ਗੋਬਿੰਦ ਦੇ ਤੀਰ ਇੱਕ 2 ਕਰਕੇ ਸਾਨੂੰ ਪੁੱਛਣਗੇ-ਬਾਪੂ ਦੇ ਸੀਸ ਦੀ ਤਾਰੀ ਕੀਮਤ, ਤੋਤਲੀ ਉਮਰੇ ਸਾਡੇ ਵਾਸਤੇ ਚਿਣੇ ਨੀਹਾਂ ਚ ਪਿਆਰੇ ਤੇ ਨਿਆਰੇ ਲਾਡਲੇ ਜੇਹੇ ਬੋਲ ਤੇ ਸੀਨੇ। ਮਾਂ ਗੁਜਰੀ ਦੀ ਹਿੱਕ ਫਿਰ ਭੁੱਬਾਂ ਮਾਰ ਕੇ ਤੜਪੇਗੀ,ਭਾਂਵੇਂ ਕਿ ਉਸ ਨੇ ਓਦੋਂ ਅੱਥਰੂ ਵੀ ਨਹੀਂ ਸੀ ਕੇਰਿਆ-ਕੌਮ ਕੁਰਾਹੇ ਪੈ ਚੱਲੀ ਹੈ, ਗੋਬਿੰਦ ਦੀਆਂ ਪੈੜਾਂ ਤੋਂ ਪਰ੍ਹੇ ਹੋਈ ਜਾ ਰਹੀ ਹੈ-

ਗੋਬਿੰਦ ਨੇ ਭਗੌਤੀ ਨੂੰ ਸਿਮਰ ਕੇ ਪੰਥ ਸਾਜਿਆ ਸੀ–ਏਸੇ ਕਰਕੇ ਪੰਥ ਦੀ ਸੁਰਤਿ ਵਿਚ ਸ਼ਸਤਰ ਦੀ ਉਪਾਸਨਾ ਹੋਈ ਤੇ ਹਮੇਸ਼ਾਂ ਨਿਆਰਾ ਤੇ ਨਿਰਾਲਾ ਰਿਹਾ ਹੈ- ਨਵੇਂ ਚਰਿਤਰ ਵਾਲਾ –ਕਿਉਂਕਿ ਉਹਦੇ ਚਿੱਤ ਵਿਚ ਯੁੱਧ ਅਤੇ ਮੁੱਖ ਵਿਚ ਨਾਨਕ ਹੈ। ਸ਼ਾਸਤਰ ਅਤੇ ਸ਼ਸਤਰ ਦਾ ਸੰਗਮ ਹੋ ਗਿਆ ਹੈ। ਮਜਲੂਮ ਦਾ ਰੱਖਿਅਕ ਹੈ- ਗੋਬਿੰਦ।

ਰਚਨਾਤਮਿਕ ਪੈੜਾਂ………
ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ॥
ਤੁਧੁ ਬਿਨੁ ਰੋਗੁ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ ॥
ਰੇ ਮਨ ਇਹਿ ਬਿਧਿ ਜੋਗੁ ਕਮਾਓ ॥
ਸਿੰਙੀ ਸਾਚ ਅਕਪਟ ਕੰਠਲਾ ਧਿਆਨ ਬਿਭੂਤ ਚੜ੍ਹਾਓ ॥

ਪ੍ਰਭਜੂ ਤੋਕਹਿ ਲਾਜ ਹਮਾਰੀ ॥
ਨੀਲ ਕੰਠ ਨਰਹਰਿ ਨਾਰਾਇਣ ਨੀਲ ਬਸਨ ਬਨਵਾਰੀ

ਜਾਗਤਿ ਜੋਤ ਜਪੈ ਨਿਸ ਬਾਸੁਰ ਏਕ ਬਿਨਾ ਮਨ ਨੈਕ ਨ ਆਨੈ ॥
ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ ॥

ਸ਼ਾਸਤਰ ਅਤੇ ਸ਼ਸਤਰ ਦੇ ਮਾਡਲ ਰਾਹੀਂ ਸਗਲ ਜਮਾਤ ਸਾਜ ਕੇ ਇਕ ਖਾਲਸ ਹਾਰ ਪਰੋਇਆ ਜਿਸਦੇ ਫੁੱਲ ਪੱਤੀਆਂ ਰੰਗ ਬਿਰੰਗੇ ਤੇ ਸੂਹੇ ਸਨ। ਉਹ ਲਤਾੜੀਆਂ ਰੂਹਾਂ ਤੇ ਪੀੜਿਤ ਆਤਮਾਵਾਂ ਚ ਸਵੈਮਾਣ ਦਾ ਦੀਪਕ ਹੈ। ਅਮਰ ਸਿਰਜਣਾ ਚ ਮਾਨਵੀ ਮੁਕਤੀ ਲਈ ਕਰਮਸ਼ੀਲਤਾ ਦੀ ਤਸਵੀਰ ਹੈ- ਜੋ ਸਦਾ ਹੀ ਇਤਿਹਾਸ ਦੀ ਹਿੱਕ ਤੇ ਜੜ੍ਹੀ ਰਹੇਗੀ, ਜਿਸ ਨੇ ਜੂਝਣ ਚੋਂ ਆਪਣੇ ਅਰਥ ਭਾਲੇ ਸਨ ਤੇ ਸੰਸਾਰ ਨੂੰ ਭੇਟ ਕੀਤੇ ਵਿਸਾਖੀ ਵਰਗੇ ਨਵੀਨ ਦਿੰਹੁ ਜੋ ਕਦੇ ਵੀ ਸ਼ੇਰਾਂ ਦੀ ਕੌਮ ਨੂੰ ਨਹੀਂ ਭੁੱਲਣਗੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION