37.8 C
Delhi
Thursday, April 25, 2024
spot_img
spot_img

ਸੁਖ਼ਬੀਰ ਬਾਦਲ ਵੱਲੋਂ ਲੁਧਿਆਣਾ ਜੇਲ੍ਹ ’ਚ ਕੈਦੀਆਂ ਦੀ ਹਿੰਸਾ ਬਹਿਬਲ ਕਲਾਂ ਗੋਲੀਕਾਂਡ ਨਾਲ ਕਰਨ ’ਤੇ ‘ਉੱਬਲੇ’ ਰੰਧਾਵਾ: ਪੜ੍ਹੋ ਕੀ ਕਿਹਾ

ਚੰਡੀਗੜ੍ਹ, 1 ਜੁਲਾਈ, 2019:
ਲੁਧਿਆਣਾ ਕੇਂਦਰੀ ਜੇਲ੍ਹ ਮੰਤਰੀ ਵਿੱਚ ਕੈਦੀਆਂ ਵੱਲੋਂ ਕੀਤੀ ਹਿੰਸਾ ਉਪਰ ਟਿੱਪਣੀਆਂ ਕਰ ਕੇ ਸਿਆਸੀ ਰੋਟੀਆਂ ਸੇਕਣ ਵਾਲੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਚਿੱਠੀ ਲਿਖ ਕੇ ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਵੰਗਾਰਦਿਆਂ ਕਿਹਾ ਹੈ ਕਿ ਜੇਕਰ ਸਾਬਕਾ ਗ੍ਰਹਿ ਮੰਤਰੀ ਨੂੰ ਜੇਲ੍ਹ ਮੈਨੂਅਲ ਬਾਰੇ ਪਤਾ ਹੁੰਦਾ ਤਾਂ ਉਹ ਉਨ੍ਹਾਂ ਦਾ ਅਸਤੀਫਾ ਮੰਗ ਕੇ ਆਪਣੇ ਬੌਧਿਕ ਹਲਕੇਪਣ ਦਾ ਪ੍ਰਗਟਾਵਾ ਨਾ ਕਰਦੇ।

ਸ. ਰੰਧਾਵਾ ਨੇ ਸਾਬਕਾ ਉਪ ਮੁੱਖ ਮੰਤਰੀ ਨੂੰ ਚਿੱਠੀ ਲਿਖਦਿਆਂ ਕਿਹਾ ਹੈ ਕਿ ਜੇਕਰ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਜੇਲ੍ਹ ਮੈਨੂਅਲ ਨਹੀਂ ਪੜ੍ਹੇ ਤਾਂ ਉਹ ਹੁਣ ਜੇਲ੍ਹ ਮੈਨੂਅਲ ਦੀ ਧਾਰਾ 363 ਤੋਂ 367 ਪੜ੍ਹ ਲੈਣ (ਜਿਸ ਨੂੰ ਪੱਤਰ ਨਾਲ ਨੱਥੀ ਕੀਤਾ ਹੈ) ਜਿਸ ਵਿੱਚ ਸਪੱਸ਼ਟ ਲਿਖਿਆ ਹੈ ਕਿ ਜੇਲ੍ਹ ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਨਜਿੱਠਣ ਲਈ ਹਥਿਆਰ ਚਲਾਉਣ ਦੇ ਜੇਲ੍ਹ ਅਧਿਕਾਰੀਆਂ ਨੂੰ ਪੂਰਨ ਅਧਿਕਾਰ ਹੁੰਦੇ ਹਨ।

ਸ. ਰੰਧਾਵਾ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਲੁਧਿਆਣਾ ਵਿੱਚ ਕੈਦੀਆਂ ਵੱਲੋਂ ਕੀਤੀ ਹਿੰਸਾ ਉਪਰੰਤ ਕੀਤੀ ਗੋਲਾਬਾਰੀ ਦੀ ਤੁਲਨਾ ਬਹਿਬਲ ਕਲਾਂ ਗੋਲੀ ਕਾਂਡ ਨਾਲ ਕਰ ਕੇ ਸਿੱਖ ਕੌਮ ਦੀ ਤੌਹੀਨ ਕੀਤੀ ਹੈ ਜਿਸ ਲਈ ਉਹ ਸਮੁੱਚੀ ਸਿੱਖ ਕੌਮ ਤੋਂ ਮੁਆਫੀ ਮੰਗੇ।

ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ਵਿਖੇ ਸ਼ਾਂਤਮਈ ਤਰੀਕੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਦੋਸ਼ੀਆਂ ਨੂੰ ਫੜਾਉਣ ਦੀ ਮੰਗ ਕਰਦਿਆਂ ਗੁਰਬਾਣੀ ਕੀਰਤਨ ਕਰ ਰਹੇ ਸਿੱਖਾਂ ਦੀ ਤੁਲਨਾ ਕੈਦੀਆਂ ਨਾਲ ਬਿਲਕੁਲ ਨਹੀਂ ਕੀਤੀ ਜਾ ਸਕਦੀ। ਅਕਾਲੀ ਦਲ ਦੇ ਪ੍ਰਧਾਨ ਵੱਲੋਂ ਅਜਿਹੀ ਕੀਤੀ ਤੁਲਨਾ ਕਿਧਰੇ ਵੀ ਹਜ਼ਮ ਹੋਣ ਵਾਲੀ ਗੱਲ ਨਹੀਂ।

ਸੀਨੀਅਰ ਕਾਂਗਰਸੀ ਆਗੂ ਨੇ ਅਕਾਲੀ ਦਲ ਪ੍ਰਧਾਨ ਨੂੰ ਇਹ ਵੀ ਚੇਤੇ ਕਰਵਾਇਆ ਹੈ ਕਿ ਕਿਵੇਂ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਗੈਂਗਸਟਰ ਜੇਲ੍ਹਾਂ ਵਿੱਚੋਂ ਭੱਜਦੇ ਰਹੇ। ਉਨ੍ਹਾਂ ਕੁਝ ਪਿਛਲੀਆਂ ਘਟਨਾਵਾਂ ਦੇ ਵੇਰਵੇ ਦਿੰਦਿਆਂ ਸੁਖਬੀਰ ਸਿੰਘ ਬਾਦਲ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ ਨਾਭਾ ਜੇਲ੍ਹ ਵਿੱਚੋਂ ਵਿੱਕੀ ਗੌਂਡਰ ਸਣੇ ਕਈ ਗੈਂਸਸਟਰ ਫਰਾਰ ਹੋਏ ਸਨ ਜਿਨ੍ਹਾਂ ਨੂੰ ਫੜਨ ਵਿੱਚ ਸਰਕਾਰ ਨਾਕਾਮ ਰਹੀ।

2015 ਵਿੱਚ ਬਠਿੰਡਾ ਜੇਲ੍ਹ ਵਿੱਚ ਗੋਲੀ ਚੱਲਣ ਨਾਲ ਦੋ ਕੈਦੀ ਜ਼ਖ਼ਮੀ ਹੋਏ। ਇਸ ਘਟਨਾ ਵਿੱਚ ਬਦਨਾਮ ਅਪਰਾਧੀ ਗੁਰਜੀਤ ਸਿੰਘ ਮਹਿਲਕਲਾਂ ਸ਼ਾਮਲ ਸੀ। ਇਸੇ ਤਰ੍ਹਾਂ 2016 ਵਿੱਚ ਫੇਰ ਬਠਿੰਡਾ ਜੇਲ੍ਹ ਵਿੱਚ ਹਿੰਸਾ ਹੋਈ। 2011 ਵਿੱਚ ਕਪੂਰਥਲਾ ਜੇਲ੍ਹ ਵਿੱਚ ਹਿੰਸਾ ਹੋਈ। ਅੰਮ੍ਰਿਤਸਰ ਜੇਲ੍ਹ ਵਿੱਚ ਤਿੰਨ ਵਾਰ (7 ਜਨਵਰੀ 2008, 31 ਜਨਵਰੀ 2008 ਤੇ 29 ਅਗਸਤ 2008) ਦੰਗੇ ਹੋਏ।

ਪੰਜਾਬ ਦੀਆਂ ਜੇਲ੍ਹਾਂ ਵਿੱਚ ਸੀ.ਆਰ.ਪੀ.ਐਫ. ਤਾਇਨਾਤ ਕੀਤੇ ਜਾਣ ਸਬੰਧੀ ਜੇਲ੍ਹ ਮੰਤਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾਂ ਹੀ ਇਸ ਦੀ ਮੰਗ ਕੀਤੀ ਜਾ ਚੁੱਕੀ ਹੈ ਜਿਸ ਸਬੰਧੀ 8 ਅਕਤੂਬਰ 2018 ਨੂੰ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਪਹੁੰਚ ਕੀਤੀ ਗਈ ਸੀ।

ਉਨ੍ਹਾਂ ਸੁਖਬੀਰ ਬਾਦਲ ਨੂੰ ਕਿਹਾ ਕਿ ਉਨ੍ਹਾਂ ਦੀ ਕੇਂਦਰ ਸਰਕਾਰ ਵਿੱਚ ਭਾਈਵਾਲੀ ਹੈ ਅਤੇ ਜੇ ਉਹ ਸੱਚਮੁੱਚ ਪੰਜਾਬ ਦੀਆਂ ਜੇਲ੍ਹਾਂ ਦੀ ਸੁਰੱਖਿਆ ਬਾਰੇ ਚਿੰਤਤ ਹਨ ਤਾਂ ਆਪਣੇ ਭਾਈਵਾਲਾਂ ਨੂੰ ਕਹਿ ਕੇ ਪੰਜਾਬ ਦੀਆਂ ਉਚ ਸੁਰੱਖਿਆ ਜੇਲ੍ਹਾਂ ਵਿੱਚ ਸੀ.ਆਰ.ਪੀ.ਐਫ. ਦੀ ਤਾਇਨਾਤੀ ਕਰਵਾਉਣ।

ਅੰਤ ਵਿੱਚ ਸ. ਰੰਧਾਵਾ ਨੇ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਉਨ੍ਹਾਂ ਵੱਲੋਂ ਲਿਖੇ ਇਸ ਪੱਤਰ ਦੀ ਕਿਸੇ ਵੀ ਦਲੀਲ ਬਾਰੇ ਜੇ ਕੋਈ ਸਪੱਸ਼ਟੀਕਰਨ ਲੈਣਾ ਹੋਵੇ ਤਾਂ ਉਹ ਪੁੱਛ ਸਕਦੇ ਹਨ ਤਾਂ ਜੋ ਉਨ੍ਹਾਂ ਦੇ ਗਿਆਨ ਵਿੱਚ ਹੋਰ ਵਾਧਾ ਕੀਤਾ ਜਾ ਸਕੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION